ਹਰਪ੍ਰੀਤ ਕੌਰ ਬਬਲੀ , ਸੰਗਰੂਰ, 5 ਜੁਲਾਈ:2022
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਜ਼ਿਲਾ ਸੰਗਰੂਰ ਦੀਆਂ 2 ਵਿਦਿਆਰਥਣਾਂ ਨੇ ਪੂਰੇ ਪੰਜਾਬ ’ਚੋਂ ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਦਾ ਮਾਣ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਵਿਦਿਆਰਥਣਾਂ, ਦਿਲਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੂੰ ਅਤੇ ਉਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਨਿੱਘੀ ਮੁਬਾਰਕਬਾਦ ਭੇਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ 650 ’ਚੋਂ 644 ਅੰਕ ਲੈ ਕੇ ਪੂਰੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਦੀ ਕੋਮਲਪ੍ਰੀਤ ਕੌਰ 650 ’ਚੋਂ 642 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ ਤੀਸਰੇ ਸਥਾਨ ’ਤੇ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਆਪਣੀ ਦਿਨ ਰਾਤ ਦੀ ਮਿਹਨਤ ਸਦਕਾ ਪੂਰੇ ਪੰਜਾਬ ’ਚੋਂ ਦੂਜੇ ਅਤੇ ਤੀਜੇ ਸਥਾਨ ’ਤੇ ਆ ਕੇ ਇਨਾਂ ਵਿਦਿਆਰਥਣਾਂ ਨੇ ਪੂਰੇ ਜ਼ਿਲੇ ਦਾ ਨਾਮ ਪੰਜਾਬ ਵਿੱਚ ਰੌਸ਼ਨ ਕੀਤਾ ਹੈ ਜਿਸ ਲਈ ਇਹ ਵਿਦਿਆਰਥਣਾਂ ਅਤੇ ਇਨਾਂ ਨੂੰ ਪੜਾਉਣ ਵਾਲੇ ਅਧਿਆਪਕ ਵਧਾਈ ਦੇ ਪਾਤਰ ਹਨ।
ਸ਼੍ਰੀ ਜੋਰਵਾਲ ਨੇ ਕਿਹਾ ਕਿ ਸੰਗਰੂਰ ਜ਼ਿਲੇ ਲਈ ਇਹ ਖੁਸ਼ੀ ਦਾ ਇੱਕ ਸ਼ਾਨਦਾਰ ਮੌਕਾ ਹੈ ਜਦੋਂ ਇਨਾਂ ਵਿਦਿਆਰਥਣਾਂ ਨੇ ਪੂਰੇ ਸੂਬੇ ’ਚ ਸੰਗਰੂਰ ਦਾ ਨਾਂ ਉੱਚਾ ਕੀਤਾ ਹੈ। ਸ਼੍ਰੀ ਜੋਰਵਾਲ ਨੇ ਜ਼ਿਲੇ ਦੇ ਸਮੂਹ ਵਿਦਿਆਰਥੀਆਂ ਨੂੰ ਪੜਾਈ ਹੋਰ ਵਧੇਰੇ ਮਿਹਨਤ ਨਾਲ ਕਰਨ ਲਈ ਪੇ੍ਰਰਿਤ ਕੀਤਾ ਅਤੇ ਸਫ਼ਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਅਤੇ ਦਿ੍ਰੜਤਾ ਨਾਲ ਜੁਟੇ ਰਹਿਣ ਦਾ ਸੱਦਾ ਦਿੱਤਾ।