ਬਰਨਾਲੇ ਵਾਲਿਉ ! ਭਾਂਵੇ ਮੇਰੇ ਚੰਮ ਦੀਆਂ ਜੁੱਤੀਆਂ ਸੰਵਾ ਲਉ, ਮੈਂ ਤੁਹਾਡਾ ਕਰਜ਼ ਨਹੀਂ ਮੋੜ ਸਕਦਾ- ਮੀਤ
ਹਰਿੰਦਰ ਨਿੱਕਾ , ਬਰਨਾਲਾ 23 ਮਾਰਚ 2022
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਸ਼ਹਿਰ ਪਹੁੰਚੇ। ਜਿੰਨ੍ਹਾਂ ਦਾ ਇਲਾਕੇ ਦੇ ਲੋਕਾਂ, ਪਾਰਟੀ ਵਰਕਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਉੱਧਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਪੁਲਿਸ ਟੀਮ ਨੇ ਮੀਤ ਹੇਅਰ ਨੂੰ ਸਲਾਮੀ ਦਿੱਤੀ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿੱਚ ਡੀ.ਸੀ. ਕੁਮਾਰ ਸੌਰਭ ਰਾਜ , ਐਸ.ਐਸ.ਪੀ. ਅਲਕਾ ਮੀਨਾ, ਐਸਪੀ ਡੀ ਅਨਿਲ ਕੁਮਾਰ, ਡੀਐਸਪੀ ਰਾਜੇਯ ਸਨੇਹੀ ਬੱਤਾ ਆਦਿ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਜਦੋਂਕਿ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਵੀ ਵਿਭਾਗ ਦੀ ਤਰਫੋਂ ਮੰਤਰੀ ਨੂੰ ਗੁਲਦਸਤੇ ਭੇਂਟ ਕਰਕੇ, ਉਨਾਂ ਦਾ ਸਨਮਾਨ ਕੀਤਾ।
ਇਸ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੈਂ ਬਰਨਾਲਾ ਹਲਕੇ ਵਾਲਿਆਂ ਦਾ ਕਰਜ਼ ਪੂਰੀ ਉਮਰ ਵੀ ਨਹੀਂ ਉਤਾਰ ਸਕਦਾ,ਜਿੰਨਾਂ ਨੇ ਮੈਂਨੂੰ ਲਗਾਤਾਰ ਦੂਜੀ ਵਾਰ ਵਿਧਾਇਕ ਚੁਣ ਕੇ ਭੇਜਿਆ, ਤਾਂ ਹੀ ਮੈਂ ਮੰਤਰੀ ਬਣ ਸਕਿਆ ਹਾਂ। ਉਨਾਂ ਕਿਹਾ ਕਿ ਲੋਕਾਂ ਨੇ 37 ਹਜ਼ਾਰ ਵੋਟਾਂ ਦੀ ਲੀਡ ਨਾਲ ਜਿਤਾ ਕੇ, ਸਾਰੇ ਦੁੱਖ ਤੋੜ ਦਿੱਤੇ,ਹੁਣ ਭਾਂਵੇ ਬਰਨਾਲੇ ਵਾਲਿਉ,ਤੁਸੀਂ ਮੇਰੇ ਚੰਮ ਦੀਆਂ ਜੁੱਤੀਆਂ ਵੀ ਸੰਵਾ ਕੇ ਪਾ ਲਉ। ਮੀਤ ਹੇਅਰ ਨੇ ਪ੍ਰਾਈਵੇਟ ਸਕੂਲਾਂ ਦੀਆਂ ਕਥਿਤ ਬੇਨਿਯਮੀਆਂ ਦੇ ਸਵਾਲ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਦਿੱਲੀ ਦੀ ਤਰਜ਼ ਤੇ ਜਿੱਥੇ ਸਰਕਾਰੀ ਸਕੂਲਾਂ ਦੀ ਦਸ਼ਾ ਵਿੱਚ ਸੁਧਾਰ ਕਰਕੇ, ਪੰਜਾਬ ਦੇ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਲਈ, ਯਤਨਸ਼ੀਲ ਰਹੇਗੀ, ਉੱਥੇ ਹੀ ਪ੍ਰਾਈਵੇਟ ਸਕੂਲ ਦੇ ਮਾਲਿਕਾਂ ਦੀਆਂ ਬੇਨਿਯਮੀਆਂ ਦੂਰ ਕਰਕੇ,ਉਨਾਂ ਨੂੰ ਐਕਟ ਦੇ ਅਨੁਸਾਰ ਦਾਖਿਲਾ, ਫੀਸਾਂ ,ਵਰਦੀਆਂ ਅਤੇ ਕਿਤਾਬਾਂ ਬਾਰੇ ਬਣੇ ਨਿਯਮਾਂ ਅਨੁਸਾਰ ਕੰਮ ਕਰਨਾ ਯਕੀਨੀ ਬਣਾਏਗੀ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਲਗਾਈ ਗਈ ਹੈ। ਪ੍ਰਾਈਵੇਟ ਸਕੂਲਾਂ ਨੂੰ ਲੋਕਾਂ ਦੀ ਕਥਿਤ ਲੁੱਟ ਖਸੁੱਟ ਤੋਂ ਨਿਜਾਤ ਦਿਵਾਉਣ ਲਈ 25 ਮਾਰਚ ਨੂੰ ਵੱਡਾ ਐਲਾਨ ਕੀਤਾ ਜਾਵੇਗਾ।
ਮੇਰੇ ਮਹਿਕਮਿਆਂ ਵਿੱਚ ਭ੍ਰਿਸ਼ਟਾਚਾਰ ਨਹੀਂ ਚੱਲਣ ਦਿਆਂਗਾ- ਮੀਤ
ਸਿੱਖਿਆ ਵਿਭਾਗ , ਉੱਚ ਸਿੱਖਿਆ ਵਿਭਾਗ , ਖੇਡ ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਰਹਿਤ ਸ਼ਾਸ਼ਨ ਤੇ ਪ੍ਰਸ਼ਾਸ਼ਨ ਦੇਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਮੈਂ ਆਪਣੇ ਸਾਰੇ ਮਹਿਕਮਿਆਂ ਅੰਦਰ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨਹੀਂ ਚੱਲਣ ਦਿਆਂਗਾ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਇੰਨਫਰਾਸਟਰਕਚਰ ਅਤੇ ਸਟਾਫ ਦੀ ਕਮੀ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀ ਟੀਚਾ ਹੈ। ਉਨਾਂ ਦਾਅਵਾ ਕੀਤਾ ਕਿ ਸਾਡੀ ਹਰ ਕੋਸ਼ਿਸ਼ ਰਹੇਗੀ ਕਿ ਪੰਜਾਬ ਵਿੱਚ ਮੁਲਾਜਮਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ/ ਮੁਜਾਹਰੇ ਕਰਨ ਦੀ ਨੌਬਤ ਨਾ ਆਵੇ।
ਮੀਤ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਲੀ ਵਰਗੀਆਂ ਦੇਣ ਦਾ ਵਾਅਦਾ ਕੀਤਾ ਹੈ, ਮੁੱਖ ਮ਼ੰਤਰੀ ਅਤੇ ਪਾਰਟੀ ਹਾਈਕਮਾਨ ਨੇ ਸਿੱਖਿਆ ਵਰਗੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ, ਮੇਰੀ ਚੋਣ ਕੀਤੀ, ਇਸ ਲਈ ਮੈਂ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਰਾਘਵ ਚੱਢਾ ਅਤੇ ਸੰਦੀਪ ਪਾਠਕ ਦਾ ਤਹਿ ਦਿਲੋਂ ਸ਼ੁਕਰੀਆਂ ਅਦਾ ਕਰਦਾ ਹਾਂ। ਦਿੱਤੀ ਗਈ, ਜਿੰਮੇਵਾਰੀ ਨੂੰ ਬਿਨਾਂ ਕਿਸੇ ਛੁੱਟੀ ਤੋਂ 18/18 ਘੰਟੇ ਕੰਮ ਕਰਕੇ,ਪੂਰਾ ਕਰਾਂਗਾ। ਮੀਤ ਨੇ ਕਿਹਾ ਕਿ ਬਰਨਾਲਾ ਹਲਕੇ ਤੋਂ ਕੈਬਨਿਟ ਮੰਤਰੀ ਬਣਨ ਦਾ ਸੋਕਾ 37 ਸਾਲ ਬਾਅਦ ਮੁੱਕਿਆ ਹੈ। ਹੁਣ ਮੇਰੀ ਜਿੰਮੇਵਾਰੀ ਹੈ ਕਿ ਮੈਂ 37 ਸਾਲ ਦੇ ਲਟਕੇ ਇਲਾਕੇ ਦੇ ਕੰਮਾਂ ਨੂੰ ਨੇਪਰੇ ਚਾੜ੍ਹ ਕੇ, ਬਰਨਾਲਾ ਹਲਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਮੀ ਨਹੀਂ ਛੱਡਾਂਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ , ਕਾਨੂੰਨੀ ਵਿੰਗ ਦੇ ਸੂਬਾਈ ਆਗੂ ਐਡਵੇਕੇਟ ਧੀਰਜ ਕੁਮਾਰ , ਨਿਰਮਲ ਸਿੰਘ ਜਾਗਲ, ਹਰਿੰਦਰ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।