ਬਰੈਂਪਟਨ `ਚ ਹੋ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ `ਚ ਮਾਹਰ ਪਾਉਣਗੇ ਵਿਚਾਰਾਂ ਦੀ ਸਾਂਝ: ਕੰਗ
ਸੰਸਾਰ-ਵਿਆਪੀ ਪੰਜਾਬੀਆਂ ਦੇ ਇਕੱਠ ਲਈ ਸੰਸਥਾ ਦੀਆਂ ਤਿਆਰੀਆਂ ਮੁਕੰਮਲ
ਕਨੇਡਾ `ਚ ਪੰਜਾਬੀ-ਭਾਸ਼ੀ ਵਸਨੀਕਾਂ `ਚ ਲੰਘੇ ਪੰਜ ਸਾਲਾਂ ਦੌਰਾਨ 49 ਫ਼ੀਸਦੀ ਵਾਧਾ ਹੋਇਆ: ਕੰਗ
ਬੀ. ਟੀ. ਐਨ., ਬਰੈਂਪਟਨ: 11 ਫਰਵਰੀ 2023
ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਤੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਨੇ ਸੰਸਾਰ-ਵਿਆਪੀ ਸੰਸਥਾ ਦਾ ਘੇਰਾ ਵਿਸ਼ਾਲ ਕਰਨ ਦੇ ਮੰਤਵ ਨਾਲ ਵੱਖ-ਵੱਖ ਦੇਸ਼ਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਆਪਣੇ ਇਕ ਪ੍ਰੈੱਸ ਬਿਆਨ `ਚ ਚੇਅਰਮੈਨ ਸ੍ਰੀ ਕੰਗ ਨੇ ਦੱਸਿਆ ਕਿ ਨਵੇਂ ਅਹੁਦੇਦਾਰਾਂ ਵਿਚ ਗੁਰਮੇਲ ਕੌਰ ਸੰਘਾ ਨੂੰ ਓਂਟਾਰੀਓ ਫਰੈਂਡਜ਼ ਕਲੱਬ ਵਰਲਡ ਪੰਜਾਬੀ ਕਾਨਫ਼ਰੰਸ-2023 ਯੂਨਾਈਟਿਡ ਕਿੰਗਡਮ (ਯੂਕੇ) ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਸੰਘਾ ਗਾਇਕਾ ਤੇ ਕਵਿੱਤਰੀ/ਗੀਤਕਾਰਾ ਹਨ ਤੇ ਸਮਾਜਿਕ ਸਰੋਕਾਰਾਂ ਵਾਲੇ 5 ਤੋੰ ਵੱਧ ਗੀਤ ਗਾ ਚੁੱਕੇ ਹਨ। ਸ਼੍ਰੀਮਤੀ ਸੰਘਾ ਉੱਘੇ ਪੰਜਾਬੀ ਪ੍ਰੇਮੀ ਹਨ ਤੇ ਮਾਂ-ਬੋਲੀ ਦੇ ਪਸਾਰੇ ਲਈ ਵੱਡੇ ਉੱਦਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਓਂਟਾਆਰੀਓ ਫਰੈਂਡਜ਼ ਕਲੱਬ ਨੇ ਇਸ ਅਹੁਦੇ ਨਾਲ ਨਿਵਾਜਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸੇ ਲੜੀ ਵਿਚ ‘ਪੰਜਾਬੀ ਜਾਗਰਣ` ਦੇ ਸੀਨੀਅਰ ਪੱਤਰਕਾਰ ਸਤਵਿੰਦਰ ਸਿੰਘ (ਧੜਾਕ) ਨੂੰ ਕੌਮਾਂਤਰੀ ਮੀਡੀਆ ਡਾਇਰੈਕਟਰ ਤੇ ਉੱਘੀ ਕਵਿੱਤਰੀ ਸ਼੍ਰੀਮਤੀ ਅੰਜੂ ਅਮਨਦੀਪ ਗਰੋਵਰ ਨੂੰ ਪਬਲਿਕ ਰਿਲੇਸ਼ਨ ਅਫ਼ਸਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ।ਸ੍ਰੀ ਕੰਗ ਨੇ ਦੱਸਿਆ ਕਿ ਇਹ ਸਾਰੇ ਅਹੁਦੇਦਾਰ ਆਪੋ-ਆਪਣੇ ਖੇਤਰ `ਚ ਵੱਡਾ ਨਾਮਣਾ ਖੱਟਣ ਵਾਲੇ ਮਿਹਨਤੀ ਪੰਜਾਬੀ ਹਨ ਤੇ ਹੁਣ ਓਐੱਫ਼ਸੀ ਕਲੱਬ ਨਾਲ ਮਿਲਕੇ ਹੁਣ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਯਤਨਸ਼ੀਲ ਰਹਿਣਗੇ।
ਚੇਅਰਮੈਨ ਸ੍ਰੀ ਕੰਗ ਨੇ ਦੱਸਿਆ ਕਿ ‘ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ` ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਤੱਤਪਰ ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਦੇ ਫੇਸਬੁੱਕ `ਤੇ ਵਿਸ਼ਵ ਭਰ `ਚ 20 ਹਜ਼ਾਰ ਤੋਂ ਵਧੇਰੇ ਮੈੰਬਰ ਹਨ।ਉਨ੍ਹਾਂ ਦੱਸਿਆ ਕਿ ਇਹ ਸੰਸਾਰ ਦੀ ਇੱਕੋ-ਇੱਕ ਗ਼ੈਰ-ਲਾਭਕਾਰੀ(ਨਾਨ-ਪ੍ਰੋਫਿਟੇਬਲ) ਤੇ ਚੈਰਟੀਬੇਲ ਸੰਸਥਾ ਹੈ।ਇਸ ਦਾ ਮੁੱਖ ਮੰਤਵ ਤੇ ਵਿਸ਼ੇਸ਼ ਕਾਰਜਾਂ ਵਿਚੋਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਦੇ ਨਾਲ-ਨਾਲ ਸਿਹਤ-ਸਹੂਲਤਾਂ ਤੇ ਸਮਾਜਿਕ ਪਹਿਲੂਆਂ `ਤੇ ਨਜ਼ਰਸਾਨੀ ਕਰਕੇ ਇਨ੍ਹਾਂ ਬਾਰੇ ਆਮ ਤੇ ਖ਼ਾਸ ਨੂੰ ਜਾਗਰੂਕ ਕਰਨਾ ਹੈ। ਸ੍ਰੀ ਕੰਗ ਨੇ ਦੱਸਿਆ ਕਿ ਓਐੱਫ਼ਸੀ ਦੇ ਹੋਰਨਾ ਵਿਸ਼ੇਸ਼ ਕਾਰਜਾਂ ਵਿਚ ਨਸ਼ਿਆਂ ਪ੍ਰਤੀ ਜਾਗਰੂਕਤਾ ਤੇ ਰੋਕਥਾਮ, ਸਮਾਜ ਵਿਰੋਧੀ ਮੁੱਦੇ ਜਿਵੇਂ ਘਰੇਲੂ ਹਿੰਸਾ, ਮੈਂਟਲ ਹੈਲਥ, ਵਾਤਾਵਰਣ ਪ੍ਰਤੀ ਜਾਗਰੂਕਤਾ ਵਰਗੇ ਵੱਡੇ ਪਹਿਲੂਆਂ `ਤੇ ਕੰਮ ਕਰਨਾ ਹੈ।ਚੇਅਰਮੈਨ ਕੰਗ ਨੇ ਦੱਸਿਆ ਕਿ ‘ਓਂਟਾਰੀਓ ਫਰੈਂਡਜ਼ ਕਲੱਬ` ਇਸ ਸਾਲ ਜੂਨ-2023 ਵਿਚ ਬਰੈਂਪਟਨ ਵਿਖੇ 8ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾ ਰਿਹਾ ਹੈ।ਇਸ ਦਾ ਮਕਸਦ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ `ਤੇ ਹੋਰ ਪ੍ਰਫੁੱਲਤ ਕਰਨਾ ਹੈ। ਇਸ ਕਾਨਫ਼ਰੰਸ `ਚ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਉੱਘੇ ਵਿਦਵਾਨ ਤੇ ਵਿਸ਼ਾ ਮਾਹਿਰ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ । ਇਨ੍ਹਾਂ ਮਾਹਰਾਂ ‘ਚ ਸੰਸਾਰ ਦੀਆਂ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਦੇ ਦੋ ਚਾਂਸਲਰ ਤੇ 6 ਵਾਈਸ ਚਾਂਸਲਰਾਂ ਤੋੰ ਇਲਾਵਾ ਰਾਜਨੀਤਕ ਤੇ ਫ਼ਿਲਮੀ ਹਸਤੀਆਂ ਵੀ ਹਿੱਸਾ ਲੈਣਗੀਆਂ।
ਸ੍ਰੀ ਕੰਗ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪਾਕਿਸਤਾਨ ਤੇ ਭਾਰਤ ਤੋਂ ਬਾਅਦ ਕਨੇਡਾ `ਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ ਤੇ ਇਹ ਵਾਧਾ-ਦਰ ਪਿਛਲੇ ਪੰਜ ਸਾਲਾਂ `ਚ 49 ਫੀਸਦੀ ਤੋਂ ਜ਼ਿਆਦਾ ਰਹੀ ਹੈ। ਇਸੇ ਤਰ੍ਹਾਂ ਅਸਟ੍ਰੇਲੀਆ `ਚ ਵੀ ਪੰਜਾਬੀ ਇਸੇ ਸਾਲ ਸਕੂਲੀ ਸਿੱਖਿਆ ਦੀ ਭਾਸ਼ਾ ਬਣਾ ਲਈ ਗਈ ਹੈ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਪੰਜਾਬੀਆਂ ਨੇ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਝੰਡੇ ਗੱਡੇ ਹਨ। ਸ੍ਰੀ ਕੰਗ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪਸਾਰ ਵਾਸਤੇ ਮੁਲਕਾਂ ਦੀ ਲੜੀ ਨੂੰ ਹੋਰ ਲੰਮੇਰਾ ਕਰਨਾਂ ਸਮੇੰ ਦੀ ਮੁੱਖ ਲੋੜ ਹੈ ਜਿਸ ਵਾਸਤੇ ਓਐੱਫ਼ਸੀ ਕਲੱਬ ਤੇ ਇਸ ਅਹੁਦੇਦਾਰ/ਮੈਂਬਰ ਮਿਹਨਤ ਕਰ ਰਹੇ ਹਨ।