ਨਾਇਬ ਤਹਿਸੀਲਦਾਰ , ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜਨ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ
ਹਰਿੰਦਰ ਨਿੱਕਾ , ਬਰਨਾਲਾ, 17 ਜੁਲਾਈ 2022
ਟ੍ਰਾਈਡੈਂਟ ਫੈਕਟਰੀ ਧੌਲਾ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਖੇਤਰ ‘ਚ ਪਾਣੀ ਵਿੱਚ ਕੈਮੀਕਲ ਘੁਲਿਆ ਹੋਣ ਦਾ ਮਾਮਲਾ ਸਾਹਮਣੇ ਆਉਂਦਿਆਂ ਜਿਲ੍ਹਾ ਪ੍ਰਸ਼ਾਸ਼ਨ ਵੀ ਹਰਕਤ ਵਿੱਚ ਆ ਗਿਆ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਸਬ-ਤਹਿਸੀਲ ਧਨੌਲਾ ਦੇ ਨਾਇਬ ਤਹਿਸੀਲਦਾਰ ਦੀ ਅਗਵਾਈ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਅਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਬੋਰਡ ਦੇ ਅਧਿਕਾਰੀਆਂ ਦੀ ਬਣਾਈ ਟੀਮ ਨੇ ਫੈਕਟਰੀ ਨੇੜਲੇ ਖੇਤਰ ਦੇ ਖੇਤਾਂ ਵਿੱਚ ਲੱਗੇ ਟਿਊਬਵੈਲਾਂ ਅਤੇ ਘਰਾਂ ‘ਚ ਚਲਦੀਆਂ ਸਬਮਰਸੀਬਲ ਮੋਟਰਾਂ ਦੇ ਪਾਣੀ ਦਾ ਸੈਂਪਲ ਭਰ ਕੇ ਜਾਂਚ ਲਈ ਲੈਬ ਨੂੰ ਭੇਜਿਆ ਗਿਆ ਹੈ। ਇਸ ਦੀ ਪੁਸ਼ਟੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਬੋਰਡ ਦੀ ਬਰਨਾਲਾ ਲੈਬੋਰਟਰੀ ਦੇ ਐਸਡੀੳ ਕੁਲਦੀਪ ਸਿੰਘ ਅਤੇ ਕੁੱਝ ਕਿਸਾਨਾਂ ਨੇ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਸੇਖੋਂ ਦੇ ਖੇਤ ‘ਚ ਲੱਗੇ ਟਿਊਬਵੈਲ ਅਤੇ ਘਰ ‘ਚ ਲੱਗੀ ਸਬਮਰਸੀਵਲ ਮੋਟਰ ਦੇ ਪਾਣੀ ਦਾ, ਨੰਬਰਦਾਰ ਗੁਰਸ਼ਰਨ ਸਿੰਘ, ਭੋਲਾ ਸਿੰਘ, ਹਰੀ ਸਿੰਘ , ਦਲਜੀਤ ਸਿੰਘ ਆਦਿ ਦੇ ਟਿਊਬਵੈਲਾਂ ਦੇ ਪਾਣੀ ਦੇ ਸੈਂਪਲ ਲਏ ਗਏ ਹਨ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਪਾਣੀ ਦੇ ਸੈਂਪਲ ਲੈਣ ਦੀ ਪੂਰੀ ਪ੍ਰਕਿਰਿਆ ਦੀ ਬਕਾਇਦਾ ਵੀਡੀਉਗ੍ਰਾਫੀ ਵੀ ਕੀਤੀ ਗਈ ਹੈ। ਕਿਸਾਨ ਅਮਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਭੇਜੀ ਟੀਮ ਨੇ ਪਾਣੀ ਦੇ ਲਏ ਸੈਂਪਲਾਂ ਨੂੰ ਕੱਪੜੇ ਵਿੱਚ ਲਪੇਟ ਕੇ ਸੀਲ ਲਾਈ ਗਈ ਹੈ, ਜਿਸ ਪਰ ਕਿਸਾਨਾਂ ਦੇ ਦਸਤਖਤ/ ਅੰਗੂਠੇ ਵੀ ਕਰਵਾਏ ਗਏ ਹਨ। ਦੂਸ਼ਿਤ ਪਾਣੀ ਦੀਆਂ ਦੁਸ਼ਵਾਰੀਆਂ ਦਾ ਦੰਸ਼ ਝੱਲ ਰਹੇ ਕਿਸਾਨ ਅਮਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਪਹਿਲਾਂ ਉਹ ਖੇਤ ਦੇ ਟਿਊਬਵੈਲ ਤੋਂ ਹੀ ਪੀਣ ਲਈ ਪਾਣੀ, ਵਰਤਦੇ ਸਨ, ਪਰੰਤੂ ਕੈਮੀਕਲ ਘੁਲਿਆ ਦੂਸ਼ਿਤ ਪਾਣੀ ਹੋਣ ਕਾਰਣ , ਉਨ੍ਹਾਂ ਘਰ ਅੰਦਰ ਵੱਖਰੀ ਸਬਮਰਸੀਬਲ ਮੋਟਰ ਵੀ ਲਗਵਾਈ, ਪਰ ਹਾਲ ਪਹਿਲਾਂ ਵਰਗਾ ਹੀ ਹੈ। ਉਨ੍ਹਾਂ ਕਿਹਾ ਕਿ ਇਹੋ ਹਾਲ, ਆਲੇ ਦੁਆਲੇ ਖੇਤਾਂ ਵਿੱਚ ਲੱਗੇ ਟਿਊਬਵੈਲਾਂ ਦਾ ਵੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਤੋਂ ਪਹਿਲਾਂ ਵੀ ,ਕਈ ਵਾਰ ਲੋਕਾਂ ਨੇ ਦੂਸ਼ਿਤ ਪਾਣੀ ਦਾ ਮੁੱਦਾ ਉਠਾਇਆ ਹੈ। ਪਰੰਤੂ ਕਿਸੇ ਨੇ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਜਾਂਚ ਅਧਿਕਾਰੀ ਫੈਕਟਰੀ ਵਾਲਿਆਂ ਦੇ ਦਫਤਰਾਂ ਵਿੱਚ ਬਹਿਕੇ ਹੀ, ਰਿਪੋਰਟਾਂ ਕਰਕੇ ਸਭ ਠੀਕ ਹੋਣ ਦੀਆਂ ਗੱਲਾਂਬਾਤਾਂ ਕਰਕੇ ਹੀ ਸਾਰਦੇ ਰਹੇ ਹਨ। ਉਨ੍ਹਾਂ ਸਨਸਨੀਖੇਜ਼ ਖੁਲਾਸਾ ਕੀਤਾ ਕਿ ਜਦੋਂ ਵੀ ਕਿਸੇ ਕਿਸਾਨ ਦੇ ਟਿਊਬਵੈਲ ਦਾ ਪਾਣੀ ਦੂਸ਼ਿਤ ਹੋਣ ਦਾ ਮੁੱਦਾ ਉਭਰਦਾ ਹੈ, ਉਦੋਂ ਹੀ ਫੈਕਟਰੀ ਵਾਲੇ, ਦੂਸ਼ਿਤ ਪਾਣੀ ਤੋਂ ਬਚਾਅ ਦਾ ਕੋਈ ਯੋਗ ਹੱਲ ਕੱਢਣ ਦੀ ਬਜਾਏ, ਕਿਸਾਨ ਦੀ ਜਮੀਨ ਹੀ, ਮੁੱਲ ਲੈ ਲੈਂਦੇ ਹਨ। ਉਨਾਂ ਕਿਹਾ ਕਿ ਜਮੀਨ ਮੁੱਲ ਲਏ ਜਾਣ ਨਾਲ, ਦੂਸ਼ਿਤ ਪਾਣੀ ਦੇ ਵਿਰੁੱਧ ਅਵਾਜ ਉੱਠਣੀ ਅਤੇ ਵਿਰੋਧ ਹੋਣਾ ਤਾ ਬੰਦ ਹੋ ਜਾਂਦਾ ਹੈ, ਪਰੰਤੂ ਅਜਿਹਾ ਹੋਣ ਨਾਲ, ਦੂਸ਼ਿਤ ਪਾਣੀ ਦਾ ਪ੍ਰਭਾਵ ਤਾਂ ਜਿਉਂ ਦਾ ਤਿਉਂ ਹੀ ਬਰਕਰਾਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੈਕਟਰੀ ਵਾਲਿਆਂ ਨੂੰ ਕੈਮੀਕਲ ਵਾਲਾ ਪਾਣੀ, ਧਰਤੀ ਹੇਠ ਪਾਉਣ ਤੋਂ ਰੋਕਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹੀਂ ਤਾਂ ਫਿਰ ਧਰਤੀ ਹੇਠ ਵਗਦਾ ਪਾਣੀ, ਕੈਮੀਕਲ ਮਿਲਿਆ ਹੋਣ ਕਾਰਣ, ਇਲਾਕੇ ਦੇ ਲੋਕਾਂ ਦੀ ਜਾਨ ਦਾ ਖੌਅ ਬਣ ਸਕਦਾ ਹੈ।