ਹਰਿੰਦਰ ਨਿੱਕਾ , ਬਰਨਾਲਾ 14 ਮਈ 2023
12-13 ਮਈ ਦੀ ਰਾਤ ਕਰੀਬ 10 ਕੁ ਵਜੇ ਇੱਕ ਜਣੇ ਨੇ ਪੁਲਿਸ ਨੂੰ ਕੰਟਰੋਲ ਰੂਮ ਤੇ ਫੋਨ ਕਰਕੇ ਸੱਦਿਆ , ਬਈ ਸਾਥੋਂ 2 ਲੱਖ ਰੁਪੱਈਆਂ ਦੀ ਖੋਹ ਹੋ ਗਈ। ਹਰਕਤ ਵਿੱਚ ਆਈ ਪੁਲਿਸ ਨੇ ਬੜੀ ਮੁਸਤੈਦੀ ਨਾਲ ਵਾਰਦਾਤ ਸਬੰਧੀ ਦੱਸੀ ਥਾਂ ਵਾਲੇ ਇਲਾਕੇ ਨੂੰ ਘੇਰਾ ਪਾ ਲਿਆ। ਆਲੇ-ਦੁਆਲੇ ਤਲਾਸ਼ ਕੀਤੀ ਤਾਂ ਪੁਲਿਸ ਦੇ ਹੱਥ ਇੱਕ ਨੌਜਵਾਨ ਲੱਗਿਆ, ਪੁੱਛਗਿੱਛ ਤੋਂ ਬਾਅਦ ਤਾਂ ਗੱਲ ਹੋਰ ਹੀ ਨਿੱਕਲ ਕੇ ਸਾਹਮਣੇ ਆ ਗਈ। ਪੁਲਿਸ ਨੇ ਪੀੜਤ ਲੜਕੇ ਦੇ ਬਿਆਨ ਪਰ ਪੁਲਿਸ ਨੂੰ ਖੋਹ ਹੋਣ ਦੀ ਝੂਠੀ ਸੂਚਨਾ ਦੇਣ ਵਾਲੇ ਦੋਵਾਂ ਦੋਸ਼ੀਆਂ ਖਿਲਾਫ ਧਨੌਲਾ ਥਾਣੇ ਵਿੱਚ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਹੋਇਆ ਇਉਂ ਕਿ ਲਛਮਣ ਸਿੰਘ ਅਤੇ ਜਗਸੀਰ ਸਿੰਘ ਜੱਗਾ ਵਾਸੀ ਪਿੰਡ ਬਦਰਾ ਨੇ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ,ਸੂਚਨਾ ਦਿੱਤੀ ਕਿ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਰਾਹ ਵਿੱਚ ਉਨਾਂ ਤੋਂ 2 ਲੱਖ ਰੁਪਏ ਦੀ ਖੋਹ ਹੋ ਗਈ, ਵਾਰਦਾਤ ਦਾ ਸਮਾਂ ਕਰੀਬ ਦਸ ਕੁ ਵਜੇ ਰਾਤ ਦਾ ਹੋਵੇਗਾ। ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਥਾਣਾ ਧਨੌਲਾ ਅਧੀਨ ਪੈਂਦੀ ਵਾਰਦਾਤ ਵਾਲੀ ਦੱਸੀ ਥਾਂ ਨੂੰ ਚੁਫੇਰਿਉਂ ਘੇਰ ਲਿਆ। ਪਰੰਤੂ ਪੁਲਿਸ ਨੂੰ ਸੂਚਨਾ ਦੇਣ ਵਾਲਿਆਂ ਵਿੱਚੋਂ ਤਾਂ ਕੋਈ ਉੱਥੇ ਨਹੀਂ ਮਿਲਿਆ। ਪਰੰਤੂ ਜਦੋਂ ਪੁਲਿਸ ਨੇ ਆਸੇ-ਪਾਸੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਉੱਥੋਂ ਬੜਾ ਹੀ ਸਹਿਮਿਆ ਹੋਇਆ ਇੱਕ ਹੋਰ ਨੌਜਵਾਨ ਮਿਲ ਗਿਆ । ਜਿਸ ਨੇ ਆਪਣੀ ਪੂਰੀ ਪਹਿਚਾਣ ਪੁਲਿਸ ਨੂੰ ਕਰਵਾਈ ਅਤੇ ਵਾਪਰੇ ਘਟਨਾਕ੍ਰਮ ਸਬੰਧੀ ਜਾਣੂ ਕਰਵਾਇਆ ।
ਅਸਲ ਕਹਾਣੀ ਤੋਂ ਉੱਠਿਆ ਪਰਦਾ !
ਮੌਕੇ ਤੋਂ ਪੁਲਿਸ ਨੂੰ ਮਿਲੇ ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਮੈਂ ਆਪਣੀ ਕਰੀਬੀ ਰਿਸ਼ਤੇਦਾਰ ਸਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਰਾਹ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਸਾਡੇ ਪਿੱਛੇ ਮੋਟਰਸਾਇਕਲ ਲਗਾ ਕੇ ਸਾਨੂੰ ਘੇਰ ਲਿਆ । ਦੋਵਾਂ ਨੇ ਮੇਰੀ ਕਰੀਬੀ ਰਿਸ਼ਤੇਦਾਰ ਨਾਲ ਬਦਨੀਤੀ ਭਰੇ ਲਹਿਜੇ ‘ਚ ਬਦਤਮੀਜੀ ਸ਼ੁਰੂ ਕਰ ਦਿੱਤੀ। ਜਦੋਂ ਉਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕੀਤੀ। ਦੋਵਾਂ ਦੋਸ਼ੀਆਂ ਨੇ ਮੁਦਈ ਦੀ ਰਿਸ਼ਤੇਦਾਰ ਨੂੰ ਬਦਨੀਤੀ ਨਾਲ ਛੂੰਹਦੇ ਹੋਏ ਅਸ਼ਲੀਲ ਹਰਕਤਾਂ ਵੀ ਕੀਤੀਆਂ। ਦੋਸ਼ੀਆਂ ਦੀ ਪਹਿਚਾਣ ਲਛਮਣ ਸਿੰਘ ਅਤੇ ਜਗਸੀਰ ਸਿੰਘ ਜੱਗਾ ਵਾਸੀ ਪਿੰਡ ਬਦਰਾ ਦੋ ਤੌਰ ਤੇ ਹੋਈ। ਮੁਦਈ ਨੇ ਦੱਸਿਆ ਕਿ ਅਸੀਂ ਰਾਤ ਦੇ ਹਨ੍ਹੇਰੇ ਵਿੱਚ ਲੁਕ ਕੇ ਦੋਸ਼ੀਆਂ ਤੋਂ ਬਚਾਅ ਕੀਤਾ । ਥਾਣਾ ਧਨੌਲਾ ਦੇ ਐਸ.ਐਚ.ੳ. ਲਖਵਿੰਦਰ ਸਿੰਘ ਨੇ ਪੁੱਛਣ ਤੇ ਉੱਪਰ ਜਿਕਰਯੋਗ ਕਹਾਣੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਾਮਜ਼ਦ ਦੋਸ਼ੀਆਂ ਲਛਮਣ ਸਿੰਘ ਅਤੇ ਜਗਸੀਰ ਸਿੰਘ ਜੱਗਾ ਦੇ ਖਿਲਾਫ ਅਧੀਨ ਜੁਰਮ 354 B / 341/ 323/ 506/ 427/ 34 IPC ਤਹਿਤ ਕੇਸ ਦਰਜ਼ ਕਰਕੇ ,ਉਨਾਂ ਦੀ ਤਲਾਸ਼ ਵਿੱਢ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ। ਐਸਐਚੳ ਨੇ ਇਹ ਵੀ ਦੱਸਿਆ ਕਿ ਨਾਮਜਦ ਦੋਵਾਂ ਦੋਸ਼ੀਆਂ ਨੇ ਹੀ ਪੁਲਿਸ ਨੂੰ ਖੋਹ ਹੋਣ ਦੀ ਝੂਠੀ ਸੂਚਨਾ ਕੰਟਰੋਲ ਰੂਮ ਪਰ ਦੇ ਕੇ ਪੁਲਿਸ ਨੂੰ ਬੁਲਾਇਆ ਸੀ, ਜਿਹੜੇ ਦਰਅਸਲ ਛੇੜਛਾੜ ਅਤੇ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਦਾ ਧਿਆਨ ਅਸਲੀ ਘਟਨਾ ਤੋਂ ਭਟਕਾਉਣਾ ਚਾਹੁੰਦੇ ਸਨ।