ਗਿਰਫਤਾਰ ਕੀਤੀਆਂ ਕੁੜੀਆਂ ਚੋਂ ਇੱਕ ਨੇ ਜਾਣਾ ਸੀ ਸਾਈਪ੍ਰੈਸ, ਇੱਕ ਦਾ ਡੇਢ ਕੁ ਮਹੀਨਾ ਪਹਿਲਾਂ ਹੋਇਆ ਸੀ ਵਿਆਹ ਤੇ ਇੱਕ ਪ੍ਰੈਗਨੈਟ ਵੀ
ਹਰਿੰਦਰ ਨਿੱਕਾ , ਬਰਨਾਲਾ, 14 ਜੁਲਾਈ 2022
ਸ਼ਹਿਰ ਅੰਦਰ ਲੰਬੇ ਸਮੇਂ ਤੋਂ ਚੱਲਦੇ ਜਿਸਮਫਰੋਸ਼ੀ ਦੇ ਅੱਡੇ ਤੇ ਰੰਗਰਲੀਆਂ ਮਨਾਉਂਣ ਲਈ ਪਹੁੰਚੇ ਇਲਾਕੇ ਦੀ ਵੱਡੀ ਫੈਕਟਰੀ ਦੇ 2 ਮੁਲਾਜਮਾਂ ਨੂੰ ਪੁਲਿਸ ਨੇ 6 ਔਰਤਾਂ ਸਣੇ ਕਾਬੂ ਕਰ ਲਿਆ। ਪੁਲਿਸ ਦੀ ਇਸ ਕਾਰਵਾਈ ਨਾਲ, ਸ਼ਹਿਰ ਦੀ ਬਾਜਵਾ ਪੱਤੀ ਦੇ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਬਾਜਵਾ ਪੱਤੀ ਖੇਤਰ ‘ਚ ਚੱਲਦੇ ਦੇਹ ਵਪਾਰ ਦੇ ਅੱਡੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਇਸ ਗੈਰਕਾਨੂੰਨੀ ਧੰਦੇ ਦੀ ਸੂਚਨਾ ਚੰਡੀਗੜ੍ਹ ਫੋਨ ਕਰਕੇ ਦਿੱਤੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਡੇ ਦੀ ਸੰਚਾਲਕ ਹਰਪ੍ਰੀਤ ਕੌਰ ਦੇ ਘਰ ਛਾਪਾਮਾਰੀ ਕਰਕੇ, ਰੰਗਰਲੀਆਂ ਮਨਾਉਂਦੇ 2 ਗ੍ਰਾਹਕਾਂ ਅਤੇ 6 ਔਰਤਾਂ ਨੂੰ ਗਿਰਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਕੌਰ ਵਾਸੀ ਭੱਠਲਾਂ ਹਾਲ ਅਬਾਦ ਬਾਜਵਾ ਪੱਤੀ ਬਰਨਾਲਾ, ਕਿਰਾਏ ਦੇ ਘਰ ਵਿੱਚ ਦੇਹ ਵਪਾਰ ਦਾ ਅੱਡਾ ਚਲਾਉਂਦੀ ਹੈ। ਜਿੱਥੇ ਵੱਖ ਵੱਖ ਥਾਵਾਂ ਦੀਆਂ ਕੁੜੀਆਂ ਤੇ ਔਰਤਾਂ ਜਿਸਮਫਰੋਸ਼ੀ ਲਈ ਪਹੁੰਚਦੀਆਂ ਹਨ। ਉੱਨ੍ਹਾਂ ਦੱਸਿਆ ਕਿ ਪੁਲਿਸ ਨੇ ਰੇਡ ਕਰਕੇ, ਮੌਕੇ ਤੋਂ ਜਿਸਮਫਰੋਸ਼ੀ ਦਾ ਅੱਡਾ ਚਲਾ ਰਹੀ ਹਰਪ੍ਰੀਤ ਕੌਰ, ਉੱਥੇ ਪਹੁੰਚੀਆਂ ਨਿਰਮਲ ਕੌਰ ਵਾਸੀ ਬਡਬਰ, ਸੰਦੀਪ ਕੌਰ, ਰਣਜੀਤ ਕੌਰ ਅਤੇ ਗੁਰਪ੍ਰੀਤ ਕੌਰ ਸਾਰੀਆਂ ਵਾਸੀ ਸ਼ਹਿਣਾ ਅਤੇ ਗ੍ਰਾਹਕ ਦੇ ਤੌਰ ਤੇ ਪਹੁੰਚੇ ਰਜਿੰਦਰ ਸਿੰਘ ਅਤੇ ਰਾਮ ਸਿੰਘ ਵਾਸੀ ਖੁੱਡੀ ਕਲਾਂ ਨੂੰ ਗਿਰਫਤਾਰ ਕਰ ਲਿਆ। ਐਸਐਚੳ ਢਿੱਲੋਂ ਨੇ ਦੱਸਿਆ ਕਿ 8 ਜਣਿਆਂ ਦੇ ਖਿਲਾਫ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕਰਕੇ, ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਅਧਾਰ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਦੇਹ ਵਪਾਰ ਦੇ ਅੱਡੇ ਤੇ ਰੰਗਰਲੀਆਂ ਮਨਾਉਂਦੇ ਫੜ੍ਹੇ ਦੋਵੇਂ ਗ੍ਰਾਹਕ ਇਲਾਕੇ ਦੀ ਨਾਮੀ ਫੈਕਟਰੀ ਦੇ ਮੁਲਾਜ਼ਮ ਹਨ। ਉੱਧਰ ਕੁੜੀਆਂ ਵਿੱਚੋਂ ਇੱਕ ਨੇ, ਕੁੱਝ ਦਿਨਾਂ ‘ਚ ਸਾਈਪ੍ਰੈਸ ਜਾਣਾ ਸੀ, ਇੱਕ ਦਾ ਕਰੀਬ ਡੇਢ ਕੁ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਦੱਸਿਆ ਜਾ ਰਿਹਾ ਹੈ। ਇੱਕ ਔਰਤ ਅਜਿਹੀ ਵੀ ਹੈ, ਜਿਹੜੀ, ਪ੍ਰੈਗਨੈਂਟ ਵੀ ਹੈ।