ਹਰਿੰਦਰ ਨਿੱਕਾ , ਬਰਨਾਲਾ 10 ਫਰਵਰੀ 2023
ਲੋਕ ਹਿੱਤਾਂ ਨੂੰ ਪ੍ਰਣਾਏ ਅਤੇ ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਰਜਿੰਦਰ ਪਾਲ ਉੱਤੇ ਕਥਿਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਜਾਨ ਲੇਵਾ ਹਮਲਾ ਕਰਕੇ ਗੰਭੀਰ ਫੱਟੜ ਕਰਨ ਤੋਂ ਬਾਅਦ ਇਨਕਲਾਬੀ ਜਮਹੂਰੀ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਡਾ ਰਜਿੰਦਰ ਪਾਲ ਕੋਲ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹੋਣ ਕਰਕੇ ਪੁੱਜੇ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਗੁਰਮੇਲ ਸਿੰਘ ਠੁੱਲੀਵਾਲ,ਹਰਚਰਨ ਚਹਿਲ,ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ,ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਕੇਵਲਜੀਤ ਕੌਰ, ਬਲਵੰਤ ਸਿੰਘ ਬਰਨਾਲਾ ਆਦਿ ਬਹੁਤ ਸਾਰੇ ਸਾਥੀ ਸਿਵਲ ਹਸਪਤਾਲ ਬਰਨਾਲਾ ਵਿਖੇ ਇਕੱਠੇ ਹੋਏ ਅਤੇ ਐਸ ਡੀ ਐਮ ਅਤੇ ਐਸ ਐਸ ਪੀ ਬਰਨਾਲਾ ਨੂੰ ਵਫ਼ਦ ਦੇ ਰੂਪ ਵਿੱਚ ਮਿਲਕੇ ਦੋਸ਼ੀਆਂ ਨੂੰ ਜਾਨ ਲੇਵਾ ਹਮਲਾ ਕਰਨ ਦੀਆਂ ਸਖ਼ਤ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕਰਕੇ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਯਾਦ ਰਹੇ ਕਿ ਸੇਖਾ ਰੋਡ ਦੀਆਂ ਗਲੀਆਂ 10-11 ਵਿੱਚ ਅਣ ਅਧਿਕਾਰਤ ਤੌਰ ਤੇ ਗੁਦਾਮਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ਨੇ ਮੁਹੱਲਾ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਾਲ ਭਰ ਤੋਂ ਮੁਹੱਲਾ ਵਾਸੀ ਸੰਘਰਸ਼ ਕਮੇਟੀ ਵੱਲੋਂ ਇਨ੍ਹਾਂ ਨਜਾਇਜ਼ ਗੁਦਾਮਾਂ ਨੂੰ ਬੰਦ ਕਰਵਾਉਣ ਲਈ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਮੁਹੱਲਾ ਵਾਸੀਆਂ ਦੀ ਮੁਸ਼ਕਲ ਵੱਲ ਕੰਨ ਨਹੀਂ ਧਰ ਰਿਹਾ। ਡਾ ਰਜਿੰਦਰ ਪਾਲ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਕਰਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਅੱਖ ਵਿੱਚ ਰੜਕ ਰਿਹਾ ਸੀ। ਸਮੂਹ ਆਗੂਆਂ ਨੇ ਮੰਗ ਕੀਤੀ ਕਿ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਸੰਘਰਸ਼ ਦੀ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਸਮੇਂ ਗੁਲਵੰਤ ਸਿੰਘ,ਰਾਮ ਸਿੰਘ, ਜਸਪਾਲ ਸਿੰਘ ਚੀਮਾ, ਜਸਵੰਤ ਸਿੰਘ ਹੰਢਿਆਇਆ, ਵਿੱਕੀ, ਪਰਮਜੀਤ ਸਿੰਘ, ਜਗਜੀਤ ਸਿੰਘ, ਕੁਲਵੀਰ ਸਿੰਘ, ਕੁਲਵੀਰ ਸਿੰਘ, ਜਸਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।