ਮੁਲਾਜਮ ਮੰਗਾਂ ਦੇ ਸਬੰਧ ਵਿਚ ਜ਼ਿਲੇ੍ਹ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, 10 ਅਕਤੂਬਰ ਤੋਂ 15 ਅਕਤੂਬਰ ਤੱਕ ਦਫਤਰਾਂ ਵਿਚ ਰਹੇਗਾ ਕੰਮ-ਕਾਜ ਠੱਪ
ਫਾਜ਼ਿਲਕਾ 7 ਅਕਤੂਬਰ (ਪੀਟੀ ਨਿਊਜ਼)
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਮਿਤੀ 10 ਅਕਤੂਬਰ ਤੋਂ 15 ਅਕਤੂਬਰ 2022 ਤੱਕ ਕੰਪਿਉਟਰ ਬੰਦ, ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਬਾਡੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਫਾਜ਼ਿਲਕਾ ਜ਼ਿਲ੍ਹੇ ਅੰਦਰ ਵੀ ਹੜਤਾਲ ਨੂੰ ਪੂਰਨ ਤੌਰ `ਤੇ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਯੁਨੀਅਨ ਵੱਲੋਂ ਮੁਲਾਜਮ ਮੰਗਾਂ ਦੇ ਸਬੰਧ ਵਿਚ ਜ਼ਿਲੇ੍ਹ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੂੰ 15 ਅਕਤੂਬਰ ਤੱਕ ਕੰਮ ਕਾਜ ਬੰਦ ਰੱਖਣ ਸਬੰਧੀ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ।
ਯੁਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਚੁੱਪ ਧਾਰੀ ਹੋਈ ਹੈ । 4 ਜੋਨਲ ਰੈਲੀਆਂ ਕਰਨ ਉਪਰੰਤ ਸੰਗਰੂਰ ਵਿਖੇ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਪਰ ਪੰਜਾਬ ਸਰਕਾਰ ਅਜੇ ਵੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਸਰਕਾਰ ਤੋਂ ਮੰਗਾਂ ਦੀ ਪ੍ਰਾਪਤੀ ਲਈ ਸ਼ੰਘਰਸ ਤੇਜ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਮੱਦੇਨਜਰ 10 ਅਕਤੂਬਰ ਤੋਂ 15 ਅਕਤੂਬਰ 2022 ਤੱਕ ਕੰਪਿਉਟਰ ਬੰਦ, ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਜ਼ਿਲੇਹ ਦੇ ਵਿਭਾਗਾਂ ਦੇ ਸਮੂਹ ਕਲੈਰੀਕਲ ਕਾਮਿਆਂ ਵੱਲੋਂ ਪੂਰਨ ਤੌਰ ਤੇ ਕੰਮ ਕਾਜ ਬੰਦ ਰੱਖਿਆ ਜਾਵੇਗਾ।