ਪਟਿਆਲਾ ਜ਼ਿਲ੍ਹੇ ਦੀ ਨਿਵੇਕਲੀ ਪਹਿਲਕਦਮੀ, ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਦੀ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ
ਪਟਿਆਲਾ, 3 ਅਕਤੂਬਰ (ਰਿਚਾ ਨਾਗਪਾਲ)
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਹਿਮ ਪਹਿਲਕਦਮੀ ਕਰਦਿਆਂ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਨਾ ਲਗਾ ਕੇ ਸਗੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿੱਚ ਉਪਲਬੱਧ ਸੀ.ਆਰ.ਐਮ. ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਰਣਨੀਤੀ ਉਲੀਕੀ ਗਈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇਸ ਬਾਰੇ ਹੋਈ ਬੈਠਕ ਵਿੱਚ ਪ੍ਰੀਤ, ਵਿਸ਼ਾਲ, ਮਣਕੂ, ਮਲਕੀਤ, ਕਰਤਾਰ ਅਤੇ ਦਸਮੇਸ਼ ਕੰਬਾਇਨਜ਼ ਨਿਰਮਾਤਾ, ਪਰਾਲੀ ਤੋਂ ਬ੍ਰਿਕੇਟਸ ਬਣਾਉਣ ਵਾਲੇ ਪੰਜਾਬ ਰਿਨੀਓਬਲ ਏਨਰਜੀ ਤੇ ਏਟੂਪੀ ਏਨਰਜੀ ਅਤੇ ਬ੍ਰਿਕੇਟਸ ਵਰਤਣ ਵਾਲੇ ਪਟਿਆਲਾ ਆਰ.ਐਨ.ਜੀ., ਹਿੰਦੁਸਤਾਨ ਯੂਨੀਲੀਵਰ ਅਤੇ ਪੈਪਸੀਕੋ, ਬੇਲਰ ਐਸੋਸੀਏਸ਼ਨ, ਕੰਬਾਇਨ ਮਾਲਕ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਐਨ.ਜੀ.ਓ. ਨਾਲ ਤਾਲਮੇਲ ਕੀਤਾ ਹੈ, ਜਿਸ ਵੱਲੋਂ ਜ਼ਿਲ੍ਹੇ ਦੇ ਅਜਿਹੇ 5 ਪਿੰਡਾਂ ਦੀ ਗ੍ਰਾਮ ਪੰਚਾਇਤ ਨੂੰ ਵਿਸ਼ੇਸ਼ ਇਨਾਮ-ਸਨਮਾਨ ਦਿੱਤਾ ਜਾਵੇਗਾ, ਜਿੱਥੇ ਪਰਾਲੀ ਨੂੰ ਕਿਸੇ ਇੱਕ ਵੀ ਥਾਂ ਅੱਗ ਨਾ ਲਗਾਕੇ 100 ਫ਼ੀਸਦੀ ਸੰਭਾਲਿਆ ਗਿਆ ਹੋਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 4398 ਸੁਪਰ ਸੀਡਰ ਮਸ਼ੀਨਾਂ ਉਪਲਬੱਧ ਹਨ ਅਤੇ ਉਨ੍ਹਾਂ ਨੇ ਹੁਕਮ ਜਾਰੀ ਕੀਤੇ ਹਨ ਤਾਂ ਕਿ ਹਰੇਕ ਕਿਸਾਨ ਨੂੰ ਪਰਾਲੀ ਸੰਭਾਂਲਣ ਇਨ੍ਹਾਂ ਮਸ਼ੀਨਾਂ ਦੀ ਸਹੂਲਤ ਪ੍ਰਾਪਤ ਹੋ ਸਕੇ, ਭਾਂਵੇਂ ਇਹ ਕਿਰਾਏ ‘ਤੇ ਹੋਵੇ ਜਾਂ ਫਿਰ ਮੁਫ਼ਤ। ਇਸ ਲਈ ਮਸ਼ੀਨਾਂ ਦੀ ਸਾਰੀ ਸੂਚੀ ਪਟਿਆਲਾ ਡਾਟ ਐਨ.ਆਈ.ਸੀ. ਡਾਟ ਇਨ ਵੈਬਸਾਇਟ ਸਮੇਤ ਹਰੇਕ ਬਲਾਕ, ਮਾਰਕੀਟ ਕਮੇਟੀ ਤੇ ਐਸ.ਡੀ.ਐਮਜ਼ ਦਫ਼ਤਰਾਂ ਅਤੇ ਆੜਤੀਆਂ ਆਦਿ ਕੋਲ ਵੀ ਉਪਲਬੱਧ ਹੈ।
ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਨੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ।
ਮੀਟਿੰਗ ਦੌਰਾਨ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ, ਜੀ.ਐਮ. ਡੀ.ਆਈ.ਸੀ. ਅੰਗਦ ਸਿੰਘ ਸੋਹੀ, ਪ੍ਰਦੂਸ਼ਨ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਨਵਤੇਸ਼ ਸਿੰਗਲਾ, ਕੁਲਦੀਪ ਸਿੰਘ ਵੀ ਮੌਜੂਦ ਸਨ।