ਅਸ਼ੋਕ ਵਰਮਾ , ਬਠਿੰਡਾ,15 ਅਪ੍ਰੈਲ 2023
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਤਲਵੰਡੀ ਸਾਬੋ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਅਤੇ ਸਿੱਖ ਕਦੇ ਆਤਮਸਮਰਪਣ ਨਹੀਂ ਕਰਦੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਵੱਖ ਵੱਖ ਮੁੱਦਿਆਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤਪਾਲ ਸਿੰਘ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਅਤੇ ਉਨ੍ਹਾਂ ਵੱਲੋਂ ਜਾਰੀ ਆਦੇਸ਼ਾਂ ਬਾਰੇ ਸਖ਼ਤ ਟਿੱਪਣੀਆਂ ਕੀਤੀਆਂ।
ਮੀਡੀਆ ਕਰਮੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ-ਸਮਰਪਣ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਸਿੱਖ ਕਦੇ ਸਰੰਡਰ ਨਹੀਂ ਕਰਦੇ।’ ਸ੍ਰੀ ਮਾਨ ਨੇ ਅੱਗੋਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ‘ਕੀ ਸੰਤ ਜਰਨੈਲ ਸਿੰਘ ਨੇ ਸਿਰੰਡਰ ਕੀਤਾ ਸੀ? ਉਨ੍ਹਾਂ ਦੀ ਛਾਤੀ ’ਤੇ 78 ਗੋਲ਼ੀਆਂ ਲੱਗੀਆਂ ਸਨ।’ ਇਹ ਪੁੱਛਣ ’ਤੇ ਕਿ ‘ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਪੁਲੀਸ ਦੀ ਗਿ੍ਰਫ਼ਤ ਤੋਂ ਬਾਹਰ ਹਨ ਅਤੇ ਉਸ ਤੋਂ ਬਾਅਦ ਕੀ ਉਸ ਦੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ?’
ਸ੍ਰੀ ਮਾਨ ਨੇ ਜਵਾਬ ਦਿੱਤਾ ਕਿ ‘ਮੈਂ ਕਿਉਂ ਦੱਸਾਂ ਹੋਈ ਹੈ ਕਿ ਨਹੀਂ। ਜੇ ਉਹ ਰੂਪੋਸ਼ ਹਨ ਤਾਂ ਹੈਗੇ ਨੇ। ਤੁਸੀਂ ਮੈਥੋਂ ਕੀ ਕਹਾਉਣਾ ਚਾਹੁੰਦੇ ਹੋ?’
ਮੀਡੀਆ ਕਰਮੀਆਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਸਿੱਖ ਕਦੇ ਸਿਰੰਡਰ ਨਹੀਂ ਕਰਦੇ। ਇਸ ਤਰ੍ਹਾਂ ਤਾਂ ਫਿਰ ਦੋ ਵੱਖ-ਵੱਖ ਧਾਰਾਵਾਂ ਹੋ ਗਈਆਂ।
ਸਿਮਰਨਜੀਤ ਸਿੰਘ ਮਾਨ ਦਾ ਉੱਤਰ ਸੀ ਕਿ ‘ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯੁਕਤ ਕੀਤਾ ਹੈ ਅਤੇ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 12 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਉਨ੍ਹਾਂ ਦਲੀਲ ਦਿੱਤੀ ਕਿ ਫ਼ਰਜ਼ ਕਰੋ ਅਗਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨਾ ਕਰਾਉਣ ਅਤੇ ਉਂਜ ਹੀ ਅਹੁਦਿਆਂ ’ਤੇ ਨਿਯੁਕਤੀ ਕਰ ਦੇਣ।
ਸ੍ਰੀ ਮਾਨ ਨੇ ਕਿਹਾ ਕਿ ਉਹ ਨਿਯੁਕਤੀ ਜਾਇਜ਼ ਨਹੀਂ ਹੋਵੇਗੀ। ਇਸੇ ਤਰ੍ਹਾਂ ਜਥੇਦਾਰ ਦੀ ਨਿਯੁਕਤੀ ਵੀ ਜਾਇਜ਼ ਨਹੀਂ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਉਹ (ਜਥੇਦਾਰ) ਤਾਂ ਕਿਸੇ ਮਸਲੇ ’ਤੇ ਗੱਲ ਹੀ ਨਹੀਂ ਕਰ ਸਕਦੇ। ਸ੍ਰੀ ਮਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ (ਜਥੇਦਾਰ) ਨੂੰ ਪੁੱਛੋ ਕਿ ਕਿਹੜੇ ਸਿੱਖ ਨੇ ਸਿਰੰਡਰ ਕੀਤਾ ਹੈ? ਉਨ੍ਹਾਂ ਆਖਿਆ ਕਿ ‘ਮੈਂ ਜਦੋਂ ਨੇਪਾਲ ਦੇ ਬਾਰਡਰ ’ਤੇ ਫੜ੍ਹਿਆ ਗਿਆ ਸੀ ਤਾਂ ਮੈਂ ਹੱਥ ਖੜ੍ਹੇ ਕੀਤੇ ਸੀ?’
ਮੀਡੀਆ ਕਰਮੀਆਂ ਵੱਲੋਂ ਇਹ ਪੁੱਛਣ ’ਤੇ ਕਿ ‘ਕੀ ਤੁਸੀਂ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦੇ?’ ਤਾਂ ਉਨ੍ਹਾਂ ਦਾ ਉੱਤਰ ਸੀ ਕਿ ‘ਮੈਂ ਇਹੋ ਜਿਹੀ ਗੱਲ ਨਹੀਂ ਕਰਨਾ ਚਾਹੁੰਦਾ।’ ਉਨ੍ਹਾਂ ਪਿਛਲੇ ਦਿਨੀਂ ਗਿ੍ਰਫ਼ਤਾਰ ਵਿਅਕਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਸਾਰਿਆਂ ’ਤੇ ਐਨਐਸਏ ਨਜਾਇਜ਼ ਲੱਗਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲੇ ਤੱਕ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਿਸੇ ਜੁਰਮ ਦਾ ਸਬੂਤ ਸਾਹਮਣੇ ਨਹੀਂ ਆਇਆ ਹੈ।