ਅਧਿਆਪਕਾਂ ਦੀ ਸਰਕਾਰ ਨੂੰ ਚਿਤਾਵਨੀ, ਮੰਗਾਂ ‘ਤੇ ਸੁਣਵਾਈ ਨਾ ਕੀਤੀ ਤਾਂ ਕਰਾਂਗੇ ਜਲੰਧਰ ‘ਚ ਰੈਲੀ

Advertisement
Spread information

ਰਘਵੀਰ ਹੈਪੀ , ਬਰਨਾਲਾ 20 ਅਪ੍ਰੈਲ 2023

      ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ‘ਸੰਘਰਸ਼ੀ ਪੰਦਰਵਾੜੇ’ ਦੇ ਦਿੱਤੇ ਸੱਦੇ ਅਨੁਸਾਰ ਡੀ.ਟੀ.ਐੱਫ ਦੀ ਜ਼ਿਲ੍ਹਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਵੱਲ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ “ਮੰਗ ਪੱਤਰ” ਅਤੇ ਨਵੀਂ ਸਿੱਖਿਆ ਨੀਤੀ ਅਤੇ ਸਕੂਲ ਆਫ਼ ਐਮੀਨੈਂਸ ਸਬੰਧੀ “ਸਵਾਲ ਪੱਤਰ” ਭੇਜਿਆ ਗਿਆ।                                                         ਇਸ ਸਮੇਂ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਮੁਲਾਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਤੇ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸਨ। ਪਰ ਸੱਤਾ ਪ੍ਰਾਪਤੀ ਦਾ ਇੱਕ ਸਾਲ ਬੀਤਣ ਦੇ ਬਾਵਜੂਦ ਸਰਕਾਰ ਮੁਲਾਜ਼ਮ ਮੰਗਾਂ ਨੂੰ ਲੈ ਕੇ ਕਿਸੇ ਪਾਸਿਓ ਵੀ ਗੰਭੀਰ ਨਹੀਂ ਜਾਪ ਰਹੀ। ਉਹਨਾਂ ਦੱਸਿਆ ਕਿ 2011 ਤੋਂ ਸਿਰਫ 10300 ਦੀ ਨਿਗੁਣੀ ਤਨਖਾਹ ਤੇ ਸਿੱਖਿਆ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ 125 ਦੇ ਕਰੀਬ ਓ.ਡੀ.ਅੇੈੱਲ ਅਧਿਆਪਕਾਂ ਨੂੰ ਬਿਨਾਂ ਦੇਰੀ ਤੁਰੰਤ ਰੈਗੂਲਰ ਕਰਨ, ਕੇਂਦਰ ਸਰਕਾਰ ਵੱਲੋਂ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਂਕਰਨ ਪੱਖੀ ਨਵੀਂ ਸਿੱਖਿਆ ਨੀਤੀ 2020 ਨੂੰ ਮੁੱਢੋਂ ਰੱਦ ਕਰਨ, ਸਿੱਖਿਆ ਨੂੰ ਸੰਵਿਧਾਨ ਦੀ ਸਮਵਰਤੀ ਸੂਚੀ ਦੀ ਥਾਂ ਮੁੜ ਰਾਜ ਸੂਚੀ ਵਿੱਚ ਲਿਆਉਣ, ਪੰਜਾਬ ਦੇ ਸੱਭਿਆਚਾਰਕ, ਸਮਾਜਿਕ ਅਤੇ ਭਾਸ਼ਾਈ ਵਿਭਿੰਨਤਾ ਅਨੁਸਾਰ ਆਪਣੀ ਸਿੱਖਿਆ ਨੀਤੀ ਬਣਾਉਣ, ਪ੍ਰੀ ਪ੍ਰਾਇਮਰੀ ਤੋਂ ਪੋਸਟ ਗਰੈਜ਼ੂਏਸ਼ਨ ਤੱਕ ਦੀ ਸਿੱਖਿਆ ਸਰਕਾਰੀ ਪੱਧਰ ਤੇ ਮੁਫ਼ਤ ਤੇ ਮਿਆਰੀ ਦੇਣ, 2021 ਦੀਆਂ ਹੋਈਆਂ ਲਾਗੂ ਹੋਣੋਂ ਰਹਿੰਦੀਆਂ ਬਦਲੀਆਂ ਨੂੰ ਤੁਰੰਤ ਪੂਰਨ ਰੂਪ ਵਿੱਚ ਲਾਗੂ ਕਰਨ, ਪੰਜਾਬ ਰਾਜ ਛੇਵਾਂ ਤਨਖਾਹ ਕਮਿਸ਼ਨ ਦੀ ਬਣਦੀ ਸੁਧਾਈ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਫੌਰੀ ਜਾਰੀ ਕਰਨ, ਬੇਰੁਜ਼ਗਾਰਾਂ ਨੂੰ ਪੱਕਾ ਰੁਜਗਾਰ ਦੇਣ, ਸਮੂਹ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਨੂੰ 1972 ਦੇ ਪੈਨਸ਼ਨ ਅੇੈਕਟ ਤਹਿਤ ਪੂਰੀ ਤਰ੍ਹਾਂ ਬਹਾਲ ਕਰਨ, ਅਧਿਆਪਕਾਂ ਦੀਆਂ ਸਾਰੇ ਕੇਡਰਾਂ ਦੀ ਤਰੱਕੀਆਂ ਕਰਨ, ਖੋਹੇ ਪੇਂਡੂ ਭੱਤਾ, ਬਾਰਡਰ ਭੱਤਾ ਸਮੇਤ ਸਾਰੇ ਭੱਤੇ ਲਾਗੂ ਕਰਨ, ਕੰਪਿਊਟਰ ਅਧਿਆਪਕਾਂ ਨੂੰ ਤਨਖਾਹ ਸਕੇਲ ਲਾਗੂ ਕਰਕੇ ਵਿਭਾਗ ਵਿੱਚ ਮਰਜ਼ ਕਰਨ, ਹਰੇਕ ਤਹਿਸੀਲ ਵਿੱਚ ਟੀਚਰਜ਼ ਹੋਮ ਬਣਾਉਣ, 228 ਪੀ.ਟੀ.ਆਈ. ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿੱਚ ਵਾਪਸ ਭੇਜਣ, ਦੂਰ ਦੁਰਾਡੇ ਜਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਕਰਾਉਣ ਦਾ ਮੌਕਾ ਦੇਣ, ਪ੍ਰਿੰਸੀਪਲਾਂ ਹੈੱਡਮਾਸਟਰਾਂ ਅਤੇ ਕਲਰਕਾਂ ਤੋ ਵਾਧੂ ਸਕੂਲਾਂ ਦਾ ਚਾਰਜ਼ ਵਾਪਸ ਲੈਣ, ਡੀ.ਪੀ.ਆਈਜ਼. ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁੱਖ ਦਫ਼ਤਰ ਵਿੱਚ ਪੈਡਿੰਗ ਮਾਮਲਿਆਂ ਦਾ ਨਿਪਟਾਰਾ ਕਰਨ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। 

  ਡੀ.ਟੀ.ਐੱਫ. ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਇਹਨਾਂ ਹੱਕੀ ਮੰਗਾਂ ਦਾ ਹੱਲ ਜਲਦ ਨਾ ਕੱਢਿਆ ਗਿਆ ਅਤੇ ਸਿੱਖਿਆ ਦਾ ਉਜਾੜਾ ਕਰਨ ਵਾਲੀਆਂ ਨੀਤੀਆਂ ਤੇ ਠੱਲ੍ਹ ਨਾ ਪਾਈ ਗਈ ਤਾਂ ਪੰਜਾਬ ਸਰਕਾਰ ਖ਼ਿਲਾਫ਼ 30 ਅਪ੍ਰੈਲ ਨੂੰ ਜਲੰਧਰ ਵਿਖੇ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਕਰਦਿਆਂ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ, ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ,ਬਲਾਕ ਪ੍ਰਧਾਨ ਸੱਤਪਾਲ ਬਾਂਸਲ, ਮਾਲਵਿੰਦਰ ਸਿੰਘ,ਬਲਾਕ ਸਕੱਤਰ ਦਰਸ਼ਨ ਬਦਰਾ ਤੋਂ ਇਲਾਵਾ ਮਨਮੋਹਨ ਭੱਠਲ,ਹੈਡਮਾਸਟਰ ਪਰਦੀਪ ਕੁਮਾਰ,ਸੁਰਿੰਦਰ ਤਪਾ,ਵਰਿੰਦਰ ਕੁਮਾਰ,ਭੁਪਿੰਦਰ ਸੇਖਾ,ਕੁਲਦੀਪ ਸੰਘੇੜਾ,ਕੁਲਵੰਤ ਕੁਠਾਲਾ ਤੇ ਕਰਨ ਬਾਤਿਸ਼ ਆਦਿ ਆਗੂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!