* ਪੰਜਾਬ ਵਿਚ ਫਸੇ ਵਿਅਕਤੀਆਂ ਦੇ ਬਾਹਰ ਜਾਣ ਦੀ ਪ੍ਰਕਿਰਿਆ 5 ਮਈ ਤੋਂ ਸ਼ੁਰੂ ਹੋਵੇਗੀ
* www.covidhelp.punjab.gov.in ‘ਤੇ ਜਾ ਕੇ ਭਰਨਾ ਪਵੇਗਾ ਫਾਰਮ
ਕੋਵਿਡ 19 ਦੀ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਵਿਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿਚ ਫਸੇ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਲਈ ਪੰਜਾਬ ਸਰਕਾਰ ਨੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਜਾਰੀ ਕੀਤਾ ਹੈ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਪੰਜਾਬ ਵਿਚ ਫਸੇ ਵਿਅਕਤੀਆਂ ਦੇ ਬਾਹਰ ਜਾਣ ਦੀ ਪ੍ਰਕਿਰਿਆ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 5 ਮਈ 2020 ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਜੋ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਕਾਰਨ ਪੰਜਾਬ ਵਿਚ ਫਸ ਗਿਆ ਹੈ, ਨੂੰ www.covidhelp.punjab.gov.in ‘ਤੇ ਜਾ ਕੇ ਇਕ ਫ਼ਾਰਮ ਭਰਨਾ ਹੋਵੇਗਾ। ਫ਼ਾਰਮ ਭਰਨ ਤੋਂ ਬਾਅਦ ਉਸ ਨੂੰ ਉਸ ਦੇ ਪੂਰੇ ਪਰਿਵਾਰ ਜਾਂ ਗਰੁੱਪ ਲਈ ਸਿਸਟਮ ਦੁਆਰਾ ਜਨਰੇਟ ਕੀਤੀ ਇਕ ਯੂਨੀਕ ਆਈ.ਡੀ. ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ 3 ਮਈ ਸਵੇਰ ਤੱਕ ਜ਼ਿਲ੍ਹੇ ਦੇ ਚਾਹਵਾਨ ਵਿਅਕਤੀਆਂ ਦੇ ਵੇਰਵੇ ਆ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ, ਜਦ ਤੱਕ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਚੱਲੇਗੀ, ਅਸੀਂ ਸੂਬੇ ਤੋਂ ਬਾਹਰ ਜਾਣ ਦੇ ਚਾਹਵਾਨ ਵਿਅਕਤੀਆਂ ਲਈ ਢੁਕਵੀਂ ਗਿਣਤੀ ਵਿਚ ਹੈਲਥ ਚੈਕਅੱਪ ਕੈਂਪਾਂ ਦਾ ਪ੍ਰਬੰਧ ਕਰਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਕੈਂਪ ਦੇ ਸਥਾਨ ਤੇ ਮਿਤੀ ਬਾਰੇ ਮੈਸੇਜ਼ ਭੇਜ ਕੇ ਜਾਣਕਾਰੀ ਦਿੱਤੀ ਜਾਵੇਗੀ। ਇਕ ਪਰਿਵਾਰ ਜਾਂ ਗਰੁੱਪ ਦੀ ਇਕੋ ਹੀ ਕੈਂਪ ਤੇ ਸਕ੍ਰੀਨਿੰਗ ਕੀਤੀ ਜਾਵੇਗੀ। ਸਕ੍ਰੀਨਿੰਗ 4 ਮਈ ਦੀ ਰਾਤ ਤੱਕ ਮੁਕੰਮਲ ਕਰ ਲਈ ਜਾਵੇਗੀ।
ਸ੍ਰੀ ਥੋਰੀ ਨੇ ਦਸਿਆ ਕਿ ਸਕ੍ਰੀਨਿੰਗ ਹੋਣ ਤੋਂ ਬਾਅਦ ਕੋਵਿਡ 19 ਦੇ ਲੱਛਣਾਂ ਤੋਂ ਰਹਿਤ ਵਿਅਕਤੀਆਂ ਨੂੰ ਸਿਹਤ ਟੀਮ ਵੱਲੋਂ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫਸੇ ਹੋਏ ਵਿਅਕਤੀਆਂ ਨੂੰ ਲੈ ਕੇ ਜਾਣ ਲਈ ਬੱਸਾਂ ਜਾਂ ਕਿਸੇ ਹੋਰ ਸਾਧਨ ਬਾਰੇ ਵੇਰਵੇ ਬਾਅਦ ਵਿਚ ਦੱਸੇ ਜਾਣਗੇ। ਉਨ੍ਹਾਂ ਕਿਹਾ ਕਿ 5 ਮਈ ਤੋਂ ਇਨ੍ਹਾਂ ਵਿਅਕਤੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਕ ਟੀਮ ਬਣਾਈ ਜਾਵੇਗੀ ਜੋ www.covidhelp.punjab.gov.in ‘ਤੇ ਜਾ ਕੇ ਪੰਜਾਬ ਤੋਂ ਬਾਹਰ ਜਾਣ ਵਾਲੇ ਪਰਿਵਾਰ ਜਾਂ ਗਰੁੱਪ ਦੀ ਆਈ.ਡੀ. ਇਸ ਵਿਚ ਦਾਖ਼ਲ ਕਰੇਗੀ।