ਉਹ Barnala ‘ਚ 4 ਮਹੀਨੇ ਪਹਿਲਾਂ ਡੋਲੀ ਚੜ੍ਹਕੇ ਆਈ ‘ ਤੇ ਹੁਣ 2 ਜਿਲ੍ਹਿਆ ਦੀ ਪੁਲਿਸ ਨੂੰ ਫਿਰਦੀ ਬਿਪਤਾ ਪਾਈ.
ਹਰਿੰਦਰ ਨਿੱਕਾ /ਬੇਅੰਤ ਸਿੰਘ ਬਾਜਵਾ , ਬਰਨਾਲਾ/ ਲੁਧਿਆਣਾ 14 ਜੂਨ 2023
ਬਰਨਾਲਾ-ਸੰਘੇੜਾ ਰੋਡ ਤੇ ਸਥਿਤ ਸ਼ਿਵ ਵਾਟਿਕਾ ਕਲੋਨੀ ਦੇ ਸਾਹਮਣੇ ਭਾਈ ਸਾਹਿਬ ਨਗਰ ‘ਚ ਹਾਲੇ ਚਾਰ ਕੁ ਮਹੀਨੇ ਪਹਿਲਾਂ ਫੁੱਲਾਂ ਵਾਲੀ ਕਾਰ ਵਿੱਚ ਡੋਲੀ ਚੜ੍ਹ ਕੇ ਆਈ ਮਨਦੀਪ ਕੌਰ ਨੇ ਲੁਧਿਆਣਾ ਸ਼ਹਿਰ ਅੰਦਰ ਕਰੀਬ ਸਾਢੇ ਅੱਠ ਕਰੋੜ ਦੀ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ, ਪੰਜਾਬ ਪੁਲਿਸ ਨੂੰ ਵਖਤ ਪਾਇਆ ਹੋਇਆ ਹੈ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਦੀ ਦੇਖ ਰੇਖ ਵਿੱਚ ਪੁਲਿਸ ਨੇ ਵਾਰਦਾਤ ਨੂੰ 60 ਘੰਟਿਆਂ ਅੰਦਰ-ਅੰਦਰ ਹੀ ਟਰੇਸ ਕਰਕੇ ਪੰਜ ਦੋਸ਼ੀਆਂ ਨੂੰ ਗਿਰਫਤਾਰ ਕਰਕੇ 5 ਕਰੋੜ ਰੁਪਏ ਤੋਂ ਜਿਆਦਾ ਦੀ ਲੁੱਟੀ ਹੋਈ ਰਾਸ਼ੀ ਵੀ ਬਰਾਮਦ ਕਰ ਲਈ ਹੈ। ਪਰੰਤੂ ਡਾਕੂ ਹਸੀਨਾ ਅਤੇ ਉਸ ਦੇ ਪਤੀ ਸਣੇ ਹੋਰਾਂ ਨੂੰ ਕਾਬੂ ਕਰਨਾ ਪੁਲਿਸ ਲਈ ਹਾਲੇ ਵੀ ਚੁਣੌਤੀ ਬਣਿਆ ਹੋਇਆ ਹੈ। ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਅਨੁਸਾਰ ਦੋਸ਼ੀਆਂ ਦੀ ਭਾਲ ਲਈ, ਬਕਾਇਦਾ ਲੁੱਕਆਉਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਸਾਰੇ ਦੋਸ਼ੀ ਪੁਲਿਸ ਦੀ ਪਕੜ ਵਿੱਚ ਹੋਣਗੇ।
ਡਾਕੂ ਸੁੰਦਰੀ ਨੇ ਕਿਵੇਂ ਪਾਏ ਜੱਸੇ ਤੇ ਡੋਰੇ
ਪਤਾ ਲੱਗਿਆ ਹੈ ਕਿ ਡਾਕੂ ਸੁੰਦਰੀ ਮਨਦੀਪ ਕੌਰ ਡੇਹਲੋ ਦੀ ਰਹਿਣ ਵਾਲੀ ਹੈ, ਜਿਸ ਦੀ ਸਾਲ 2022 ਦੇ ਅੰਤਲੇ ਮਹੀਨਿਆਂ ਵਿੱਚ ਇੰਸਟਾਗ੍ਰਾਮ ਉੱਤੇ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਰਾਮਗੜੀਆ ਰੋਡ ਬਰਨਾਲਾ ਹਾਲ ਵਾਸੀ ਸਾਹਿਬ ਨਗਰ ਬਰਨਾਲਾ ਨਾਲ ਦੋਸਤੀ ਹੋਈ ਸੀ। ਕਰੀਬ ਦੋ/ਢਾਈ ਮਹੀਨੇ ਦੋਵਾਂ ਦਾ ਲਵ ਅਫੇਅਰ ਚੱਲਦਾ ਰਿਹਾ। 16 ਫਰਵਰੀ 2023 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਲਵ ਅਫੇਅਰ ਹੋਣ ਸਮੇਂ ਜਸਵਿੰਦਰ ਸਿੰਘ ਜੱਸਾ ਮੌਕਟੇਲ/ਕੋਕਟੇਲ ਵਾਲਿਆਂ ਨਾਲ ਕੰਮ ਕਰਦਾ ਸੀ। ਪਰੰਤੂ ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਉਪਰੰਤ ਉਸ ਨੇ ਇਹ ਕੰਮ ਛੱਡ ਦਿੱਤਾ। ਵਿਆਹ ਤੋਂ ਬਾਅਦ ਉਹ ਕੁੱਝ ਦਿਨ ਕੈਟਰਿੰਗ ਵਾਲਿਆਂ ਨਾਲ ਵੀ ਕੰਮ ਕਰਦਾ ਰਿਹਾ, ਪਰ ਵਿਆਹ ਤੋਂ ਬਾਅਦ ਉਸ ਨੇ ਇਹ ਕੰਮ ਵੀ ਛੱਡ ਦਿੱਤਾ। ਆਪਣੇ ਜਾਣਕਾਰਾਂ ਨੂੰ ਜੱਸਾ ਕਹਿੰਦਾ ਸੀ ਕਿ ਉਸ ਦੀ ਪਤਨੀ ਵਕੀਲ ਹੈ। ਪਰੰਤੂ ਉਸ ਦੇ ਵਕੀਲ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਹੋ ਸਕੀ। ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਜੱਸਾ ਮੋਟਰਸਾਈਕਲ ਤੇ ਰਹਿੰਦਾ ਸੀ, ਪਰ ਵਿਆਹ ਤੋਂ ਬਾਅਦ ਉਹ ਮਜਦੂਰੀ ਦਾ ਧੰਦਾ ਛੱਡ ਕੇ, ਆਪਣੀ ਪਤਨੀ ਨਾਲ ਮਿਲ ਕੇ ਰਾਤੋ-ਰਾਤ ਅਮੀਰ ਬਦਨ ਦੇ ਚੱਕਰ ਵਿੱਚ ਉਲਝ ਗਿਆ।
ਲੁੱਟ ਦੀ ਕਹਾਣੀ, ਪੁਲਿਸ ਦੀ ਜੁਬਾਨੀ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮੀਡੀਆ ਨੂੰ ਮੁਖਾਤਿਬ ਹੋ ਕੇ ਦੱਸਿਆ ਕਿ ਮਿਤੀ 10-6-2023 ਨੂੰ ਵਕਤ ਕਰੀਬ 01:30 ਵਜੇ ਸੁਭਾ ਰਾਜਗੁਰੂ ਨਗਰ ਨੇੜੇ ਰੋਇਲ ਰਿਜੋਰਟ 8-10 ਨਾ-ਮਲੂਮ ਲੁਟੇਰਿਆ ਵੱਲੋ ਸੀ.ਐਮ.ਐਸ. ਕੰਪਨੀ ਦੇ ਦਫਤਰ ਵਿਚ ਸਕਿਉਰਟੀ ਗਾਰਡਾ ਨੂੰ ਬੰਧਕ ਬਣਾ ਕੇ ,ਕੈਸ਼ ਵਾਲੇ ਕਮਰੇ ਅੰਦਰ ਦਾਖਿਲ ਹੋ ਕੇ 8,49,00,000/- ਰੁਪਏ ਕੈਸ਼ ਲੁੱਟ ਕੇ ਕੰਪਨੀ ਦੀ ਹੀ ਗੱਡੀ ਵਿੱਚ ਫਰਾਰ ਹੋ ਗਏ ਸਨ। ਜਿਸ ਤੇ ਕੰਪਨੀ ਦੇ ਮੈਨੇਜਰ ਪ੍ਰਵੀਨ ਪੁੱਤਰ ਸ੍ਰੀ ਅੱਤਰ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395,342,323,506,427,120-ਬੀ ਭ:ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ ।
ਉਨ੍ਹਾਂ ਤਫਤੀਸ਼ ਦੀ ਤਫਸ਼ੀਲ ਦਿੰਦਿਆਂ ਦੱਸਿਆ ਕਿ ਦੌਰਾਨੇ ਤਫਤੀਸ਼ ਥਾਣਾ ਸਰਾਭਾ ਨਗਰ, ਲੁਧਿਆਣਾ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆ ਦੀ ਮਦਦ ਰਾਹੀਂ ਪਿੰਡ ਮੰਡਿਆਣੀ, ਫਿਰੋਜਪੁਰ ਰੋਡ ਵਿਖੇ ਝਾੜੀਆ ਵਿਚ ਲੁਟੇਰਿਆ ਵੱਲੋ ਡਾਕਾ ਮਾਰਨ ਤੋਂ ਬਾਅਦ ਕੈਸ਼ ਲੈ ਕੇ ਜਾਣ ਲਈ ਵਰਤੀ ਕੰਪਨੀ ਦੀ ਗੱਡੀ ਮਾਰਕਾ ਟਾਟਾ ਬ੍ਰਾਮਦ ਕੀਤੀ। ਜਿਸ ਵਿਚੋਂ 03 ਰਾਈਫਲਾਂ 12 ਬੋਰ ਵੀ ਬ੍ਰਾਮਦ ਹੋਈਆ ਸਨ ।
ਜਿਸ ਤੋ ਬਾਅਦ ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋ ਮੁਕੱਦਮਾ ਵਿੱਚ ਦੋਸ਼ੀਆਂ ਨੂੰ ਟਰੇਸ ਕਰਨ ਲਈ ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ, ਲੁਧਿਆਣਾ, ਸ. ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ ਡਿਪਟੀ ਕਮਿਸਨਰ ਪੁਲਿਸ ਇਨਵੈਸਟੀਗੇਸ਼ਨ ਲੁਧਿਆਣਾ, ਸ੍ਰੀ ਸਿਮਰਤਪਾਲ ਸਿੰਘ ਢੀਂਡਸਾ, ਏ.ਆਈ.ਜੀ. ਕਾਉਂਟਰ ਇੰਟਲੈਸੀਜੈਂਸ, ਸੁਭਮ ਅਗਰਵਾਲ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਸਮੀਰ ਵਰਮਾ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਓਪਰੇਸ਼ਨ ਲੁਧਿਆਣਾ, ਰੁਪਿੰਦਰ ਕੋਰ ਭੱਟੀ, ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਕ, ਲੁਧਿਆਣਾ, ਮਨਦੀਪ ਸਿੰਘ, ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ, ਲੁਧਿਆਣਾ, ਸੁਮਿਤ ਸੂਦ, ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਡਿਟੈਕਟਿਵ-1 ਦੀ ਅਗਵਾਹੀ ਵਿੱਚ ਵੱਖ-ਵੱਖ ਮੁੱਖ ਅਫਸਰਾਨ ਥਾਣਾ, ਇੰਸ: ਕੁਲਵੰਤ ਸਿੰਘ, ਇੰਚਾਰਜ ਸੀ.ਆਈ.ਏ-1 ਲੁਧਿਆਣਾ, ਇੰਸ: ਅਵਤਾਰ ਸਿੰਘ, ਇੰਚਾਰਜ-3 ਲੁਧਿਆਣਾ, ਇੰਸ: ਬੇਅੰਤ ਜੁਨੇਜਾ, ਇੰਚਾਰਜ ਸੀ.ਆਈ.ਏ-2 ਲੁਧਿਆਣਾ ਆਦਿ ਦੀਆ ਪੁਲਿਸ ਟੀਮਾਂ ਬਣਾਕੇ ਸਰਚ ਸ਼ੁਰੂ ਕੀਤੀ ਗਈ । ਲੁਧਿਆਣਾ ਪੁਲਿਸ ਦੀਆਂ ਟੀਮਾਂ ਵੱਲੋ ਮੌਕੇ ਤੋ ਮੋਬਾਈਲ ਫੋਨਾਂ ਦੇ ਡੰਪ ਚੱਕੇ ਅਤੇ ਕੈਸ਼ ਵੈਨ ਵਿਚ ਲੱਗੇ ਸਿਸਟਮ ਰਾਹੀਂ ਰੂਟ ਨੂੰ ਟਰੇਸ ਕੀਤਾ । ਵੱਖ-ਵੱਖ ਰੂਟਾਂ ਉਪਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਲੈ ਕਰ ਦੋਸ਼ੀਆ ਦੇ ਆਉਣ ਤੇ ਜਾਣ ਵਾਲੇ ਰਸਤਿਆਂ ਦੀ ਭਾਲ ਕੀਤੀ।
ਸਿੱਧੂ ਨੇ ਦੱਸਿਆ ਕਿ ਮਿਤੀ 13-6-2023 ਨੂੰ ਲੁਧਿਆਣਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪਿੰਡ ਢੱਟ ਨੇੜੇ ਜਗਰਾਉ ਫਲਾਈ ਓਵਰ ਦੇ ਪਾਸ ਤੋਂ ਮਨਦੀਪ ਸਿੰਘ ਉਰਫ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ ਲੰਬੂ ਨੂੰ ਕਾਬੂ ਕੀਤਾ ਗਿਆ । ਇੱਨ੍ਹਾਂ ਨੇ ਦੌਰਾਨ ਏ ਪੁੱਛ-ਗਿੱਛ ,ਆਪਣਾ ਗੁਨਾਹ ਕਬੂਲ ਕੀਤਾ ਅਤੇ ਇਸ ਲੁੱਟ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ ਮਨੀ ਅਤੇ ਬਾਕੀ ਦੋਸ਼ੀਆਨ ਪਰਮਜੀਤ ਸਿੰਘ ਉਰਫ ਪੰਮਾ, ਹਰਪ੍ਰੀਤ ਸਿੰਘ , ਨਰਿੰਦਰ ਸਿੰਘ ਉਰਫ ਹੈਪੀ, ਮਨਦੀਪ ਕੌਰ, ਜਸਵਿੰਦਰ ਸਿੰਘ, ਅਰੁਨ ਕੋਚ, ਨੰਨੀ ਬਰਨਾਲਾ ਅਤੇ ਗੁਲਸ਼ਨ ਬਾਰੇ ਦੱਸਿਆ, ਜਿਹਨਾਂ ਨੂੰ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ । ਸਿੱਧੂ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮਨਦੀਪ ਸਿੰਘ ਉਰਫ ਵਿੱਕੀ ਦੇ ਘਰ ਤੋਂ 50 ਲੱਖ ਰੁਪਏ ਅਤੇ ਹਰਵਿੰਦਰ ਸਿੰਘ ਉਰਫ ਲੰਬੂ ਦੇ ਘਰ ਤੋ 75 ਲੱਖ ਰੁਪਏ ਬ੍ਰਾਮਦ ਕੀਤੇ ਗਏ। ਜੋ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲੁਧਿਆਣਾ ਕਮਿਸ਼ਨਰੇਟ ਵਿੰਗ ਦੀਆ ਟੀਮਾਂ ਅਤੇ ਕਾਊਂਟਰ ਇੰਟਲੀਜੈਂਸ ਦੀਆ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆ ਗਈਆ ਸਨ, ਜਿਹਨਾਂ ਵਿੱਚੋ ਮਿਤੀ 13-6-2023 ਨੂੰ ਸੀ.ਆਈ.ਏ-1 ਲੁਧਿਆਣਾ ਦੀ ਟੀਮ ਵੱਲੋ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਅੱਬੂਵਾਲ, ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 1 ਕਰੋੜ ਰੁਪਏ ਬ੍ਰਾਮਦ ਕੀਤੇ ਗਏ ।
ਸੀ.ਆਈ.ਏ-3 ਲੁਧਿਆਣਾ ਦੀ ਟੀਮ ਵੱਲੋ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਉਂਕੇ ਕਲਾ ਥਾਣਾ ਸਦਰ ਜਗਰਾੳ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 25 ਲੱਖ ਰੁਪਏ ਬ੍ਰਾਮਦ ਕੀਤੇ ਗਏ । ਸੀ.ਆਈ.ਏ-2 ਲੁਧਿਆਣਾ ਦੀ ਟੀਮ ਵੱਲੋ ਡਾਕੂ ਹਸੀਨਾ ਮਨਦੀਪ ਕੌਰ ਦੇ ਭਰਾ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਖੂਹ ਵਾਲਾ ਮੁਹੱਲਾ, ਟਾਵਰ ਵਾਲੀ ਗਲੀ ਡੇਹਲੋ ਹਾਲ ਵਾਸੀ ਭਾਈ ਸਾਹਿਬ ਨਗਰ ਸੰਘੇੜਾ ਰੋਡ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋ 25 ਲੱਖ ਰੁਪਏ ਬ੍ਰਾਮਦ ਕੀਤੇ ਅਤੇ ਉਸ ਦੀ ਨਿਸ਼ਾਨਦੇਹੀ ਪਰ ਹੀ ਬਰਨਾਲਾ ਤੋਂ ਵਾਰਦਾਤ ਵਿੱਚ ਵਰਤੀ ਗੱਡੀ ਨੰਬਰ PB 13 BK 1818 ਮਾਰਕਾ ਸ਼ੈਵਰਲੇ ਕਰੂਜ ਵੀ ਬ੍ਰਾਮਦ ਕੀਤੀ । ਜੋ ਉਕਤ ਗੱਡੀ ਹਰਪ੍ਰੀਤ ਸਿੰਘ ਦੀ ਭੈਣ ਮਨਦੀਪ ਕੋਰ ਅਤੇ ਜੀਜਾ ਜਸਵਿੰਦਰ ਸਿੰਘ ਨੇ ਹੋਰ ਦੋਸ਼ੀਆਂ ਨਾਲ ਹਮ-ਮਸ਼ਵਰਾ ਹੋ ਕਰ ਅਰੁਣ ਕੁਮਾਰ ਉਰਫ ਕੋਚ ਦੇ ਘਰ ਦੇ ਕੋਲ ਤਰਪਾਲ ਨਾਲ ਢੱਕ ਕੇ ਖੜੀ ਕੀਤੀ ਸੀ, ਜੋ ਗੱਡੀ ਵਿੱਚੋ ਚੈਕ ਕਰਨ ਪਰ 2 ਕਰੋੜ 25 ਲੱਖ 700 ਰੁਪਏ ਬ੍ਰਾਮਦ ਹੋਏ। ਇਸ ਮੁੱਕਦਮਾ ਵਿਚ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
ਵਾਰਦਾਤ ਨੂੰ ਕਿਵੇਂ ਦਿੱਤਾ ਅੰਜਾਮ :-
ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਤਰੀਕੇ ਬਾਰੇ ਦੱਸਿਆ ਕਿ ਮਨਜਿੰਦਰ ਸਿੰਘ ਉਰਫ ਮਨੀ ਜੋ ਕਿ CMS ਕੰਪਨੀ, ਰਾਜਗੁਰੂ ਨਗਰ ਲੁਧਿਆਣਾ ਵਿੱਚ ATM ਮਸੀਨਾ ਵਿੱਚ ਕੈਸ਼ ਪਾਉਣ ਦਾ ਕੰਮ ਕਰਦਾ ਸੀ। ਜਿਸ ਦੇ ਸੰਪਰਕ ਵਿੱਚ ਮਨਦੀਪ ਕੌਰ ਵਾਸੀ ਡੇਹਲੋ ਹਾਲ ਵਾਸੀ ਬਰਨਾਲਾ ਆਈ । ਜਿਹਨਾਂ ਨੇ ਆਪਸ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਉੱਕਤ ਡਾਕਾ ਮਾਰਨ ਸਬੰਧੀ ਪੂਰੀ ਪਲਾਨਿੰਗ ਕੀਤੀ। ਦੋਸ਼ੀ ਦੋ ਪਾਰਟੀਆਂ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ।
ਪਾਰਟੀ ਨੰਬਰ-1:-ਪਲਾਨਿੰਗ ਮੁਤਾਬਿਕ ਡਾਕੂ ਸੁੰਦਰੀ ਮਨਦੀਪ ਕੌਰ ਆਪਣੇ ਸਾਥੀਆਂ ਜਸਵਿੰਦਰ ਸਿੰਘ (ਪਤੀ), ਅਰੁਣ ਕੋਚ, ਨੰਨੀ ਬਰਨਾਲਾ, ਹਰਪ੍ਰੀਤ ਸਿੰਘ ਅਤੇ ਗੁਲਸ਼ਨ ਕਾਲੇ ਰੰਗ ਦੀ ਕਰੂਜ ਗੱਡੀ ਵਿੱਚ ਆਈ।
ਪਾਰਟੀ ਨੰਬਰ-2:-ਮਨਦੀਪ ਸਿੰਘ ਉਰਫ ਮਨੀ ਆਪਣੇ ਸਾਥੀਆਂ ਹਰਵਿੰਦਰ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਨਾਲ 02 ਮੋਟਰ ਸਾਈਕਲਾਂ ਪਰ ਸਵਾਰ ਹੋ ਕਰ ਰਾਤ ਕਰੀਬ 1:30 ਵਜੇ CMS ਕੰਪਨੀ ਦੇ ਦਫਤਰ ਪਹੁੰਚੇ। ਇਹਨਾਂ ਸਾਰੇ ਵਿਅਕਤੀ ਦਫਤਰ ਵਿਖੇ ਪਹੁੰਚ ਕਰ ਫੋਲਡ ਹੋਣ ਵਾਲੀ ਪੌੜੀ ਦੀ ਵਰਤੋ ਕਰਦੇ ਹੋਏ ਦਫਤਰ ਦੇ ਅੰਦਰ ਪਿਛਲੇ ਪਾਸੇ ਤੋ ਦਾਖਲ ਹੋ ਗਏ ਅਤੇ ਦਫਤਰ ਵਿਖੇ ਸੁੱਤੇ ਪਏ 03 ਸਕਿਉਰਟੀ ਗਾਰਡਾਂ ਨੂੰ ਕਾਬੂ ਕਰਕੇ ਬੰਦੀ ਬਣਾ ਲਿਆ ਅਤੇ ਉਹਨਾਂ ਦਾ ਅਸਲਾ ਵੀ ਖੋਹ ਲਿਆ। ਇਸ ਤੋਂ ਬਾਅਦ ਇਹਨਾਂ ਨੇ ਮੈਗਨਟੀਕ ਲੋਕ, ਡੀ.ਵੀ.ਆਰ ਅਤੇ ਸਾਈਰਨ (ਹੂਟਰ) ਦੀਆਂ ਤਾਰਾਂ ਕੱਟ ਦਿੱਤੀਆ ਅਤੇ ਕੈਸ਼ ਗਿਣਨ ਵਾਲੇ ਰੂਮ ਵਿੱਚ ਦਾਖਲ ਹੋ ਗਏ। ਇਸ ਤੋ ਬਾਅਦ ਇਹਨਾਂ ਨੇ ਕੈਸ਼ ਰੂਮ ਵਿੱਚ ਬੈਠੇ 02 ਵਰਕਰਾ ਨੂੰ ਬੰਦੀ ਬਣਾਇਆ ਅਤੇ ਟੇਬਲ ਪਰ ਪਏ ਕੈਸ਼ ਨੂੰ ਬੈਗਾਂ ਵਿੱਚ ਪਾ ਕਰ ਬਾਹਰ ਖੜੀ CMS ਕੰਪਨੀ ਦੀ ਕੈਸ਼ ਵੈਨ ਵਿੱਚ ਲੋਡ੍ਹ ਕੀਤਾ। ਫਿਰ ਇਹਨਾਂ ਨੇ ਕੈਸ਼ ਵੈਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਕੱਟੀਆਂ ਅਤੇ 3 ਦੋਸ਼ੀ 02 ਮੋਟਰਸਾਈਕਲਾਂ ਉੱਪਰ ਅਤੇ ਬਾਕੀ ਰਹਿੰਦੇ ਦੋਸ਼ੀ ਕੈਸ਼ ਵੈਨ ਵਿੱਚ ਸਵਾਰ ਹੋ ਕਰ ਮੌਕੇ ਤੋ ਫਰਾਰ ਹੋ ਗਏ। ਇਸ ਤੋਂ ਬਾਅਦ ਦੋਸ਼ੀ ਕੈਸ਼ ਵੈਨ ਨੂੰ ਪਿੰਡ ਮੰਡਿਆਣੀ, ਫਿਰੋਜਪੁਰ ਰੋਡ ਵਿਖੇ ਝਾੜੀਆਂ ਵਿਚ ਛੱਡ ਕੇ ਗੱਡੀ ਵਿੱਚੋਂ ਲੁੱਟਿਆ ਹੋਇਆ ਕੈਸ਼ ਕੱਢ ਕੇ ਫਰਾਰ ਹੋ ਗਏ।
ਗ੍ਰਿਫਤਾਰ ਕੀਤੇ ਦੋਸ਼ੀਆ ਦਾ ਵੇਰਵਾ:-
ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਅੱਬੂਵਾਲ, ਜਿਲਾ ਲੁਧਿਆਣਾ , ਉਮਰ ਕਰੀਬ 27 ਸਾਲ, CMS ਕੰਪਨੀ ਵਿੱਚ ਮਸ਼ੀਨਾ ਵਿੱਚ ਕੈਸ਼ ਪਾਉਣ ਦਾ ਕੰਮ ਕਰਦਾ ਸੀ।
ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਓ ,ਉਮਰ ਕਰੀਬ 33 ਸਾਲ, ਰੰਗ ਕਰਨ ਦਾ ਕੰਮ ਕਰਦਾ ਹੈ।
ਹਰਵਿੰਦਰ ਸਿੰਘ ਉਰਫ ਲੰਬੂ ਪੁੱਤਰ ਉਧਮ ਸਿੰਘ ਵਾਸੀ ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਓ, ਉਮਰ ਕਰੀਬ 30 ਸਾਲ, ਲੱਕੜ ਮਿਸਤਰੀ ਦਾ ਕੰਮ ਕਰਦਾ ਹੈ।
ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਉਂਕੇ ਕਲਾ ਥਾਣਾ ਸਦਰ ਜਗਰਾਉ ,ਉਮਰ ਕਰੀਬ 38 ਸਾਲ, ਸ਼ੈਲਰ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਹੈ।
ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਖੂਹ ਵਾਲਾ ਮੁਹੱਲਾ, ਟਾਵਰ ਵਾਲੀ ਗਲੀ ਡੇਹਲੋ ਹਾਲ ਵਾਸੀ ਭਾਈ ਸਾਹਿਬ ਨਗਰ ਸੰਘੇੜਾ ਰੋਡ ਬਰਨਾਲਾ , ਉਮਰ ਕਰੀਬ 18 ਸਾਲ, ਏ.ਸੀ/ਇੰਨਵਰਟਰ ਦੀ ਦੁਕਾਨ ਪਰ ਕੰਮ ਕਰਦਾ ਹੈ।
ਇੰਨ੍ਹਾਂ ਦੋਸ਼ੀਆਂ ਨੂੰ ਹੈ ਹਾਲੇ ਫੜ੍ਹਣਾ
- ਨਰਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਠੇ ਹਰੀ ਸਿੰਘ ਅਗਵਾੜ ਲੋਪੋ ਥਾਣਾ ਸਿਟੀ ਜਗਰਾਓ,
- ਮਨਦੀਪ ਕੋਰ ਪਤਨੀ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 530 ਰਾਮਗੜੀਆ ਰੋਡ ਬਰਨਾਲਾ।
- ਜਸਵਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਉਕਤ ।
- ਅਰੁਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 532 ਗਲੀ ਨੰਬਰ 1 ਭਾਈ ਘਨਈਆ ਕਲੋਨੀ ਨੇੜੇ ਗੁਦੁਆਰਾ ਰਾਮਗੜੀਆ ਬਰਨਾਲਾ।
- ਨੰਨ੍ਹੀ ਬਰਨਾਲਾ
- ਗੁਲਸ਼ਨ
ਕਿਹੜੇ ਦੋਸ਼ੀਆਂ ਤੋਂ ਕੀ ਕੀ ਕੀਤਾ ਬਰਾਮਦ
1 ਮਨਜਿੰਦਰ ਸਿੰਘ ਉਰਫ ਮਨੀ ਤੋਂ 1 ਕਰੋੜ ਰੁਪਏ , ਇੱਕ ਨੀਲੇ ਰੰਗ ਦਾ ਬੈਗ ਜਿਸ ਵਿੱਚ ਹਥੌੜਾ, ਛੈਣੀ, ਪਲਾਸ, ਪੇਚਕਸ, ਕਰਾਂਡੀ ਆਦਿ ।
2 ਮਨਦੀਪ ਸਿੰਘ ਉਰਫ ਵਿੱਕੀ 50 ਲੱਖ ਰੁਪਏ।
3 ਹਰਵਿੰਦਰ ਸਿੰਘ ਉਰਫ ਲੰਬੂ 75 ਲੱਖ, ਗੰਡਾਸਾ, ਅਲਮੀਨੀਅਮ ਪੋੜੀ (ਫੋਲਡ ਹੋਣ ਵਾਲੀ)
4 ਪਰਮਜੀਤ ਸਿੰਘ ਉਰਫ ਪੰਮਾ 25 ਲੱਖ ਰੁਪਏ ,
5 ਹਰਪ੍ਰੀਤ ਸਿੰਘ 25 ਲੱਖ ਰੁਪਏ , ਇੱਕ ਗੱਡੀ ਨੰਬਰ PB-13-BK-1818 ਮਾਰਕਾ ਕਰੂਜ ਜਿਸ ਵਿੱਚੋ 2 ਕਰੋੜ 25 ਲੱਖ 700 ਰੁਪਏ ।
ਕੁੱਲ ਰਕਮ
- ਕੁੱਲ 5 ਕਰੋੜ 700 ਰੁਪਏ
- CMS ਕੰਪਨੀ ਵੈਨ ਕਾਰ ਨੰਬਰ PB 10 JA 7109 ਮਾਰਕਾ ਟਾਟਾ, 3. ਇੱਕ ਗੱਡੀ PB-13-BK-1818 ਮਾਰਕਾ ਕਰੂਜ
- 03 ਰਾਈਫਲਾਂ 12 ਬੋਰ ਦੋਨਾਲੀ
- ਗੰਡਾਸਾ
- ਅਲਮੀਨੀਅਮ ਪੋੜੀ (ਇੱਕਠੀ ਹੋਣ ਵਾਲੀ)
- ਇੱਕ ਨੀਲੇ ਰੰਗ ਦਾ ਬੈਗ ਜਿਸ ਵਿੱਚ ਹਥੋੜਾ, ਛੈਣੀ, ਪਲਾਸ, ਪੇਚਕਸ, ਕਰਾਡੀ ਆਦਿ
ਡੀਜੀਪੀ ਨੇ ਪੁਲਿਸ ਪਾਰਟੀ ਦਾ ਇਉਂ ਵਧਾਇਆ ਮਾਣ :- ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਜਾਦਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋ ਲੁਧਿਆਣਾ ਪੁਲਿਸ ਦੀ ਟੀਮ ਨੂੰ ਉੱਕਤ ਮੁੱਕਦਮਾ ਨੂੰ 60 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਕਰੀਬ 5 ਕਰੋੜ ਰੁਪਏ ਬ੍ਰਾਮਦ ਕਰਨ ਤੇ ਹੌਸਲਾ ਅਫਜਾਈ ਲਈ 10 ਲੱਖ ਰੁਪਏ ਕੈਸ਼ ਅਵਾਰਡ ਦੇਣ ਦਾ ਐਲਾਨ ਕੀਤਾ ਹੈ।