ਕਰੋਨਾ ਤੋਂ ਬਚਣ ਲਈ ਮੂੰਹ ਢਕਣਾ, ਸਮਾਜਿਕ ਦੂਰੀ ਬਣਾਉਣਾ, ਸਮੇਂ ਸਮੇਂ ’ਤੇ ਹੱਥ ਧੋਣਾ ਬਹੁਤ ਜ਼ਰੂਰੀ
ਪ੍ਰਤੀਕ ਸਿੰਘ ਬਰਨਾਲਾ, 11 ਮਈ 2020
ਕਰੋਨਾ ਵਾਇਰਸ ਦੇ ਮੱਦੇਨਜ਼ਰ ਕਰਫਿਊ ਦੌਰਾਨ ਮੁਸ਼ਕਲ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਕੋਲ ਰਾਸ਼ਨ ਲਈ ਫਰਿਆਦ ਲੈ ਕੇ ਪੁੱਜੇ ਪਰਵਾਸੀ ਮਜ਼ਦੂਰਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਫੌਰੀ ਰਾਸ਼ਨ ਮੁਹੱਈਆ ਕਰਾਇਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਰਵਾਸੀ ਮਜ਼ਦੂਰਾਂ ਨੂੰ ਕਰੀਬ 30 ਕਿੱਟਾਂ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਸ੍ਰੀ ਫੂਲਕਾ ਨੇ ਦੱਸਿਆ ਕਿ ਅਕਾਲਗੜ੍ਹ ਬਸਤੀ ਵਿਖੇ ਰਹਿੰਦੇ ਇਹ ਪਰਵਾਸੀ ਵਿਆਹਾਂ-ਸ਼ਾਦੀਆਂ ਵਿਚ ਕੰਮ ਕਰਦੇ ਹਨ, ਪਰ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਹ ਕੰਮ ਬੰਦ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪਰਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ, ਕਿਉਂਕਿ ਇਹ ਵਿਅਕਤੀ ਅਸਲ ਲੋੜਵੰਦ ਸਨ, ਇਸ ਲਈ ਉਨ੍ਹਾਂ ਫੌਰੀ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਾਇਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਰਵਾਸੀ ਵਿਅਕਤੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ। ਉਨ੍ਹਾਂ ਆਖਿਆ ਕਿ ਕਰੋਨਾ ਤੋਂ ਬਚਣ ਲਈ ਮੂੰਹ ਢਕਣਾ, ਸਮਾਜਿਕ ਦੂਰੀ ਬਣਾਉਣਾ, ਸਮੇਂ ਸਮੇਂ ’ਤੇ ਹੱਥ ਧੋਣਾ ਬਹੁਤ ਜ਼ਰੂਰੀ ਹੈ। ਇਸ ਲਈ ਇਨ੍ਹਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਸਲ ਲੋੜਵੰਦ ਵਿਅਕਤੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਦੇ ਸੈਕਟਰੀ ਸਰਵਣ ਸਿੰਘ ਅਤੇ ਰੈੱਡ ਕ੍ਰਾਸ ਵਲੰਟੀਅਰ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ।