ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਰਘਵੀਰ ਹੈਪੀ , ਬਰਨਾਲਾ, 16 ਅਕਤੂਬਰ 2022
ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ, ਜੁਮਲਾ ਮਾਲਕਾਨ ਵਿਖੇ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਮੈਡਮ ਸੋਨੀਆ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੀ ਅਗਵਾਈ ਹੇਠ ਇਹ ਕਲਾ ਉਤਸਵ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਨੋਡਲ ਅਫਸਰ ਮੁੱਖ ਅਧਿਆਪਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਵਾਂ ਜਿਵੇਂ ਕਿ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਸ਼ਾਸਤਰੀ ਵਾਦਨ, ਲੋਕ ਨਾਚ,ਨਾਟਕ, ਦ੍ਰਿਸ਼ ਕਲਾ, ਲਲਿਤ ਕਲਾ, ਸਥਾਨਕ ਖੇਡ ਅਤੇ ਖਿਡਾਉਣੇ ਬਣਾਉਣਾ ਆਦਿ ਮੁਕਾਬਲਿਆਂ ਵਿਚ ਹਿੱਸਾ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੀ ਲੜੀ ਵਿਚ ਜੇਤੂ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰ ਫਿਰ ਜ਼ੋਨ ਪੱਧਰ, ਰਾਜ ਪੱਧਰ ਤੇ ਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨ ਦੇ ਉਦੇਸ਼ ਨਾਲ ਇਹ ਕਲਾ ਉਤਸਵ ਮੁਕਾਬਲੇ ਕਰਵਾਏ ਜਾ ਰਹੇ ਹਨ। ਅਜਿਹਾ ਕਰਨ ਨਾਲ ਜਿਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉਥੇ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਵੀ ਜਾਣਨ ਦਾ ਮੌਕਾ ਮਿਲੇਗਾ।
ਇਨ੍ਹਾਂ ਮੁਕਾਬਲਿਆਂ ਵਿੱਚ ਲੈਕਚਰਾਰ ਨਰਿੰਦਰ ਕੌਰ, ਹਰਦੇਵ ਸਿੰਘ, ਮੈਡਮ ਸੀਮਾ, ਤਰੁਣ ਸਿੰਗਲਾ, ਲਵਜੀਤ ਕੌਰ, ਜਸਪ੍ਰੀਤ ਕੌਰ, ਸ਼ੰਮੀ ਸੈਮੂਅਲ, ਦਿਲਪ੍ਰੀਤ ਸਿੰਘ, ਮੈਡਮ ਰੀਤੂ, ਹਰਲੀਨ ਕੌਰ ਵੱਲੋਂ ਵੱਖ ਵੱਖ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਨਿਭਾਈ ਗਈ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਡੀਐਸਐਮ ਰਾਜੇਸ਼ ਕੁਮਾਰ, ਮੈਡਮ ਕਮਲਜੀਤ ਕੌਰ, ਮਨਪੀਤ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਨੇ ਵਿਸ਼ੇਸ਼ ਯੋਗਦਾਨ ਪਾਇਆ।
ਦਿਵਿਆਂਗ ਬੱਚਿਆਂ ਨੇ ਵੀ ਦਿਖਾਇਆ ਕਲਾ ਦਾ ਜੌਹਰ
ਕਲਾ ਉਤਸਵ ਮੁਕਾਬਲਿਆਂ ਵਿੱਚ ਦਿਵਿਆਂਗ ਬੱਚਿਆਂ ਨੇ ਸੋਲੋ ਡਾਂਸ ਵਿੱਚ ਭਾਗ ਲਿਆ। ਸ. ਸ. ਸ. ਸ.(ਮੁੰਡੇ) ਬਰਨਾਲਾ ਵਿਖੇ ਚੱਲ ਰਹੇ ਸਪੈਸ਼ਲ ਰਿਸੋਰਸ ਸੈਂਟਰ ਦੇ ਗਗਨਦੀਪ ਰਾਮ (ਬੋਲਣ-ਸੁਣਨ ਤੋਂ ਅਸਮਰੱਥ) ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਅਧਿਕਾਰੀਆਂ ਨੇ ਗਗਨਦੀਪ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਸਪਨਾ ਸ਼ਰਮਾ ਆਈ ਈ ਆਰ ਟੀ ਤੇ ਮੈਡਮ ਦਵਿੰਦਰ ਕੌਰ ਆਈ ਈ ਆਰ ਟੀ ਤੇ ਸਮੂਹ ਸਟਾਫ਼ ਹਾਜ਼ਰ ਰਿਹਾ।