ਸਵੱਛ ਸਰਵੇਖਣ-2022 ‘ਚ ਪਟਿਆਲਾ ਜ਼ਿਲ੍ਹੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਚੰਗੀ ਕਾਰਗੁਜ਼ਾਰੀ
ਪਟਿਆਲਾ, 3 ਅਕੂਤਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਸਵੱਛ ਸਰਵੇਖਣ-2022 ਵਿੱਚ ਪਟਿਆਲਾ ਜ਼ਿਲ੍ਹੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਨੇ ਨਾਲ ਹੀ ਇਨ੍ਹਾਂ ਸੰਸਥਾਵਾਂ ਨੂੰ ਨਿਰਦੇਸਦ ਵੀ ਦਿੱਤੇ ਕਿ ਸਵੱਛ ਭਾਰਤ ਮਿਸ਼ਨ ਤਹਿਤ ਅਗਲੇ ਸਰਵੇਖਣ ਦੀ ਤਿਆਰੀ ਕਰਦੇ ਹੋਏ ਆਪਣੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ‘ਚ ਆਪਣਾ ਯੋਗਦਾਨ ਪਾਉਣ, ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕੀਤੀ ਜਾਵੇ ਉਥੇ ਹੀ ਗਿੱਲਾ ਅਤੇ ਸੁੱਕਾ ਕੂੜਾ ਆਪਣੇ ਘਰਾਂ ਤੋਂ ਹੀ ਵੱਖੋ-ਵੱਖ ਕਰਨਾ ਅਤੇ ਆਪਣਾ ਆਲਾ-ਦੁਆਲਾ ਸਾਫ਼ ਰੱਖਿਆ ਜਾਵੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਨੇ ਬੈਸਟ ਪ੍ਰੈਕਟਿਸਜ਼ ਵਿੱਚ ਅਵਾਰਡ ਹਾਸਲ ਕੀਤਾ ਹੈ ਅਤੇ ਇਸਦੀ ਜ਼ੋਨਲ ਰੈਕਿੰਗ 20 ਅਤੇ ਰਾਜ ਪੱਧਰੀ ਰੈਂਕਿੰਗ 12 ਹੈ। ਰਾਜਪੁਰਾ ਦੀ ਜ਼ੋਨਲ ਰੈਕਿੰਗ 4 ਅਤੇ ਰਾਜ ਦੀ 3 ਹੈ, ਘਨੌਰ ਦੀ ਜ਼ੋਨਲ 4 ਅਤੇ ਰਾਜ ‘ਚੋਂ 3 ਹੈ, ਸਨੌਰ ਦੀ ਜ਼ੋਨਲ ਰੈਕਿੰਗ 18 ਤੇ ਰਾਜ ਵਿੱਚੋਂ 14, ਸਮਾਣਾ ਦੀ ਜ਼ੋਨਲ 7 ਤੇ ਰਾਜ ‘ਚੋਂ 5, ਪਾਤੜਾਂ ਦੀ ਜ਼ੋਨਲ 7 ਤੇ ਰਾਜ ‘ਚੋਂ 5 ਹੈ। ਇਸੇ ਤਰ੍ਹਾਂ ਨਾਭਾ ਦੀ ਜ਼ੋਨਲ 47 ਤੇ ਰਾਜ ‘ਚੋਂ 19 ਰੈਂਕਿੰਗ ਹੈ ਅਤੇ ਭਾਦਸੋਂ ਦੀ ਜ਼ੋਨਲ 27 ਤੇ ਰਾਜ ‘ਚੋਂ ਰੈਂਕਿੰਗ 16 ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਵੱਛਤਾ ਦੀ ਸਮੁੱਚੀ ਸਥਿਤੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ, ਹਰ ਸਾਲ ਰਾਸ਼ਟਰੀ ਪੱਧਰ ‘ਤੇ ਸਵੱਛ ਸਰਵੇਖਣ ਕਰਵਾਉਂਦੀ ਹੈ। ਇਸ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਕਰਨਾ, ਜਲ ਘਰਾਂ ਦੀ ਸਫ਼ਾਈ, ਰਿਹਾਇਸ਼ੀ ਕਲੋਨੀਆਂ ਦੀ ਨਿਯਮਤ ਸਫ਼ਾਈ, ਨਾਲੀਆਂ ਦੀ ਸਾਫ਼-ਸਫ਼ਾਈ, ਬਾਜ਼ਾਰਾਂ, ਖੁੱਲ੍ਹੇ ਕੂੜੇ ਦੇ ਢੇਰ ਨਾ ਹੋਣੇ, ਸੜਕਾਂ ਤੇ ਗਲੀਆਂ ਦੀ ਸਫ਼ਾਈ, ਜਨਤਕ ਪਖਾਨਿਆਂ ਦੀ ਸਫ਼ਾਈ, ਸ਼ਹਿਰ ਦੀ ਸੁੰਦਰਤਾ ਅਤੇ ਨਾਗਰਿਕਾਂ ਦੀਆਂ ਸਫ਼ਾਈ ਬਾਬਤ ਸ਼ਿਕਾਇਤਾਂ ਦਾ ਨਿਪਟਾਰਾ ਆਦਿ ਸੂਚਕ ਹਨ।