ਮੁੱਛ ਦਾ ਸਵਾਲ ਬਣੀ, ਨਗਰ ਕੌਂਸਲ ਦੀ ਮੀਟਿੰਗ ਹੋਈ ਸੰਪੰਨ, ਆਪ ਸਮੱਰਥਕ ਮੈਂਬਰ ਰਹੇ ਗੈਰਹਾਜ਼ਿਰ
ਹੁਣ ਕਾਨੂੰਨੀ ਦਾਅ ਪੇਚ ਅਤੇ ਸੱਤਾ ਦੇ ਪ੍ਰਭਾਵ ‘ਚੋਂ ਨਿੱਕਲੂ ਮੀਟਿੰਗ ਦੀ ਕਾਰਵਾਈ ਦਾ ਨਤੀਜ਼ਾ
ਹਰਿੰਦਰ ਨਿੱਕਾ , ਬਰਨਾਲਾ 29 ਮਾਰਚ 2023
ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਨਗਰ ਕੌਂਸਲ ਦੀ ਸੱਤਾ ਤੇ ਕਾਬਿਜ਼ ਧਿਰ ਲਈ, ਮੁੱਛ ਦਾ ਸਵਾਲ ਬਣੀ ਨਗਰ ਕੌਂਸਲ ਬਰਨਾਲਾ ਦੀ ਅੱਜ ਰੱਖੀ ਗਈ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਪ੍ਰਧਾਨਗੀ ਵਿੱਚ ਬਿਨਾਂ ਕਿਸੇ ਰੌਲੇ ਰੱਪੇ ਤੋਂ ਸ਼ਾਂਤਮਈ ਢੰਗ ਨਾਲ ਸੰਪੰਨ ਹੋ ਗਈ। ਮੀਟਿੰਗ ਵਿੱਚ ਹਾਊਸ ਦੇ ਚੁਣੇ ਹੋਏ 31 ਮੈਂਬਰਾਂ ਵਿੱਚੋਂ 15 ਮੈਂਬਰ ਸ਼ਾਮਿਲ ਹੋਏ। ਜਦੋਂਕਿ ਸ਼ਹਿਰ ਦੇ ਵਿਕਾਸ ਕੰਮਾਂ ਅਤੇ ਸਲਾਨਾ ਬੱਜਟ ਲਈ ਰੱਖੀ ਇਸ ਅਹਿਮ ਮੀਟਿੰਗ ‘ਚੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਸਮੱਰਥਕ ਮੈਂਬਰ ਗੈਰਹਾਜ਼ਿਰ ਰਹੇ। ਮੀਟਿੰਗ ਤੋਂ ਬਾਅਦ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਦੱਬੇ ਪੈਰੀਂ ਪਰਸੀਡਿੰਗ ਬੁੱਕ ਅਤੇ ਮੀਟਿੰਗ ਦਾ ਹਾਜ਼ਰੀ ਰਜਿਸਟਰ ਲੈ ਕੇ,ਔਹ ਗਏ, ਔਹ ਗਏ ਹੋ ਗਏ। ਸਫਲਤਾ ਪੂਰਵਕ ਹੋਈ ਇਸ ਮੀਟਿੰਗ ਨੂੰ ਕੌਂਸਲ ਦੀ ਸੱਤਾ ਤੇ ਕਾਬਿਜ਼ ਧਿਰ ਦੇ ਮੈਂਬਰ ਆਪਣੀ ਜਿੱਤ ਦਰਸਾ ਰਹੇ ਹਨ । ਪਰੰਤੂ ਆਮ ਆਦਮੀ ਪਾਰਟੀ ਦੇ ਸਮੱਰਥਕ ਮੈਂਬਰ, ਮੀਟਿੰਗ ਵਿੱਚ ਮੈਂਬਰਾਂ ਦੀ ਘੱਟਗਿਣਤੀ ਤੇ ਹੀ ਸੰਤੁਸ਼ਟੀ ਜਤਾ ਕੇ,ਆਪਣੀ ਪਿੱਠ ਥਪਥਪਾ ਰਹੇ ਹਨ।
ਸਰਬਸੰਮਤੀ ਨਾਲ ਪ੍ਰਵਾਨ ਹੋਈਆਂ ਸਾਰੀਆਂ ਤਜਵੀਜਾਂ
ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਊਸ ਦੇ 15 ਮੈਂਬਰ ਮੀਟਿੰਗ ਵਿੱਚ ਹਾਜ਼ਿਰ ਹੋਏ। ਜਦੋਂਕਿ ਬਾਕੀ 16 ਮੈਂਬਰ ਮੀਟਿੰਗ ਵਿੱਚ ਨਹੀਂ ਪਹੁੰਚੇ। ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆਂ ਹਾਊਸ ਦੀ ਪਹਿਲਾਂ ਹੋਈ ਆਮ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਅਜੰਡੇ ਵਿੱਚ ਸ਼ਾਮਿਲ ਸਾਰੀਆਂ ਤਜਵੀਜਾਂ ਨੂੰ ਅਤੇ ਪੇਸ਼ ਕੀਤੇ ਸਲਾਨਾ ਬੱਜਟ ਨੂੰ ਹਾਊਸ ਦੇ ਹਾਜ਼ਿਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ । ਉਨਾਂ ਮੀਟਿੰਗ ਵਿੱਚੋਂ ਗੈਰਹਾਜ਼ਿਰ ਰਹੇ, ਆਮ ਆਦਮੀ ਪਾਰਟੀ ਦੇ ਸਮੱਰਥਕ ਮੈਂਬਰਾਂ ਬਾਰੇ ਪੁੱਛਣ ਤੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਧਿਰ ਨਾਲ ਜੁੜੇ ਮੈਂਬਰਾਂ ਦਾ ਮੀਟਿੰਗ ਚੋਂ ਗੈਰਹਾਜ਼ਿਰ ਰਹਿਣਾ ਮੰਦਭਾਗੀ ਗੱਲ ਹੈ। ਮੀਟਿੰਗ ਵਿੱਚ ਵਰਕਸ ਸ਼ਾਖਾ ਵੱਲੋਂ ਸ਼ਹਿਰ ਦੇ ਸਮੂਹ ਵਾਰਡਾਂ ਅੰਦਰ ਵਿਕਾਸ ਕੰਮਾਂ ਲਈ ਤਜ਼ਵੀਜ਼ਾਂ ਬਿਨਾਂ ਕਿਸੇ ਪੱਖਪਾਤ ਤੋਂ ਰੱਖੀਆਂ ਗਈਆਂ ਸਨ। ਅਜਿਹੀ ਵਿਕਾਸ ਕੰਮਾਂ ਲਈ ਰੱਖੀ ਮੀਟਿੰਗ ਵਿੱਚ ਹਰ ਮੈਂਬਰ ਨੂੰ ਹਾਜ਼ਿਰ ਰਹਿਣਾ ਚਾਹੀਦਾ ਹੈ। ਤਾਂਕਿ ਉਹ ਵੀ ਸ਼ਹਿਰ ਦੇ ਵਿਕਾਸ ਕੰਮਾਂ ਲਈ ਆਪਣੀ ਕੀਮਤੀ ਰਾਇ ਰੱਖ ਸਕਣ। ਜੇਕਰ ਕਿਸੇ ਤਜ਼ਵੀਜ਼ ਤੇ ਉਨ੍ਹਾਂ ਨੂੰ ਕੋਈ ਇਤਰਾਜ ਹੋਵੇ, ਤਾਂ ਵੀ ਉਹ ਮੀਟਿੰਗ ਵਿੱਚ ਬਾ ਦਲੀਲ ਆਪਣੀ ਗੱਲ ਰੱਖ ਸਕਦੇ ਹਨ। ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਜਾਂ ਲੋਕ ਸਭਾ ਦੀ ਤਰਾਂ ਹੀ ਸਥਾਨਕ ਸਰਕਾਰ, ਯਾਨੀ ਨਗਰ ਕੌਂਸਲ ਦੇ ਹਾਊਸ ਦਾ ਵੀ ਇੱਕ ਵੱਖਰਾ ਰੁਤਬਾ ਹੈ। ਇਸ ਲਈ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲਦਾ ਹੈ। ਪ੍ਰਧਾਨ ਨੇ ਕਿਹਾ ਕਿ ਅਜੰਡੇ ਵਿੱਚ ਰੱਖੀਆਂ ਕੁੱਲ 38 ਤਜਵੀਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ 4269 ਲੱਖ ਰੁਪਏ ਦਾ ਬਜਟ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਮੀਟਿੰਗ ਵਿੱਚ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਹਰਬਖਸ਼ੀਸ਼ ਸਿੰਘ ਗੋਨੀ, ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਕੌਂਸਲਰ ਅਜੇ ਕੁਮਾਰ , ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ,ਕੌਂਸਲਰ ਗੁਰਪ੍ਰੀਤ ਸਿੰਘ ਕਾਕਾ ਡੈਂਟਰ, ਕੌਂਸਲਰ ਗਿਆਨ ਕੌਰ , ਕੌਂਸਲਰ ਦੀਪਿਕਾ ਸ਼ਰਮਾ, ਕੌਂਸਲਰ ਰਾਣੀ ਕੌਰ , ਕੌਂਸਲਰ ਰਣਦੀਪ ਕੌਰ ਬਰਾੜ , ਕੌਂਸਲਰ ਸ਼ਬਾਨਾ ,ਕੌਂਸਲਰ ਸਰੋਜ ਰਾਣੀ, ਕੌਂਸਲਰ ਮੀਨੂੰ ਬਾਂਸਲ ਅਤੇ ਕੌਂਸਲਰ ਕਰਮਜੀਤ ਕੌਰ ਰੁਪਾਣਾ ਸ਼ਾਮਿਲ ਹੋਏ। ਪ੍ਰਧਾਨ ਰਾਮਣਵਾਸੀਆ ਨੇ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪ੍ਰੋਸੀਡਿੰਗ ਤੇ ਹਾਜ਼ਰੀ ਰਜਿਸਟਰ ਚੁੱਕ ਕੇ ਦਫਤਰੋਂ ਚਲੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਪ੍ਰਸ਼ਾਸ਼ਨਿਕ ਦਬਾਅ ਦੇ ਸਦਕਾ ਅਧਿਕਾਰੀ ਪ੍ਰੋਸੀਡਿੰਗ ਤੇ ਹਾਜਰੀ ਰਜਿਸ਼ਟਰ ਤੇ ਗੈਰਹਾਜ਼ਿਰ ਮੈਂਬਰਾਂ ਨੂੰ ਹਾਜ਼ਿਰ ਦਿਖਾਉਣ ਦੀ ਕੋਝੀ ਕੋਸ਼ਿਸ਼ ਵੀ ਕਰ ਸਕਦੇ ਹਨ। ਜੇ ਅਜਿਹਾ ਹੋਇਆ ਤਾਂ ਇਹ ਮਾਮਲੇ ਨੂੰ ਹਾਈਕੋਰਟ ਵਿੱਚ ਚੈਲੰਜ ਕਰਾਂਗੇ। ਹੁਣ ਕਾਨੂੰਨੀ ਦਾਅ ਪੇਚ ਬਨਾਮ ਰਾਜ ਸੱਤਾ ਦਾ ਪ੍ਰਭਾਵ
ਬੇਸ਼ੱਕ ਨਗਰ ਕੌਂਸਲ ਬਰਨਾਲਾ ਦੀ ਅੱਜ ਹੋਈ ਮੀਟਿੰਗ ਸ਼ਾਂਤੀਪੂਰਨ ਢੰਗ ਨਾਲ ਬਿਨਾਂ ਕਿਸੇ ਖੜ੍ਹਕੇ-ਦੜ੍ਹਕੇ ਤੋਂ ਸੰਪੰਨ ਹੋ ਗਈ ਅਤੇ ਸਾਰੀਆਂ ਤਜ਼ਵੀਜਾਂ ਅਤੇ ਬਜਟ ਵੀ ਸਰਸਬੰਮਤੀ ਨਾਲ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਪਾਸ ਹੋ ਗਿਆ। ਪਰੰਤੂ ਹੁਣ ਮੀਟਿੰਗ ਦੇ ਕੋਰਮ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਮਿਊਂਸਪਲ ਐਕਟ ਦੀ ਸੈਕਸ਼ਨ 27 ਦੇ ਅਨਸੁਾਰ ਸਪੈਸ਼ਲ ਮੀਟਿੰਗ ਲਈ ਹਾਊਸ ਦੇ ਮੈਂਬਰਾਂ ਦੀ ਬਹੁਸੰਮਤੀ, ਯਾਨੀ 31+ 1 ਐਮ.ਐਲ.ਏ. ਕੁੱਲ 32 ਮੈਂਬਰਾਂ ਵਿੱਚੋਂ 17 ਦਾ ਹਾਜ਼ਿਰ ਹੋਣਾ ਜਰੂਰੀ ਹੁੰਦਾ ਹੈ। ਸਧਾਰਨ ਮੀਟਿੰਗ ਵਿੱਚ 15 ਮੈਂਬਰਾਂ ਦੀ ਹਾਜ਼ਿਰੀ ਨਾਲ ਵੀ ਕੋਰਮ ਪੂਰਾ ਹੁੰਦਾ ਹੈ। ਪਰੰਤੂ 15 ਮੈ਼ਬਰਾਂ ਦੀ ਹਾਜ਼ਿਰੀ ਵਿੱਚ ਹੋਈ ਮੀਟਿੰਗ ਨੂੰ ਪਰਸੀਡਿੰਗ ਵਿੱਚ ਲਿਖੀ ਜਾਣ ਵਾਲੀ ਕਾਰਵਾਈ ਵਿੱਚ ਬਹੁਸੰਮਤੀ ਦੀ ਬਜਾਏ, ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ ਸ਼ਬਦ ਲਖਿਆ ਜਾਂਦਾ ਹੈ। ਜੇਕਰ ਬਹੁਸੰਮਤੀ ਸ਼ੰਮਤੀ ਸ਼ਬਦ ਵਰਤਿਆ ਗਿਆ ਤਾਂ ਮੀਟਿੰਗ ਦਾ ਕੋਰਮ ਪੂਰਾ ਨਹੀਂ ਸਮਝਿਆ ਜਾਂਦਾ, ਜੇਕਰ ਪ੍ਰਵਾਨ ਤਜਵੀਜਾਂ ਲਈ ਸਰਬਸੰਮਤੀ ਸ਼ਬਦ ਲਿਖਿਆ ਜਾਂਦਾ ਹੈ ਤਾਂ ਕਾਨੂੰਨੀ ਤੌਰ ਤੇ ਮੀਟਿੰਗ ਦਾ ਕੌਰਮ ਪੂਰਾ ਮੰਨਿਆ ਜਾਂਦਾ ਹੈ। ਇਸ ਤਰਾਂ ਬੇਸ਼ੱਕ ਅੱਜ ਦੀ ਮੀਟਿੰਗ ਦਾ ਕੋਰਮ ਪੂਰਾ ਹੈ। ਪਰੰਤੂ ਫਿਰ ਵੀ ਸੂਬੇ ਦੀ ਸੱਤਾ ਤੇ ਕਾਬਿਜ਼ ਧਿਰ ਮੀਟਿੰਗ ਦੀ ਕਾਰਵਾਈ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਤੋਂ ਕੋਰਮ ਦੀ ਘਾਟ ਲਿਖਕੇ ਪਾਸ ਤਜ਼ਵੀਜਾਂ ਨੂੰ ਰੱਦ ਵੀ ਕਰ ਸਕਦੀ ਹੈ। ਫਿਰ ਕੌਂਸਲ ਦੀ ਸੱਤਾਧਾਰੀ ਧਿਰ ਇਸ ਮਾਮਲੇ ਨੂੰ ਕਾਨੂੰਨ ਦੀ ਕਸੌਟੀ ਤੇ ਪਰਖਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁੱਖ ਵੀ ਕਰ ਸਕਦੀ ਹੈ। ਇੱਕ ਰਿਟਾਇਰਡ ਈ.ੳ. ਨੇ ਕਿਹਾ ਕਿ ਸਰਕਾਰ ਭਾਂਵੇ, ਫੈਸਲਾ ਕੁੱਝ ਵੀ ਕਰ ਦੇਵੇ,ਪਰੰਤੂ ਕਾਨੂੰਨੀ ਨੁਕਤੇ ਨਿਗ੍ਹਾ ਤੋਂ 31 ਮੈਂਬਰਾਂ ਦੇ ਹਾਊਸ ਵਿੱਚ 15 ਮੈਂਬਰਾਂ ਦੀ ਹਾਜ਼ਿਰੀ ਕੋਰਮ ਪੂਰਾ ਕਰਦੀ ਹੈ। ਆਪਣੇ ਜ਼ੋਰ ਨਾਲ ਹੀ ਡਿੱਗ ਪਈ ਵਿਰੋਧੀ ਧਿਰ
ਕਾਨੂੰਨੀ ਮਾਹਿਰਾਂ ਦੀ ਰਾਇ ਅਨੁਸਾਰ ਨਗਰ ਕੌਂਸਲ ਬਰਨਾਲਾ ਅੰਦਰ ਵਿਰੋਧੀ ਧਿਰ , ਆਪਣੇ ਹੀ ਜ਼ੋਰ ਨਾਲ ਢੂਹੀ ਲੁਆ ਬੈਠੀ । ਕਿਉਂਕਿ ਜ਼ੇਕਰ ਉਨਾਂ ਦੇ ਸਮੱਰਥਕ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹੋ ਜਾਂਦੇ ਤਾਂ ਉਹ ਪੇਸ਼ ਕੀਤੀਆਂ ਤਜ਼ਵੀਜਾਂ ਨੂੰ ਪਾਸ ਹੋਣ ਤੋਂ ਰੋਕ ਵੀ ਸਕਦੇ ਸਨ। ਪਰੰਤੂ ਮੀਟਿੰਗ ਵਿੱਚ ਗੈਰਹਾਜ਼ਿਰ ਰਹਿ ਕੇ, ਵਿਰੋਧੀ ਧਿਰ ਨੇ, ਜਿੱਥੇ ਸ਼ਹਿਰ ਅੰਦਰ ਆਪਣੀ ਸ਼ਾਖ ਨੂੰ ਵੱਟਾ ਲੁਆਇਆ ਹੈ, ਉੱਥੇ ਹੀ ਹਾਊਸ ਅੰਦਰ ਕੌਂਸਲ ਦੀ ਸੱਤਾਧਾਰੀ ਧਿਰ ਨੂੰ ਅੱਗਿਉਂ ਘੇਰਣ ਦਾ ਅਚਾਣਕ ਮਿਲਿਆ ਮੌਕਾ ਵੀ ਗੁਆ ਲਿਆ ਹੈ। ਆਪ ਸਮੱਰਥਕ ਕੌਂਸਲਰਾਂ ਦੀ ਗੈਰਹਾਜ਼ਿਰੀ ਤੇ ਤੰਜ ਕਸਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਨੀਰਜ਼ ਜਿੰਦਲ ਅਤੇ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਸ਼ਹਿਰ ਦਾ ਚੌਤਰਫਾ ਵਿਕਾਸ ਕਰਨ ਦੀਆਂ ਗੱਲਾਂ ਕਰਦੇ ਹਨ, ਜਦੋਂ ਅੱਜ ਸ਼ਹਿਰ ਦੀ ਬਿਹਤਰੀ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਮੀਟਿੰਗ ਰੱਖੀ ਸੀ, ਉਸ ਤੋਂ ਦੂਰੀ ਬਣਾ ਗਏ। ਸੂਬੇ ਦੀ ਸੱਤਾਧਾਰੀ ਧਿਰ ਦਾ ਚਿਹਰਾ ਅੱਜ ਬੇਨਕਾਬ ਹੋ ਗਿਆ। ਉਨਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਨੇ ਲੰਘੀ ਕੱਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਮੋਢੇ ਤੇ ਰੱਖ ਕੇ, ਮੀਟਿੰਗ ਰੱਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦੋਂ ਇਸ ਵਿੱਚ ਉਹ ਸਫਲ ਨਾ ਹੋਏ ਤਾਂ ਉਹ ਦੇਰ ਰਾਤ ਤੱਕ ਮੈਂਬਰਾਂ ਤੇ ਦਬਾਅ ਪਾ ਕੇ, ਮੀਟਿੰਗ ਵਿੱਚ ਜਾਣ ਤੋਂ ਰੋਕਣ ਲਈ ਯਤਨ ਕਰਦੇ ਰਹੇ। ਉਨਾਂ ਕਿਹਾ ਕਿ ਸੱਤਾ ਦਾ ਦਬਾਅ ਇੱਨ੍ਹਾਂ ਪਾਇਆ ਗਿਆ ਕਿ ਬਹੁਤੇ ਮੈਂਬਰ ਜਿਹੜੇ ਮੀਟਿੰਗ ਵਿੱਚ ਆਉਣਾ ਚਾਹੁੰਦੇ ਸੀ, ਉਹ ਮੋਬਾਇਲ ਬੰਦ ਕਰਕੇ, ਕਿਧਰੇ ਚਲੇ ਗਏ। ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਵਿੱਚ ਮੇਅਰ ਦੀ ਚੋਣ ਸਮੇਂ ਭਾਜਪਾ ਤੇ ਲੋਕਤੰਤਰ ਦਾ ਘਾਣ ਕਰਨ ਦਾ ਦੋਸ਼ ਲਾਉਂਦੇ ਨਹੀਂ ਸੀ, ਥੱਕਦੇ, ਬਰਨਾਲਾ ਵਿੱਚ ਉਹੀ ਆਮ ਆਦਮੀ ਪਾਰਟੀ ਸੱਤਾ ਦੇ ਜ਼ੋਰ ਨਾਲ, ਮੀਟਿੰਗ ਅਸਫਲ ਕਰਕੇ,ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਿੱਚ ਲੱਗੇ ਰਹੇ।