ਕੌੜਾ ਸੱਚ- ਪੁਲਿਸ ਦਾ Negative ਪ੍ਰਭਾਵ- ਕਾਨੂੰਨ ਨਹੀਂ ਦਬਾਅ ਹੇਠ ਕਰਦੀ ਕਾਰਵਾਈ ਕਰਦੀ ਐ ਪੁਲਿਸ!
ਹਰਿੰਦਰ ਨਿੱਕਾ , ਬਰਨਾਲਾ 21 ਜੂਨ 2023
ਪੁਲਿਸ ਕਾਨੂੰਨ ਅਨੁਸਾਰ ਨਹੀਂ, ਬਲਕਿ ਦਬਾਅ ਦਾ ਹੀ ਪ੍ਰਭਾਵ ਮੰਨ ਕੇ ਹੀ ਕਾਰਵਾਈ ਕਰਦੀ ਹੈ ! ਲੋਕਾਂ ਅੰਦਰ ਅਜਿਹਾ ਪ੍ਰਭਾਵ ਲੰਘੇ 8 ਦਿਨ ਪਹਿਲਾਂ ਨਗਰ ਕੌਂਸਲ ਦਫਤ਼ਰ ਬਰਨਾਲਾ ਵਿਖੇ ਇੱਕੋ ਦਿਨ ,ਤੇ ਇੱਕੋਂ ਸਮੇਂ ਵਾਪਰੀ ਇੱਕੋ ਘਟਨਾ ਸਬੰਧੀ ਪਿਛਲੇ ਦੋ ਦਿਨਾਂ ‘ਚ ਥਾਣਾ ਸਿਟੀ 1 ਬਰਨਾਲਾ ਵਿੱਚ ਦਰਜ਼ ਦੋ ਵੱਖ ਵੱਖ ਐਫ.ਆਈ.ਆਰ. ਤੋਂ ਸਾਫ ਝਲਕਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸ਼ਹਿਰ ਅੰਦਰ ਕੀਤੇ ਰੋਸ ਮੁਜਾਹਰੇ ਦਾ ਕਥਿਤ ਤੌਰ ਪਰ ਦਬਾਅ ਮੰਨ ਕੇ ਪੁਲਿਸ ਨੇ ਨਗਰ ਕੌਂਸਲ ਦੇ ਜੇ.ਈ. ਸਲੀਮ ਮੁਹੰਮਦ , ਕਲਰਕ ਪ੍ਰਿੰਸ ਉਰਫ ਗੁਰਪਿਆਰ ਸਿੰਘ ਅਤੇ ਹੋਰ ਅਣਪਛਾਤਿਆਂ ਖਿਲਾਫ ਅਰੁਣ ਕਮਾਰ ਵਾਹਿਗੁਰੂ ਸਿੰਘ ਦੇ ਬਿਆਨ ਪਰ ਕੇਸ ਦਰਜ ਕੀਤਾ ਗਿਆ। ਬਿਲਕੁਲ ਇਸੇ ਤਰਜ਼ ਤੇ ਅੱਜ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ, ਨਤੀਜੇ ਵਜੋਂ ਪੁਲਿਸ ਨੇ ਜੇ.ਈ. ਸਲੀਮ ਮੁਹੰਮਦ ਦੇ ਬਿਆਨ ਪਰ ਪਹਿਲੇ ਕੇਸ ਦੇ ਮੁਦਈ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਦੇ ਖਿਲਾਫ ਐਫ.ਆਈ.ਆਰ. ਦਰਜ ਕਰ ਦਿੱਤੀ ਹੈ। ਪੁਲਿਸ ਨੇ ਅਜਿਹਾ ਕਰਕੇ, ਦੋਵਾਂ ਧਿਰਾਂ ਨੂੰ ਹੀ ਖੁਸ਼ ਕਰਨ ਦੀ ਨੀਤੀ ਅਪਣਾਈ ਹੈ। ਦੋਵਾਂ ਕੇਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਅਨੁਸਾਰ ਗੈਰ ਜਮਾਨਤੀ ਜੁਰਮ ਨਹੀਂ ਲਗਾਇਆ ਹੈ। ਉੱਧਰ ਅਰੁਣ ਕੁਮਾਰ ਵਾਹਿਗੁਰੂ ਸਿੰਘ ਨੇ ਖੁਦ ਤੇ ਦਰਜ ਹੋਏ ਕੇਸ ਨੂੰ ਨਿਰਾ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਘਟਨਾ ਇੱਕ ਵਾਪਰੀ ਹੈ, ਪੁਲਿਸ ਨੇ ਮੇਰੀ ਕਾਰਵਾਈ ਤਫਤੀਸ਼ ਉਪਰੰਤ ਕੀਤੀ ਹੈ। ਜਦੋਂਕਿ ਮੇਰੇ ਖਿਲਾਫ ਕਾਰਵਾਈ ਪਹਿਲਾਂ ਅਤੇ ਪੁਲਿਸ ਤਫਤੀਸ਼ ਬਾਅਦ ਵਿੱਚ ਕਰਨ ਬਾਰੇ ਕਹਿ ਰਹੀ ਹੈ। ਉਨਾਂ ਕਿਹਾ ਕਿ ਮੈਂ ਇਨਸਾਫ ਅਤੇ ਕਲੋਨਾਈਜਰ ਦੀਆਂ ਕੋਂਸਲ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜ਼ਾਰੀ ਬੇਨਿਯਮੀਆਂ ਖਿਲਾਫ ਲੜਾਈ ਜ਼ਾਰੀ ਰੱਖਾਂਗਾ। ਉਨਾਂ ਕਿਹਾ ਕਿ ਮੇਰੇ ਖਿਲਾਫ ਦਰਜ਼ ਝੂਠਾ ਕੇਸ ਮੇਰੀ ਅਵਾਜ ਨੂੰ ਬੰਦ ਕਰਵਾਉਣ ਦੀ ਨਾਕਾਮ ਕੋਸ਼ਿਸ਼ ਹੈ।
ਕੀ ਕਹਿਦੀ ਹੈ ਅੱਜ ਦਰਜ਼ ਹੋਈ FIR
ਨਗਰ ਕੌਂਸਲ ਬਰਨਾਲਾ ਦੇ ਜੂਨੀਅਰ ਇੰਜਨੀਅਰ ਸਲੀਮ ਮੁਹੰਮਦ ਦਾ ਦੋਸ਼ ਹੈ ਕਿ ਉਹ 14 ਜੂਨ ਨੂੰ ਨਗਰ ਕੌਂਸਲ ਦਫਤਰ ਦੀ ਬਿਲਡਿੰਗ ਸਾਖਾ ਕਮਰਾ ਨੰਬਰ 4 ਵਿੱਚ ਸਾਰੇ ਕਰਮਚਾਰੀਆ ਦੇ ਨਾਲ ਬੈਠ ਕੇ ਆਨਲਾਇਨ ਕੰਮ ਕਰਨ ਦੇ ਨਾਲ-ਨਾਲ ਸਬੰਧਿਤ ਕੰਮਾਂ ਸਬੰਧੀ ਆਏ ਲੋਕਾਂ ਨੂੰ ਡੀਲ ਕਰ ਰਿਹਾ ਸੀ ਤਾਂ ਵਕਤ ਕਰੀਬ 1:30 ਵਜੇ ਦਿਨ ਦਾ ਹੋਵੇਗਾ ਕਿ ਉਸ ਸਮੇ ਇੱਕ ਵਿਅਕਤੀ ਅਰੁਣ ਕੁਮਾਰ ਉਰਫ ਵਹਿਗੁਰੂ ਸਿੰਘ ਮਾਰਫਤ ਰਾਮ ਢਲਾ ਸਟੋਲ ਨੇੜੇ ਗਰੀਨ ਪੈਲੇਸ ਬਰਨਾਲਾ ਕਮਰੇ ਵਿੱਚ ਦਾਖਲ ਹੋਇਆ । ਜਿਸ ਨੂੰ ਕੁਰਸੀ ਤੇ ਬੈਠ ਕੇ ਗੱਲ ਦੱਸਣ ਲਈ ਕਿਹਾ ਗਿਆ ,ਉਸ ਨੇ ਬੈਠਣ ਉਪਰੰਤ ਕਿਹਾ ਕਿ ਆਸਥਾ ਕਲੋਨੀ ਵਿੱਚ ਜੋ ਮੇਰੇ ਵਾਲੀ ਪਹੀ ਨਾਲ ਵਾਧਾ ਕੀਤਾ ਗਿਆ ਹੈ, ਉਸ ਵਿੱਚ ਕਿਸੇ ਵੱਲੋ ਉਸਾਰੀ ਸ਼ੁਰੂ ਕਰਨ ਸਬੰਧੀ ਜੁਬਾਨੀ ਇਤਰਾਜ ਕੀਤਾ ਗਿਆ। ਜਿਸ ਸਬੰਧੀ ਅਸੀ ਕਲੋਨੀ ਦੇ ਡਿਵੈਲਪਰ ਦੀਪਕ ਸੋਨੀ ਨੂੰ ਇਸ ਉਸਾਰੀ ਬਾਰੇ ਅਤੇ ਪ੍ਰਵਾਨਗੀ ਬਾਰੇ ਪੁੱਛਿਆ ,ਜਿਸਨੇ ਦੱਸਿਆ ਕਿ ਸਾਡੀ ਫਰਮ ਦੇ ਨਾਮ ਪਰ ਨਕਸਾ ਮਨਜੂਰੀ ਲਈ ਆਨਲਾਇਨ ਅਪਲਾਈ ਕੀਤਾ ਹੋਇਆ ਹੈ। ਮੇਰੇ ਵੱਲੋ ਕੰਪਿਊਟਰ ਵਿੱਚ ਚੈਕ ਕਰਕੇ ਅਰੁਣ ਕੁਮਾਰ ਨੂੰ ਦੱਸ ਦਿੱਤਾ ਗਿਆ ਕਿ ਮਨਜੂਰੀ ਲਈ ਆਨਲਾਇਨ ਨਕਸ਼ਾ ਅਪਲਾਈ ਕੀਤਾ ਹੋਇਆ ਹੈ । ਜੇਕਰ ਫਿਰ ਵੀ ਉਹਨਾਂ ਵੱਲੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਹਨਾਂ ਪਾਸੋਂ ਜੁਰਮਾਨਾ ਪਾ ਕੇ ਹੀ ਨਕਸਾ ਨਿਯਮਾਂ ਅਨੁਸਾਰ ਪਾਸ ਕੀਤਾ ਜਾਵੇਗਾ। ਸਾਡੇ ਵੱਲੋਂ ਉਕਤ ਅਰੁਣ ਕੁਮਾਰ ਦੀ ਹਰ ਪੱਖ ਤੋ ਤਸੱਲੀ ਕਰਵਾਉਣ ਦੀ ਕੋਸਿਸ ਕੀਤੀ ਗਈ । ਪਰੰਤੂ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਸਾਡੇ ਸਮਝਾਉਣ ਦੇ ਬਾਵਜੂਦ ਉੱਚੀ ਉੱਚੀ ਰੌਲਾ ਪਾਉਣ ਲੱਗਾ ਅਤੇ ਤਹਿਸ ਵਿੱਚ ਆ ਕੇ ਸਾਨੂੰ ਨੌਕਰੀ ਤੇ ਲਹਾਉਣ ਦੀਆ ਧਮਕੀਆ ਦੇਣ ਲੱਗਾ । ਮੁਦਈ ਅਨੁਸਾਰ ਸਾਰਿਆਂ ਨੇ ਉਸ ਨੂੰ ਸਮਝਾਉਣ ਦੀ ਕਾਫੀ ਕੋਸਿਸ ਕੀਤੀ । ਉਨਾਂ ਕਿਹਾ ਕਿ ਜਦੋਂ ਸਾਡਾ ਕਲਰਕ ਗੁਰਕ੍ਰਿਪਾਲ ਸਿੰਘ ਉਰਫ ਪ੍ਰਿੰਸ ਉਸ ਨੂੰ ਬਿਠਾਉਣ ਲਈ ਅੱਗੇ ਹੋਇਆ ਤਾਂ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਨੇ ਕੋਈ ਨੁਕੀਲੀ ਚੀਜ ਉਸ ਦੀ ਬਾਹ ਪਰ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਧੱਕਾ ਦੇ ਕੇ ਪਿੱਛੇ ਕਰ ਦਿੱਤਾ ਜਦੋਂ ਦੁਵਾਰਾ ਫਿਰ ਗੁਰਕ੍ਰਿਪਾਲ ਸਿੰਘ ਉਰਫ ਪ੍ਰਿੰਸ ਗੇਟ ਤੋਂ ਬਾਹਰ ਜਾਣ ਲੱਗਾ ਤਾਂ ਅਰੁਣ ਕੁਮਾਰ ਨੇ ਗੇਟ ਦੇ ਅੱਗੇ ਹੋ ਕੇ ਉਸ ਨੂੰ ਰੋਕ ਦਿੱਤਾ ਜੋ ਗੁਰਕ੍ਰਿਪਾਲ ਸਿੰਘ ਨੂੰ ਕੁੱਤਾ ਢੇਡ ਕਹਿ ਕੇ ਉਸ ਦੀ ਜਾਤੀ ਪ੍ਰਤੀ ਅਪਸ਼ਬਦ ਬੋਲਣ ਲੱਗਾ । ਫਿਰ ਮੁਦਈ ਨੇ ਅੱਗੇ ਹੋ ਕੇ ਅਰੁਣ ਕੁਮਾਰ ਨੂੰ ਅਜਿਹੇ ਲਫਜ ਬੋਲਣ ਤੋਂ ਰੋਕਣਾ ਚਾਹਿਆ । ਪਰੰਤੂ ਅਰੁਣ ਕੁਮਾਰ ਨੇ ਮੇਰਾ ਗਲਾਵਾਂ ਫੜ ਲਿਆ ਅਤੇ ਗੁੱਸੇ ਨਾਲ ਮੇਰੀ ਪਹਿਨੀ ਹੋਈ ਕਮੀਜ ਨੂੰ ਪਾੜ ਦਿੱਤਾ ਅਤੇ ਧੱਕਾ ਦੇ ਕੇ ਮੈਨੂੰ ਪਿੱਛੇ ਸੁੱਟ ਦਿੱਤਾ ਅਤੇ ਅਰੁਣ ਕੁਮਾਰ ਨੇ ਸਾਡੇ ਕਮਰੇ ਵਿੱਚ ਪਿਆ ਪ੍ਰਿੰਟਰ ਮੇਰੇ ਵੱਲ ਵਗਾਹ ਕੇ ਮਾਰਿਆ ਤਾਂ ਮੁਦਈ ਨੇ ਸਾਇਡ ਪਰ ਹੋ ਕੇ ਆਪਣਾ ਬਚਾਅ ਕਰ ਲਿਆ, ਪਰ ਪ੍ਰਿੰਟਰ ਦਾ ਕਾਫੀ ਨੁਕਸਾਨ ਹੋ ਗਿਆ । ਸਾਡਾ ਉੱਚੀ ਉੱਚੀ ਰੌਲਾ ਸੁਣ ਕੇ ਦਫਤਰ ਦੀਆਂ ਹੋਰ ਬਰਾਚਾਂ ਦੇ ਮੁਲਾਜਮ ਅਤੇ ਹੋਰ ਲੋਕ ਬਿਲਡਿੰਗ ਸਾਖਾ ਵੱਲ ਆਏ ਜਿੰਨਾਂ ਦੀ ਮੱਦਦ ਨਾਲ ਅਰੁਣ ਕੁਮਾਰ ਨੂੰ ਸਮਝਾ ਕੇ ਬਾਹਰ ਭੇਜਿਆ ਗਿਆ । ਇਸ ਤਰਾਂ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਨੇ ਸਾਡੇ ਦਫਤਰ ਵਿੱਚ ਆ ਕੇ ਮੇਰੇ ਅਤੇ ਮੇਰੇ ਮੁਲਾਜਮਾ ਨਾਲ ਡਿਊਟੀ ਦੌਰਾਨ ਦੁਰਵਿਵਹਾਰ ਕੀਤਾ ਹੈ ਅਤੇ ਸਾਡੀ ਡਿਊਟੀ ਵਿੱਚ ਵਿਘਨ ਪਾਇਆ ਹੈ । ਮੁਦਈ ਦੇ ਉਕਤ ਬਿਆਨ ਦੀ ਤਾਈਦ ਗੁਰਕ੍ਰਿਪਾਲ ਸਿੰਘ ਉਰਫ ਪ੍ਰਿੰਸ ਨੇ ਵੀ ਕੀਤੀ ਹੈ।
ਤਫਤੀਸ਼ ਹਾਲੇ ਬਾਕੀ ਹੈ ,,
ਮਾਮਲੇ ਦੇ ਤਫਤੀਸ਼ ਅਧਿਕਾਰੀ ASI ਜਗਰੂਪ ਸਿੰਘ ਨੇ ਦੱਸਿਆ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੇ ਖਿਲਾਫ ਅਧੀਨ ਜੁਰਮ 341,323,186,506,427 ਆਈਪੀਸੀ ਦਰਜ਼ ਕੀਤਾ ਗਿਆ ਹੈ। ਜਦੋਂਕਿ ਡਿਊਟੀ ਵਿੱਚ ਵਿਘਨ ਪਾਉਣ ਅਤੇ ਜਾਤੀ ਸੂਚਕ ਸਬਦ ਬੋਲਣ ਸਬੰਧੀ ਬਿਆਨ ਵਿੱਚ ਲਿਖਵਾਇਆ ਗਿਆ ਹੈ। ਇਸ ਦੀ ਡੂੰਘਾਈ ਨਾਲ ਤਫਤੀਸ ਕਰਨੀ ਬਣਦੀ ਹੈ। ਦੌਰਾਨੇ ਤਫਤੀਸ ਡਿਊਟੀ ਵਿੱਚ ਵਿਘਨ ਪਾਉਣ ਅਤੇ ਜਾਤੀ ਸੂਚਕ ਸਬਦ ਬੋਲਣ ਸਬੰਧੀ ਡੂੰਘਾਈ ਨਾਲ ਤਫਤੀਸ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।