ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਰੋਧੀਆਂ ਲਈ ਬਣੇਗੀ ਵੱਕਾਰ ਦਾ ਸਵਾਲ
ਜ਼ਿਮਨੀ ਚੋਣ ਮਾਨ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਕਰੇਗੀ ਨਿਸ਼ਾਨਦੇਹੀ
ਸੰਗਰੂਰ ਹਲਕਾ ਲੋਕ ਸਭਾ ਦੀ ਜ਼ਿਮਨੀ ਚੋਣ ਮਾਹੌਲ ਹੋਇਆ ਸਰਗਰਮ
ਪਰਦੀਪ ਕਸਬਾ, ਸੰਗਰੂਰ , 29 ਮਈ 2022
ਚੋਣ ਕਮਿਸ਼ਨ ਨੇ ਸੰਗਰੂਰ ਚ ਹੋਣ ਜੋ ਹੋਣ ਜਾ ਰਹੀ ਉਪ ਚੋਣ ਦਾ ਐਲਾਨ ਕਰ ਦਿੱਤਾ ਹੈ । 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕਾ ਦੀਅਾਂ ਵੋਟਾਂ ਪੈਣਗੀਅਾਂ । ਜਿਸ ਦੇ ਨਤੀਜੇ 26 ਜੂਨ ਨੂੰ ਐਲਾਨੇ ਜਾਣਗੇ । ਭਗਵੰਤ ਮਾਨ ਦੀ ਸਰਕਾਰ ਵਿੱਚ ਹੋਣ ਵਾਲੀ ਇਹ ਪਹਿਲੀ ਜ਼ਿਮਨੀ ਚੋਣ ਹੈ ।
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਖਾਲੀ ਹੋਣ ਤੋਂ ਬਾਅਦ ਬੇਸਬਰੀ ਨਾਲ ਲੋਕਾਂ ਵੱਲੋਂ ਜ਼ਿਮਨੀ ਚੋਣ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਸਿਆਸੀ ਪਾਰਟੀਆਂ ਅੰਦਰਖਾਤੇ ਇਸ ਚੋਣ ਦੀਆਂ ਤਿਆਰੀਆਂ ਕਰ ਰਹੀਆਂ ਸਨ ।
ਸੰਗਰੂਰ ਹਲਕਾ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਨਾਲ ਸੱਤਾਧਾਰੀ ਪਾਰਟੀ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਮਰਕੱਸੇ ਕੱਸ ਲਏ ਹਨ , ਹਾਲਾਂਕਿ ਜ਼ਿਮਨੀ ਚੋਣ ਨੂੰ ਲੈ ਕੇ ਕੁਝ ਪਾਰਟੀਆਂ ਨੇ ਤਾਂ ਪਹਿਲਾਂ ਹੀ ਤਿਆਰੀ ਵਿੱਢ ਦਿੱਤੀ ਸੀ । ਜ਼ਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਵੱਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਜਿਸ ਨਾਲ ਰਾਜਨੀਤਕ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਦੋ ਵਾਰ ਇਸ ਸੀਟ ਤੋਂ ਵੱਡੀ ਲੀਡ ਨਾਲ ਜਿੱਤੇ ਹਨ। ਇਸ ਵਾਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਅਤੇ ਇਸ ਸੀਟ ਤੇ ਪਿਛਲੀਆਂ ਚੋਣਾਂ ਨਾਲੋਂ ਵੱਡੀ ਲੀਡ ਤੇ ਜਿੱਤਣਾ ਮਾਨ ਸਰਕਾਰ ਲਈ ਚੁਨੌਤੀ ਵੀ ਰਹੇਗਾ । ਜ਼ਿਮਨੀ ਚੋਣ ਜਿਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਸਹੀ ਹੋਣ ਤੇ ਮੋਹਰ ਲਾਏਗੀ ਉਥੇ ਹੀ ਵਿਰੋਧੀ ਪਾਰਟੀਆਂ ਦੀ ਵੱਕਾਰ ਦਾ ਸਵਾਲ ਵੀ ਬਣੇਗੀ।
ਸੱਤਾਧਾਰੀ ਪਾਰਟੀ ਵੀ ਇਸੇ ਦਿਸ਼ਾ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ ਬੇਸ਼ੱਕ ਦੀ ਆਮ ਆਦਮੀ ਪਾਰਟੀ ਨੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਜਦੋਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਨੂੰ ਪੁੱਛਿਆ ਕਿ ਤੁਸੀਂ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਾਂ ਪਾਰਟੀ ਨੇ ਦੇਖਣਾ ਹੈ ਕਿ ਕਿਸ ਨੂੰ ਟਿਕਟ ਦਿੱਤੀ ਜਾਵੇ ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਤੋਂ ਉਭਰਨ ਲਈ ਜ਼ਿਮਨੀ ਚੋਣ ਇਕ ਅਹਿਮ ਮੌਕਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਜੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਵਿਨਰਜੀਤ ਸਿੰਘ ਗੋਲਡੀ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸਰਗਰਮੀ ਨੂੰ ਵੀ ਇਸੇ ਦਿਸ਼ਾ ਵਿੱਚ ਦੇਖਿਆ ਜਾ ਸਕਦਾ ਹੈ ।
ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਜਿੱਤਣ ਦੇ ਮਜ਼ਬੂਤ ਦਾਅਵੇ ਵੀ ਕਰ ਰਹੀ ਹੈ। ਇਸ ਦੇ ਸੰਬੰਧ ਵਿਚ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਲਾਏ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦਾ ਪੰਜਾਬ ਵਿਚ ਸੰਗਠਨ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਸੰਗਰੂਰ ਦੀ ਜ਼ਿਮਨੀ ਚੋਣ ਭਾਰਤੀ ਜਨਤਾ ਪਾਰਟੀ ਆਪਣੇ ਹੀ ਬਲਬੂਤੇ ਤੇ ਲੜੇਗੀ ਹਾਲੀਆ ਹਾਲਾਂਕਿ ਦੇਖਣਾ ਬਾਕੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਬਣਾਏ ਗਏ ਗੱਠਜੋੜ ਦਾ ਕੀ ਕਰਨਗੇ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਨ ਇਹ ਦੇਖਣਾ ਹੋਵੇਗਾ ਕਿ ਕੋਸ਼ਿਸ਼ਾਂ ਨੂੰ ਬੂਰ ਕਿੰਨਾ ਕੁ ਪੈਂਦਾ ਹੈ।
ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਲਈ ਬਹੁਤ ਅਹਿਮ ਹੈ ਕਿਉਂਕਿ ਸਾਬਕਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਵਿਧਾਨ ਸਭਾ ਦੀ ਚੋਣ ਮੌਕੇ ਨਮੋਸ਼ੀਜਨਕ ਹਾਰ ਤੋਂ ਬਾਅਦ ਉੱਭਰਨ ਦਾ ਇਕੋ ਇਕ ਮੌਕਾ ਹੈ । ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸੰਗਰੂਰ ਫੇਰੀ ਨਾਲ ਕਾਂਗਰਸ ਨੇ ਵੀ ਸੰਗਰੂਰ ਜ਼ਿਮਨੀ ਚੋਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ।
ਕਾਂਗਰਸ ਪਾਰਟੀ ਦੇ ਤਾਜ਼ਾ ਬਣੇ ਪ੍ਰਧਾਨ ਰਾਜਾ ਵੜਿੰਗ ਨੇ ਸੰਗਰੂਰ ਫੇਰੀ ਦੌਰਾਨ ਸਵੇਰੇ ਸਵੇਰੇ ਬਨਾਸਰ ਬਾਗ਼ ਵਿੱਚ ਸੈਰ ਕੀਤੀ ਅਤੇ ਸਥਾਨਕ ਸ਼ਹਿਰ ਨਿਵਾਸੀਆਂ ਨੂੰ ਵੀ ਮਿਲੇ ਅਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੇ ਵੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਅਾਂ ਹਨ। ਉਮੀਦਵਾਰ ਦਾ ਐਲਾਨ ਬਾਰੀ ਰਾਜਾ ਵੜਿੰਗ ਨੇ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਉਮੀਦਵਾਰ ਤੁਹਾਡੇ ਵਿੱਚੋਂ ਹੀ ਇੱਕ ਹੋਵੇਗਾ। ਜਿਸ ਨੂੰ ਲੋਕ ਕਹਿਣਗੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ ਸੰਗਰੂਰ ਹਲਕੇ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਗੇ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਵਿਚ ਇਸ ਗੱਲ ਦਾ ਫ਼ੈਸਲਾ ਕੀਤਾ ਗਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਉਮੀਦਵਾਰ ਸਿਮਰਜੀਤ ਸਿੰਘ ਮਾਨ ਹੋਣਗੇ ਇਹ ਜਾਣਕਾਰੀ ਪਾਰਟੀ ਦੇ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਦਿੱਤੀ ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਕਾਂਗਰਸ ਅਤੇ ਹੋਰ ਪਾਰਟੀਆਂ ਪੰਜਾਬ ਦੇ ਫ਼ੈਸਲੇ ਲੈਣ ਲਈ ਦਿੱਲੀ ਵੱਲ ਵੇਖਦੀਆਂ ਹਨ । ਉਨ੍ਹਾਂ ਇਹ ਵੀ ਕਿਹਾ ਜੇਕਰ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਚੰਗੇ ਫ਼ੈਸਲੇ ਲੈਣੇ ਹਨ ਤਾਂ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਉਣ।
ਹਾਲਾਂਕਿ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ, ਪਰ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਸਰਗਰਮੀਆਂ ਵਿੱਢੀਆਂ ਜਾ ਰਹੀਆਂ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਸਭਾ ਦੀ ਇਸ ਸੀਟ ਤੋਂ ਕੌਣ ਬਾਜ਼ੀ ਮਾਰੇਗਾ।
Advertisement