ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਲੈ ਲਈ ਜਾਨ, ਪੁੱਤ ਤਾਂ ਚਲਾ ਗਿਆ,,,ਹੁਣ ਕਾਰਵਾਈਆਂ ਪੱਲੇ ਰਹਿਗੀਆਂ,,
ਰਘਵੀਰ ਹੈਪੀ, ਬਰਨਾਲਾ 21 ਅਪ੍ਰੈਲ 2023
ਪ੍ਰਸ਼ਾਸ਼ਨਿਕ ਅਧਿਕਾਰੀਆਂ ,ਦੁਕਾਨ ਮਾਲਿਕ ਅਤੇ ਟਰਾਲਾ ਚਾਲਕ ਦੀ ਘੋਰ ਲਾਪਰਵਾਹੀ ਨੇ ਲੰਘੀ ਰਾਤ ਮਾਪਿਆਂ ਦਾ ਜੁਆਨ ਪੁੱਤ , ਉਨ੍ਹਾਂ ਤੋਂ ਸਦਾ ਲਈ ਖੋਹ ਲਿਆ। ਜਦੋਂਕਿ ਇੱਕ ਹੋਰ ਨੌਜਵਾਨ ਗੰਭੀਰ ਹਾਲਤ ‘ਚ ਜਿੰਦਗੀ ਲਈ ਮੌਤ ਨਾਲ ਸਿਵਲ ਹਸਪਾਤਲ ਬਰਨਾਲਾ ਵਿੱਚ ਜੂਝ ਰਿਹਾ ਹੈ। ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ, ਲੰਘੀ ਰਾਤ ਹੰਡਿਆਇਆ-ਬਰਨਾਲਾ ਮੁੱਖ ਸੜਕ ਤੇ ਵਾਪਿਰਆ । ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਵਾਸੀ ਧਨੌਲਾ ਰੋਡ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 28 ਕੁ ਵਰ੍ਹਿਆਂ ਦਾ ਪੁੱਤਰ ਈਸ਼ਵਰ ਸਿੰਘ ਆਪਣੇ ਮੁਲਾਜਮ ਨਾਲ, ਬਠਿੰਡਾ ਤੋਂ ਕਿਸੇ ਦਾ ਕੰਮ ਕਰਕੇ ਮੋਟਰਸਾਈਕਲ ਤੇ ਘਰ ਵਾਪਿਸ ਪਰਤ ਰਿਹਾ ਸੀ। ਜਦੋਂ ਉਹ ਦੋਵੇਂ ਬਰਨਾਲਾ-ਹੰਡਿਆਇਆ ਮੁੱਖ ਸੜਕ ਪਰ, ਗੁਰੂਦੁਆਰਾ ਪ੍ਰਗਟਸਰ ਨੇੜੇ ਲੰਘੇ ਤਾਂ ਇੱਕ ਵੱਡਾ ਟਰਾਲਾ, ਸੜਕ ਤੇ ਬਿਨਾਂ ਕਿਸੇ ਡਿਪਰ ਲਗਾਏ,ਸੀਮਿੰਟ ਦੀਆਂ ਬੋਰੀਆਂ ਸੀਮਿੰਟ ਸਟੋਰ ਤੇ ਲਾਹ ਰਿਹਾ ਸੀ। ਸੀਮਿੰਟ ਸਟੋਰ ਵਾਲੇ ਨੇ, ਆਪਣੇ ਸਟੋਰ ਦੇ ਬਾਹਰ ਸੜਕ ਕਿਨਾਰੇ, ਗੈਰਕਾਨੂੰਨੀ ਢੰਗ ਨਾਲ ਬਰੇਤੀ ਦਾ ਢੇਰ ਵੀ ਲਗਾ ਰੱਖੇ ਸਨ। ਇਸੇ ਦੌਰਾਨ ਈਸ਼ਵਰ ਸਿੰਘ ਹੋਰਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਟਰਾਲੇ ਵਿੱਚ ਟਕਰਾ ਗਿਆ। ਹਾਦਸਾ ਇੱਨ੍ਹਾਂ ਭਿਅੰਕਰ ਸੀ ਕਿ ਈਸ਼ਵਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂਕਿ ਉਸ ਦੇ ਨਾਲ ਬੈਠੇ ਸਾਥੀ ਨੂੰ ਗੰਭੀਰ ਹਾਲਤ ਵਿੱਚ ਆਸ ਪਾਸ ਦੇ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਇਨਕਲਾਬੀ ਕੇਂਦਰ ਦੇ ਜਿਲਾ ਪ੍ਰਧਾਨ ਕਾਮਰੇਡ ਡਾ. ਰਜਿੰਦਰ ਪਾਲ ਨੇ ਕਿਹਾ ਕਿ ਇਹ ਹਾਦਸਾ ਪ੍ਰਸ਼ਾਸ਼ਨਿਕ ਅਧਿਕਾਰੀਆਂ ,ਦੁਕਾਨ/ਸਟੋਰ ਮਾਲਿਕ ਅਤੇ ਟਰਾਲਾ ਚਾਲਕ ਦੀ ਘੋਰ ਲਾਪਰਵਾਹੀ ਕਾਰਣ ਵਾਪਰਿਆ ਹੈ। ਉਨਾਂ ਕਿਹਾ ਕਿ ਸੀਮਿੰਟ ਸਟੋਰ ਮਾਲਿਕ ਨੇ ਗੈਰਕਾਨੂੰਨੀ ਢੰਗ ਨਾਲ ਸੜਕ ਕਿਨਾਰੇ ਬਰੇਤੀ ਤੇ ਬਜਰੀ ਦੇ ਢੇਰ ਲਗਾ ਰੱਖੇ ਹਨ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਆਵਾਜਾਈ ਵਿੱਚ ਅੜਿੱਕਾ ਪਾਉਂਦੇ ਅਤੇ ਹਾਦਸਿਆਂ ਦਾ ਕਾਰਣ ਬਣਦੇ ਅਜਿਹੇ ਢੇਰਾਂ ਨੂੰ ਚੁਕਵਾਉਣ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਜਦੋਂਕਿ ਸੀਮਿੰਟ ਸਟੋਰ ਮਾਲਿਕ/ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਟਰਾਲਾ ਚਾਲਕ,ਇਹ ਗੱਲ ਤੋਂ ਚੰਗੀ ਤਰਾਂ ਜਾਣੂ ਹਨ ਕਿ ਉਨਾਂ ਦੀ ਲਾਪਰਵਾਹੀ ਕਿਸੇ ਦੀ ਜਾਨ ਵੀ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਹਾਦਸੇ ਦਾ ਕਾਰਣ ਬਣੇ ਵਿਅਕਤੀਆਂ ਖਿਲਾਫ ਸਖਤ ਧਾਰਾਵਾਂ ਲਾ ਕੇ ਕੇਸ ਦਰਜ਼ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਸਖਤ ਤੋਂ ਸਖਤ ਸਜਾ ਦਿਵਾਈ ਜਾਵੇ ਤਾਂਕਿ ਅੱਗੇ ਨੂੰ ਅਜਿਹੇ ਕਾਰਣਾ ਕਰਕੇ,ਕਿਸੇ ਹੋਰ ਵਿਅਕਤੀ ਦੀ ਜਾਨ ਨਾ ਚਲੀ ਜਾਵੇ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨਖ਼ ਸਿਰਡ ਟਾਰਾਲਾ ਚਾਲਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ,ਹੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜਥੇਬੰਦਕ ਤਾਕਤ ਨਾਲ ਸੰਘਰਸ਼ ਦਾ ਰਾਹ ਫੜ੍ਹ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਇਨਸਾਫ ਲੈਣ ਲਈ ਮਜਬੂਰ ਹੋਣਾ ਪਵੇਗਾ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਟਰਾਲਾ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਲਈ ਜਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹ ਕਹਿੰਦਾ ਮਾਂ ਮੈਂ ਆ ਗਿਆ ਤੇ ,,,
ਮ੍ਰਿਤਕ ਈਸ਼ਵਰ ਸਿੰਘ ਦੀ ਮਾਂ ਹਰਦੀਪ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਨੇ ਵਿਰਲਾਪ ਕਰਦਿਆਂ ਕਿਹਾ ਕਿ ਹਾਦਸੇ ਤੋਂ ਮਸਾਂ 20/25 ਮਿੰਟ ਪਹਿਲਾਂ ਉਸ ਨੇ ਫੋਨ ਕਰਕੇ, ਕਿਹਾ ਸੀ, ਮਾਂ ਮੈਂ ਬਰਨਾਲਾ ਆ ਗਿਆ, ਪਰ, ਉਹ ਤੇ ਸਦਾ ਲਈ ਹੀ, ਤੁਰ ਗਿਆ । ਹੁਣ ਤਾਂ ਸਾਡੇ ਪੱਲੇ। ਕਾਨੂੰਨੀ ਕਾਰਵਾਈ ਹੀ ਰਹਿ ਗਈੇ। ਸਾਡਾ ਪੁੱਤ ਦੇ ਚਲੇ ਜਾਣ ਦਾ ਘਾਟਾ,ਕਦੇ ਪੂਰਾ ਨਹੀਂ ਹੋਣਾ । ਵਰਨਣਯੋਗ ਹੈ ਕਿ ਈਸ਼ਵਰ ਸਿੰਘ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ ਤੇ ਇਹੋ ਹੀ, ਇੱਥੇ ਮਾਪਿਆਂ ਦਾ ਸਹਾਰਾ ਸੀ। ਈਸ਼ਵਰ ਸਿੰਘ ਦੀ ਧਨੌਲਾ ਰੋਡ ਤੇ ਜੇ.ਸੀ.ਬੀ/ਰੋਡ ਰੂਲਰ ਤੇ ਹੋਰ ਭਾਰੀ ਵਾਹਨਾਂ ਦੀ ਰਿਪੇਅਰ ਲਈ ਆਪਣੀ ਵਰਕਸ਼ਾਪ ਸੀ।