ਅਸ਼ੋਕ ਵਰਮਾ , ਬਠਿੰਡਾ, 13 ਮਈ 2023
ਡੇਰਾ ਸੱਚਾ ਸੌਦਾ ਸਿਰਸਾ ਨੇ ਐਤਵਾਰ 14 ਮਈ ਨੂੰ ਪੰਜਾਬ ਵਿੱਚਲੇ ਆਪਣੇ ਸਭ ਤੋਂ ਵੱਡੇ ਹੈਡਕੁਆਟਰ ਡੇਰਾ ਰਾਜਗੜ੍ਹ ਸਲਾਬਤਪੁਰਾ ਵਿੱਚ ਵੱਡਾ ਇਕੱਠ ਸੱਦਿਆ ਹੈ। ਹਾਲਾਂਕਿ ਵੱਡੇ ਪ੍ਰੋਗਰਾਮ ਕਰਾਉਣਾ ਡੇਰਾ ਸਿਰਸਾ ਲਈ ਕੋਈ ਨਵੀਂ ਗੱਲ ਨਹੀਂ । ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਮਹੀਨੇ ਚ ਕੋਈ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੋਵੇ। ਪੰਜਾਬ ਵਿਚਲੇ ਡੇਰਾ ਪੈਰੋਕਾਰਾਂ ਨੂੰ ਇਸ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ।
ਪ੍ਰਬੰਧਕਾਂ ਨੇ ਡੇਰਾ ਸਿਰਸਾ ਦੀ ਸਥਾਪਨਾ ਕਰਨ ਵਾਲੇ ਮਰਹੂਮ ਸ਼ਾਹ ਮਸਤਾਨਾ ਵੱਲੋਂ ਡੇਰੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਦਿੱਤੇ ਪਹਿਲੇ ਪ੍ਰਵਚਨਾਂ ਦੀ ਵਰ੍ਹੇਗੰਢ ਮਨਾਉਣ ਦੀ ਗੱਲ ਆਖੀ ਹੈ ਜਿਸ ਨੂੰ ਭੰਡਾਰੇ ਦੇ ਰੂਪ ’ਚ ਮਨਾਇਆ ਜਾਣਾ ਹੈ। ਸ਼ਾਹ ਮਸਤਾਨਾ ਨੇ 29 ਅਪ੍ਰੈਲ 1947 ਨੂੰ ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਪਨਾ ਕੀਤੀ ਅਤੇ ਮਈ ਮਹੀਨੇ ਚ ਪਹਿਲੀ ਵਾਰ ਆਪਣੇ ਪੈਰੋਕਾਰਾਂ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਡੇਰਾ ਸਿਰਸਾ ਦੇ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ 14 ਮਈ 2007 ਨੂੰ ਸਲਾਬਤਪੁਰਾ ਵਿੱਚ ਜਾਮ ਏ ਇੰਸਾਂ ਪਿਆਇਆ ਸੀ ।
ਸਲਾਬਤਪੁਰਾ ਤੋਂ ਬਾਅਦ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਸਿਰਸਾ ਦੇ ਵਿਚ ਇਸ ਤੋਂ ਵੱਡਾ ਇਕੱਠ ਰੱਖਿਆ ਜਾਣਾ ਹੈ।ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵੱਲੋਂ ਲੰਘੀ 29 ਅਪ੍ਰੈਲ ਨੂੰ ਆਪਣੇ ਪੈਰੋਕਾਰਾਂ ਨੂੰ ਲਿਖੀ ਚਿੱਠੀ ਰਾਹੀ ਇਸ ਸਬੰਧ ਵਿੱਚ ਨਿਰਦੇਸ਼ ਦਿੱਤੇ ਸਨ । ਜਿਨ੍ਹਾਂ ਦੀ ਪਾਲਣਾ ਤਹਿਤ ਹੁਣ ਸਲਾਬਤਪੁਰਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਲਈ ਡੇਰਾ ਸਲਾਬਤਪੁਰਾ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਸਮਾਗਮਾਂ ਦੌਰਾਨ ਨਵੇਂ ਸਮਾਜ ਸੇਵੀ ਕਾਰਜਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।
ਗਰਮੀ ਦੇ ਮੌਸਮ ਨੂੰ ਦੇਖਦਿਆਂ ਸਮਾਗਮ ਦੌਰਾਨ ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਕਈ ਟੀਮਾਂ ਸਲਾਬਤਪੁਰਾ ਦਾ ਦੌਰਾ ਕਰ ਚੁੱਕੀਆਂ ਹਨ।ਮੌਸਮ ਵਿੱਚ ਗਰਮਾਹਟ ਦੇ ਬਾਵਜੂਦ ਡੇਰਾ ਪੈਰੋਕਾਰ ਇਸ ਸੰਮੇਲਨ ਨੂੰ ਪੂਰੀ ਤਰਾਂ ਸਫਲ ਬਨਾਉਣ ’ਚ ਜੁਟ ਗਏ ਹਨ। ਪਤਾ ਲੱਗਿਆ ਹੈ ਕਿ ਪ੍ਰਬੰਧਕਾਂ ਵੱਲੋਂ ਪਿੰਡ ਪੱਧਰ ਦੇ ਆਗੂਆਂ ਤੱਕ ਸੁਨੇਹੇ ਭੇਜਕੇ ਡੇਰਾ ਪੈਰੋਕਾਰਾਂ ਨੂੰ ਸਲਾਬਤਪੁਰਾ ਲਿਆਉਣ ਲਈ ਆਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਸਲਾਬਤਪੁਰਾ ਡੇਰੇ ’ਚ ਲੱਖਾਂ ਦਾ ਇਕੱਠ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਦੇ ਠਹਿਰਨ ਅਤੇ ਲੰਗਰ ਆਦਿ ਦੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ ਜਿੰਨ੍ਹਾਂ ’ਚ ਸੁਰੱਖਿਆ ਪ੍ਰਬੰਧ ਵੀ ਸ਼ਾਮਲ ਹਨ ।ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਉਹਨਾਂ ਲਈ ਆਪਣੇ ਗੁਰੂ ਦਾ ਹੁਕਮ ਖਾਸ ਮਹੱਤਵ ਰੱਖਦਾ ਹੈ ਜਿਸ ਕਰਕੇ ਸਲਾਬਤਪੁਰਾ ’ਚ ਆਮ ਦਿਨਾਂ ਨਾਲੋਂ ਕਿਤੇ ਜਿਆਦਾ ਇਕੱਠ ਹੋਵੇਗਾ। ਪ੍ਰਬੰਧਕਾਂ ਨੇ ਗੱਡੀਆਂ ਖੜੀਆਂ ਕਰਨ ਲਈ ਅੱਧੀ ਦਰਜਨ ਦੇ ਕਰੀਬ ਟ੍ਰੈਫਿਕ ਗਰਾਊਂਡ ਬਣਾਏ ਹਨ। ਡੇਰਾ ਸੱਚਾ ਸੌਦਾ ਤੋਂ ਛਪਣ ਵਾਲੇ ਅਖਬਾਰ ‘ਸੱਚ ਕਹੂੰ’ ਨੇ ਡੇਰਾ ਪੈਰੋਕਾਰਾਂ ਨੂੰ ਸਲਾਬਤਪੁਰਾ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।
ਸਮਾਗਮ ਦੀ ਸਫਲਤਾ ਲਈ ਤਿਆਰੀਆਂ ਜਾਰੀ :ਪ੍ਰਬੰਧਕ
ਡੇਰਾ ਸੱਚਾ ਸੌਦਾ ਦੇ 85 ਮੈਂਬਰ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ 14 ਮਈ ਦੇ ਸਮਾਗਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ ਪਹਿਲੀ ਵਾਰ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਸਾਧ ਸੰਗਤ ਲਈ ਖਾਣ ਪੀਣ, ਪਾਣੀ ਅਤੇ ਗਰਮੀ ਤੋਂ ਬਚਾਅ ਦੇ ਨਾਲ ਨਾਲ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ।
Advertisement