ਡੀ.ਐਸ.ਪੀ. ਦਫਤਰ ਦੇ ਨੇੜਿਉ ਦੁਸ਼ਹਿਰਾ ਗਰਾਉਂਡ ‘ਚੋਂ ਮਿਲੀ ਲਾਸ਼
ਹਰਿੰਦਰ ਨਿੱਕਾ , ਬਰਨਾਲਾ 6 ਅਪ੍ਰੈਲ 2022
ਨਸ਼ੇ ਦੀ ਸ਼ਰੇਆਮ ਵਿਕਰੀ ਤੇ ਸਖਤੀ ਨਾਲ ਰੋਕ ਨਾ ਲੱਗਣ ਦੀ ਵਜ੍ਹਾ ਕਾਰਣ ਇੱਕ ਹੋਰ ਨੌਜਵਾਨ ਨੂੰ ਡੀਐਸਪੀ ਦਫਤਰ ਦੇ ਨੇੜੇ ਦੁਸ਼ਿਹਰਾ ਗਰਾਉਂਡ ਵਿੱਚ ਨਸ਼ੇ ਦੀ ਉਵਰਡੋਜ ਨੇ ਨਿਗਲ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਵਿੱਚ ਸਥਿਤ ਗਉਸ਼ਾਲਾ ਕੋਲ ਹਰੇ ਚਾਰੇ ਦੀ ਟਾਲ ਲਗਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਕੇਸਰ ਸਿੰਘ ਦਾ ਕਰੀਬ 25 ਵਰ੍ਹਿਆਂ ਦਾ ਨੌਜਵਾਨ ਹਰਗੋਬਿੰਦ ਸਿੰਘ ਬੁਰੀ ਸੰਗਤ ਦਾ ਸ਼ਿਕਾਰ ਹੋਣ ਕਾਰਣ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ, ਪਰਿਵਾਰ ਨੇ ਉਸ ਦਾ ਕਾਫੀ ਇਲਾਜ਼ ਵੀ ਕਰਵਾਇਆ। ਪਰੰਤੂ ਉਹ ਨਸ਼ੇੜੀਆਂ ਦੀ ਸੰਗਤ ਵਿੱਚੋਂ ਨਾ ਨਿੱਕਲ ਸਕਿਆ।
ਮੰਗਲਵਾਰ ਦੀ ਸ਼ਾਮ ਕਰੀਬ ਸਾਢੇ ਕੁ ਚਾਰ ਵਜੇ ਹਰਗੋਬਿੰਦ ਆਪਣੇ ਘਰੋਂ ਚਲਾ ਗਿਆ। ਕਰੀਬ 7 ਕੁ ਸ਼ਾਮ ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਫੋਨ ਕਰਕੇ, ਦੱਸਿਆ ਕਿ ਹਰਗੋਬਿੰਦ ਗੰਭੀਰ ਹਾਲਤ ਵਿੱਚ ਦੁਸ਼ਿਹਰਾ ਗਰਾਉਂਡ ਵਿੱਚ ਡਿੱਗਿਆ ਪਿਆ ਹੈ। ਪਰਿਵਾਰ ਦੇ ਮੈਂਬਰਾਂ ਦੇ ਪਹੁੰਚਣ ਤੱਕ, ਉਹ ਨਸ਼ੇ ਦੇ ਕੋਹੜ ਵਿੱਚ ਗ੍ਰਸਿਆ ਜਿੰਦਗੀ ਦੀ ਜੰਗ ਹਾਰ ਚੁੱਕਾ ਸੀ।
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਨੇ ਹਰਗੋਬਿੰਦ ਸਿੰਘ ਦੀ ਮੌਤ ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੀ ਵਜ੍ਹਾ ਕਾਰਣ, ਸ਼ਰੇਆਮ ਸ਼ਹਿਰ ਅੰਦਰ ਨਸ਼ਾ ਵਿੱਕ ਰਿਹਾ ਹੈ, ਪਰੰਤੂ ਪੁਲਿਸ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ, ਸਿਰਫ ਖਾਨਾਪੂਰਤੀ ਕਰਨ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਉਵਰਡੋਜ਼ ਕਾਰਣ ਹੀ, ਇੱਕ ਹਫਤੇ ਅੰਦਰ ਅੰਦਰ ਹੀ ਇਹ ਦੂਸਰੇ ਨੌਜਵਾਨ ਦੀ ਜਾਨ ਗਈ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਦੀ ਸਖਤੀ ਨਾਲ ਨਕੇਲ ਕੱਸ ਕੇ, ਨਸ਼ੇ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ।