ਬਲੈਕਮੇਲਿੰਗ ਦਾ ਮਾਮਲਾ- 2 ਔਰਤਾਂ ਸਣੇ 8 ਨਾਮਜ਼ਦ ਦੋਸ਼ੀ ਕਾਬੂ , ਤਫਤੀਸ਼ ਜ਼ਾਰੀ
ਹਰਿੰਦਰ ਨਿੱਕਾ , ਬਰਨਾਲਾ 6 ਅਪ੍ਰੈਲ 2022
ਗਰਚਾ ਰੋਡ ਖੇਤਰ ‘ਚ ਰਹਿੰਦੀ ਇੱਕ ਔਰਤ ਦੇ ਘਰੋਂ ਆਪਣੇ ਦੁੱਧ ਦੇ ਰੁਪਏ ਲੈਣ ਗਏ ਇੱਕ ਦੋਧੀ ਨੂੰ ਬਲੈਕਮੇਲ ਕਰਕੇ 2 ਲੱਖ ਰੁਪਏ ਬਟੋਰਨ ਵਾਲੇ ਗਿਰੋਹ ਦੇ 8 ਜਣਿਆਂ ਖਿਲਾਫ ਪੁਲਿਸ ਨੇ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕਰਕੇ, 2 ਔਰਤਾਂ ਸਣੇ 8 ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸੰਦੀਪ ਕੁਮਾਰ ਉਰਫ ਸੀ.ਪੀ. ਵਾਸੀ ਮਾਹਲ ਪੱਤੀ ਉੱਪਲੀ ਨੇ ਦੱਸਿਆ ਕਿ ਉਹ ਦੋਧੀ ਹੈ,ਮਿਤੀ 1 ਅਪ੍ਰੈਲ 2022 ਨੂੰ ਆਪਣੇ ਦੁੱਧ ਦੇ ਰੁਪਏ ਲੈਣ ਲਈ ਰਮਨਦੀਪ ਕੌਰ ਵਾਸੀ ਝੰਮਟ, ਹਾਲ ਅਬਾਦ ਗਰਚਾ ਰੋਡ ਬਰਨਾਲਾ ਦੇ ਘਰ ਗਿਆ ਸੀ, ਜਿੱਥੇ ਰਮਨਦੀਪ ਕੌਰ ਨੇ ਉਸ ਨੂੰ ਕਿਸੇ ਹੋਟਲ ਵਿੱਚ ਜਾ ਕੇ ਮਿਲਣ ਲਈ ਕਿਹਾ, ਫਿਰ ਉਹ ਦੇਵੇਂ ਜਣੇ ਸਟਾਰ ਡਾਇਮੰਡ ਢਾਬਾ ਹੰਡਿਆਇਆ ਵਿਖੇ ਮਿਲਣ ਲਈ ਪਹੁੰਚ ਗਏ।
ਪਰੰਤੂ ਮੁਦਈ ਨੂੰ ਸ਼ੱਕ ਹੋ ਜਾਣ ਕਾਰਣ, ਉਹ ਰਮਨਦੀਪ ਕੌਰ ਸਮੇਤ ਹੰਡਿਆਇਆ ਚੌਂਕ ਵੱਲ ਨੂੰ ਵਾਪਿਸ ਆ ਰਿਹਾ ਸੀ ਤਾਂ ਰਾਹ ਵਿੱਚ ਮਦਰ ਟੀਚਰ ਸਕੂਲ ਹੰਡਿਆਇਆ ਪਾਸ ਦੋਸ਼ੀਅਜਗਸੀਰ ਸਿੰਘ, ਲਖਵੀਰ ਸਿੰਘ, ਵਿੱਕੀ ਅਤੇ ਗੁਰਵੀਰ ਕੌਰ ਮੋਟਰ ਸਾਈਕਲ ਪਰ ਸਵਾਰ ਮਿਲ ਗਏ। ਜਿੰਨ੍ਹਾਂ ਮੁਦਈ ਨੂੰ ਘੇਰ ਕੇ ਗਾਲੀ ਗਲੋਚ ਅਤੇ ਕੁੱਟਮਾਰ ਕਰਕੇ ,ਉਸ ਪਾਸੋਂ 7800/ ਰੁਪਏ ਖੋਹ ਲਏ ਅਤੇ 3 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗ ਪਏ। 3 ਲੱਖ ਨਾ ਦੇਣ ਦੀ ਸੂਰਤ ਵਿੱਚ ਇਸ ਦੇ ਮਾੜੇ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਲੱਗ ਪਏ। ਡਰ ਅਤੇ ਸਹਿਮ ਦੀ ਹਾਲਤ ਵਿੱਚ ਮੁਦਈ ਨੇ ਉਨ੍ਹਾਂ ਪਾਸੋਂ 3 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ, 2 ਦਿਨ ਦਾ ਸਮਾਂ ਮੰਗਿਆ। ਜਿਸ ਤੋਂ ਬਾਅਦ ਫਿਰ ਮੁਦਈ ਆਪਣੇ ਚਾਚੇ ਸਮੇਤ ਦੋਸ਼ੀਆਂ ਪਾਸ 2 ਲੱਖ ਰੁਪਏ ਲੈ ਕੇ ਗਰਚਾ ਰੋਡ, ਬਰਨਾਲਾ ਵਿਖੇ ਪਹੁੰਚ ਗਿਆ।
ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਮੇਲ ਸਿੰਘ ਨੇ ਪੁਲਿਸ ਪਾਰਟੀ ਸਣੇ ਰੇਡ ਕਰਕੇ, ਦੋਸ਼ੀ ਜਗਸੀਰ ਸਿੰਘ ਉਰਫ ਜੱਗੀ ਵਾਸੀ ਮੌੜ, ਲਖਵੀਰ ਸਿੰਘ ਉਰਫ ਬੂਟਾ ਵਾਸੀ ਕੋਠੇ ਰਾਮਸਰ ਬਾਜਾਖਾਨਾ ਰੋਡ ਬਰਨਾਲਾ, ਗੁਰਵੀਰ ਕੌਰ ਉਰਫ ਜਸਵੀਰ ਕੌਰ ਵਾਸੀ ਸਿਰੀਆ ਪੱਤੀ ਕਾਲੇਕੇ, ਹਾਲ ਵਾਸੀ ਗਲੀ ਨੰਬਰ 2, ਗੁਰੂਤੇਗ ਬਹਾਦਰ ਨਗਰ ਬਰਨਾਲਾ, ਰਮਨਦੀਪ ਕੌਰ ਉਰਫ ਰਮਨ ਵਾਸੀ ਝੰਮਟ, ਹਾਲ ਵਾਸੀ, ਗਰਚਾ ਰੋਡ ਬਰਨਾਲਾ, ਕਰਮਜੀਤ ਸਿੰਘ ਵਾਸੀ ਦਰਾਜ, ਸਿਕੰਦਰ ਸਿੰਘ ਉਰਫ ਸਿਕੰਦਰੀ ਵਾਸੀ ਦਾਨਾ ਪੱਤੀ ਰੂੜੇਕੇ ਕਲਾਂ, ਕਰਤਾਰ ਸਿੰਘ ਉਰਫ ਬਿੱਲਾ ਵਾਸੀ ਖੱਟਰ ਪੱਤੀ ਤਪਾ,ਜਗਸੀਰ ਸਿੰਘ ਉਰਫ ਜੱਗਾ ਵਾਸੀ ਦਾਨਾ ਪੱਤੀ ਮੋਨੇ ਕੋਠੇ, ਰੂੜੇਕੇ ਕਲਾਂ ਨੂੰ 2 ਲੱਖ ਰੁਪਏ ਸਮੇਤ ਗਿਰਫਤਾਰ ਕਰ ਲਿਆ।
ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਅਧੀਨ ਜੁਰਮ 384/323/341/506/120 B/395 ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਬਲੈਕਮੇਲਰ ਗਿਰੋਹ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਨੂੰ ਵੀ ਨਾਮਜ਼ਦ ਕਰਕੇ, ਗਿਰਫਤਾਰ ਕਰ ਲਿਆ ਜਾਵੇਗਾ।