ਨਾਟਕ ਪਾਰਕ ਰਾਹੀਂ ਆਪਣੇ ਘਰ ਵਿਚੋਂ ਕੱਢੇ ਜਾਣ ਦਾ ਦਰਦ ਦਿਖਾਇਆ
ਬਠਿੰਡਾ, 7 ਅਕਤੂਬਰ (ਅਸ਼ੋਕ ਵਰਮਾ)
ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚpਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਐਮ.ਆਰ.ਐਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 6ਵੀਂ ਸ਼ਾਮ ਨੂੰ ਮਾਨਵ ਕੌਲ ਦੇ ਲਿਖੇ ਨਾਟਕ ‘ਪਾਰਕ’ ਨੂੰ ਕਲਾ ਸਾਧਕ ਮੰਚ ਕਰਨਾਲ ਦੀ ਟੀਮ ਵੱਲੋਂ ਗੌਰਵ ਦੀਪਕ ਜਾਂਗੜਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਜਿਸ ਵਿੱਚ ਇੱਕ ਪਾਰਕ ਵਿੱਚ ਮਿਲਣ ਵਾਲੇ ਤਿੰਨ ਵਿਅਕਤੀਆਂ ਰਾਹੀਂ ਦਿਖਾਇਆ ਗਿਆ ਕਿ ਜਦੋਂ ਕਿਸੇ ਨੂੰ ਉਸ ਦੇ ਘਰ ਜਾਂ ਥਾਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਤਾਂ ਉਹ ਕਦੇ ਵੀ ਉਸ ਨੂੰ ਆਪਣੀ ਥਾਂ ਨਹੀਂ ਮੰਨ ਪਾਉਂਦਾ। ਉਹ, ਉਨ੍ਹਾਂ ਦੇ ਪਰਿਵਾਰ ਸਾਰੀ ਉਮਰ ਉਡੀਕ ਕਰਦੇ ਹਨ ਕਿ ਇਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਵਾਪਸ ਬੁਲਾ ਕੇ ਉਨ੍ਹਾਂ ਦੀ ਜਗ੍ਹਾ ਦਿੱਤੀ ਜਾਵੇਗੀ।
ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾ ਨੇ ਸ਼ਮ੍ਹਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਜਿਸ ਵਿਚ ਡਾ: ਗਗਨਦੀਪ ਥਾਪਾ, ਡੀਵਾਈਡਬਲਿਊ, ਪੀ.ਯੂ.ਪੀ., ਡਾ. ਅਨੁਜ ਬਾਂਸਲ, ਪੀ.ਸੀ.ਐਚ., ਡਾ. ਦਿਆਲਪ੍ਰਤਾਪ, ਡੀ.ਕੇ.ਐਚ, ਡਾ: ਗੁਰਸੇਵਕ ਗਿੱਲ, ਪਰੈਗਮਾ ਹਸਪਤਾਲ, ਪ੍ਰਿੰਸ ਅਨੁਰਾਧਾ ਭਾਟੀਆ, ਆਰ.ਬੀ.ਡੀ.ਏ.ਵੀ ਸਕੂਲ, ਐਡਵੋ ਪਵਨਦੀਪ ਸਿੰਘ ਬਾਜਵਾ, ਅਤੇ ਯੂਨੀਅਨ ਆਗੂ ਰਿਤਿਕ ਸ਼ੁਕਲਾ ਸ਼ਾਮਿਲ ਸਨ। ਮਹਿਮਾਨਾਂ ਨੇ ਨਾਟਿਅਮ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।