ਫਰਿਆਦੀਆਂ ਨੂੰ ਇਨਸਾਫ ਦੀ ਬਜਾਏ ਸਜ਼ਾਵਾਂ ਦੇਣੀਆਂ ਬਹੁਤ ਖਤਰਨਾਕ ਰੁਝਾਨ ਦਾ ਸੰਕੇਤ: ਜਮਹੂਰੀ ਅਧਿਕਾਰ ਸਭਾ
ਬਰਨਾਲਾ: 14 ਅਕਤੂਬਰ, 2022 (ਰਘੁਵੀਰ ਹੈੱਪੀ)
ਅੱਜਕਲ੍ਹ ਜਮਹੂਰੀ ਅਧਿਕਾਰ ਸਭਾ ਪੰਜਾਬ ਦੁਆਰਾ ਸ਼ਹੀਦ ਭਗਤ ਸਿੰਘ ਤੇ ਦੁਰਗਾ ਭਾਬੀ ਦੇ ਜਨਮ ਦਿਨਾਂ (ਕਰਮਵਾਰ 28 ਸਤੰਬਰ ਤੇ 7 ਅਕਤੂਬਰ) ਨੂੰ ਸਮਰਪਿਤ ਜਮਹੂਰੀ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ। ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ,ਸਕੱਤਰ ਸੋਹਣ ਸਿੰਘ ਮਾਝੀ ਅਤੇ ਪ੍ਰੈਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਲੜੀ ਤਹਿਤ ਕੱਲ 15 ਅਕਤੂਬਰ ਸ਼ਨੀਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਦਸ ਵਜੇ ਹੋਣ ਵਾਲੇ ਸੈਮੀਨਾਰ ਨੂੰ ਉਘੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਸੰਬੋਧਨ ਕਰਨਗੇ। ਉਹ ਭਾਰਤ ਵਿੱਚ ਜਮਹੂਰੀ ਹੱਕਾਂ ਉਪਰ ਹੋ ਰਹੇ ਹਮਲਿਆਂ ਅਤੇ ਇਸ ਸੰਬੰਧੀ ਭਾਰਤੀ ਨਿਆਂਤੰਤਰ ਦੇ ਰਵੱਈਏ ਬਾਰੇ ਚਾਨਣਾ ਪਾਉਣਗੇ।
ਚੇਤੇ ਕਰਵਾਇਆ ਜਾਂਦਾ ਹੈ ਕਿ ਇਸ ਸਾਲ 24 ਜੁਲਾਈ ਨੂੰ ਭਾਰਤੀ ਸੁਪਰੀਮ ਕੋਰਟ ਨੇ ਹਿਮਾਂਸ਼ੂ ਕੁਮਾਰ ਨੂੰ ਪੰਜ ਲੱਖ ਜੁਰਮਾਨਾ ਦੀ ਸਜ਼ਾ ਸੁਣਾਈ ਸੀ। ਉਸ ਦਾ ਕਸੂਰ ਸਿਰਫ ਇਤਨਾ ਹੀ ਸੀ ਕਿ ਉਸ ਨੇ,12 ਹੋਰ ਆਦਿਵਾਸੀਆਂ ਸਮੇਤ, ਸੁਪਰੀਮ ਕੋਰਟ ਨੂੰ ਸੰਨ 2009 ਵਿੱਚ ਛਤੀਸ਼ਗੜ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਗੁਹਾਰ ਲਗਾਈ ਸੀ। ਉਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਬੱਚਿਆਂ, ਬਜੁਰਗਾਂ ਤੇ ਔਰਤਾਂ ਸਮੇਤ 17 ਆਦਿਵਾਸੀਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ਤੀਸਤਾ ਸੀਤਲਵਾਡ ਵਿਰੁੱਧ ਦਿੱਤੇ ਅਜਿਹੇ ਹੀ ਫੈਸਲੇ ਦੇ ਚੰਦ ਦਿਨਾਂ ਬਾਅਦ ਹਿਮਾਂਸ਼ੂ ਕੁਮਾਰ ਨੂੰ ਕੀਤੇ ਜੁਰਮਾਨੇ ਨੇ ਭਾਰਤੀ ਨਿਆਂਤੰਤਰ ਦੇ,ਫਰਿਆਦੀਆਂ ਨੂੰ ਹੀ ਦੰਡਿਤ ਕਰਨ ਦੇ, ਨਵੇਂ ਖਤਰਨਾਕ ਰੁਝਾਨ ਨੂੰ ਚਿੰਨਤ ਕੀਤਾ। ਇਸ ਖਤਰਨਾਕ ਰੁਝਾਨ ਦੀ ਭਾਰਤੀ ਪ੍ਰੈਸ ਸਮੇਤ ਦੁਨੀਆ ਭਰ ਵਿੱਚ ਭਰਪੂਰ ਚਰਚਾ ਹੋਈ ਸੀ।
ਆਗੂਆਂ ਨੇ ਦੱਸਿਆ ਨੇ ਕਿ ਇਸ ਮੌਕੇ ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਵਿਰਾਸਤ ਬਾਰੇ ਜਾਣੂ ਕਰਵਾਉਣਗੇ। ਉਨ੍ਹਾਂ ਸਭ ਇਨਸਾਨ ਪਸੰਦ ਤੇ ਜਮਹੂਰੀ ਲੋਕਾਂ ਨੂੰ ਸੈਮੀਨਾਰ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।