ਗਰੀਬ ਨੌਜਵਾਨ ਲਾਭ ਉੱਗੋਕੇ ਨੇ ਧਨਾਢ ਮੁੱਖ ਮੰਤਰੀ ਚੰਨੀ ਨੂੰ ਚਟਾਈ ਧੂੜ
ਮੀਤ ਹੇਅਰ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਅਤੇ ਵਿਧਾਇਕ ਕੀਤੂ ਦੇ ਬੇਟੇ ਕੰਤੇ ਨੂੰ ਹਰਾਇਆ
ਕੁਲਵੰਤ ਪੰਡੋਰੀ ਨੇ ਬੀਬੀ ਘਨੌਰੀ ਅਤੇ ਕੱਟੂ ਨੂੰ ਦਿੱਤੀ ਮਾਤ
ਹਰਿੰਦਰ ਨਿੱਕਾ , ਬਰਨਾਲਾ 10 ਮਾਰਚ 2022
ਜਿਲ੍ਹੇ ਦੇ ਇਨਕਲਾਬੀ ਸੋਚ ਦੇ ਧਾਰਨੀ ਸਮਝੇ ਜਾਂਦੇ ਲੋਕਾਂ ਨੇ ਲੰਘੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਤਰਾਂ ਹੀ ਇਸ ਵਾਰ ਫਿਰ ਝਾੜੂ ਨਾਲ ਰਵਾਇਤੀ ਪਾਰਟੀਆਂ ਦੇ ਧਨਾਢ ਆਗੂਆਂ ਨੂੰ ਹੂੰਝਾ ਫੇਰ ਕੇ, ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।
ਆਮ ਮਜਦੂਰ ਘਰ ਵਿੱਚ ਪੈਦਾ ਹੋਏ ਗਰੀਬ ਨੌਜਵਾਨ ਤੇ ਆਪ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਭਦੌੜ ਵਿਧਾਨ ਸਭਾ ਹਲਕੇ ਤੋਂ ਸੂਬੇ ਦੇ ਧਨਾਢ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਧੂੜ ਚਟਾ ਦਿੱਤੀ। ਇਸੇ ਤਰਾਂ ਬਰਨਾਲਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜਾਨਚੀ ਪਵਨ ਕੁਮਾਰ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਅਤੇ ਦੋ ਵਾਰ ਲਗਾਤਾਰ ਵਿਧਾਇਕ ਰਹਿ ਚੁੱਕੇ ਸਵ: ਮਲਕੀਤ ਸਿੰਘ ਕੀਤੂ ਦੇ ਬੇਟੇ ਕੁਲਵੰਤ ਸਿੰਘ ਕੰਤਾ ਨੂੰ ਵੀ 37 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ। ਮਹਿਲ ਕਲਾਂ ਹਲਕੇ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਵੀ ਲਗਾਤਾਰ ਦੂਜੀ ਵਾਰ , ਦੋ ਵਾਰ ਦੀ ਵਿਧਾਇਕ ਰਹੀ ਬੀਬੀ ਹਰਚੰਦ ਕੌਰ ਘਨੌਰੀ ਅਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੇ ਰਾਜਸੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਕਰੀਬ 30 ਹਜ਼ਾਰ ਵੋਟਾਂ ਦੇ ਅੰਤਰ ਨਾਲ ਮਾਤ ਦੇ ਦਿੱਤੀ .
ਕਾਂਗਰਸ ਪਾਰਟੀ ਨੇ ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਸਰਕਾਰ ਦੇ ਕਾਰਜਕਾਲ ਦੇ ਖੀਰ ਸਾਲ ’ਚ ਦਲਿਤ ਪੱਤਾ ਖੇਡਦਿਆਂ ਕੈਪਟਨ ਅਮਰਿੰਦਰ ਸਿੰਘ ਹੱਥੋਂ ਪੰਜਾਬ ਦੀ ਵਾਗਡੋਰ ਖੋਹ ਕੇ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਸੀ। ਪਰ ਇਸ ਦੇ ਬਾਵਜੂਦ ਵੀ ਕਾਂਗਰਸ ਹਾਈਕਮਾਨ ਦਾ ਦਲਿਤ ਪੈਂਤੜਾ ਕਾਂਗਰਸ ਪਾਰਟੀ ਨੂੰ ਰਾਸ਼ ਨਹੀ ਆਇਆ। ਸਿੱਟੇ ਵਜੋਂ ਸੂਬੇ ਅੰਦਰ ਕਾਂਗਰਸ ਪਾਰਟੀ ਨੂੰ ਬੁਰੀ ਤਰਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਲਕਾ ਬਰਨਾਲਾ ਤੇ ਹਲਕਾ ਮਹਿਲ ਕਲਾਂ ਤੋਂ ਲੋਕਾਂ ਨੇ ਲਗਾਤਾਰ ਦੂਜੀ ਵਾਰ ਗੁਰਮੀਤ ਸਿੰਘ ਮੀਤ ਹੇਅਰ ਤੇ ਕੁਲਵੰਤ ਸਿੰਘ ਪੰਡੋਰੀ ਨੂੰ ਆਪਣਾ ਵਿਧਾਇਕ ਚੁਣਿਆ ਹੈ। ਜਦੋਂਕਿ ਹਲਕਾ ਭਦੌੜ ਤੋਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ‘ਆਪ’ ਵੱਲੋਂ ਪਹਿਲੀ ਵਾਰ ਚੋਣ ਮੈਦਾਨ ’ਚ ਉਤਾਰੇ ਗਏ ਲਾਭ ਸਿੰਘ ਉੱਗੋਕੇ ਦੇ ਸਿਰ ਜਿੱਤ ਦਾ ਤਾਜ਼ ਸਜਾ ਦਿੱਤਾ ਹੈ।
ਹਲਕਾ ਬਰਨਾਲਾ ’ਚ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ- ਬਸਪਾ ਦੇ ਉਮੀਦਵਾਰ ਕੁਲਵੰਤ ਸਿੰਘ ਕੰਤਾ ਨੂੰ 37101 ਵੋਟਾਂ ਨਾਲ ਹਰਾਇਆ ਹੈ,ਜਦੋਂਕਿ ਕਾਗਰਸੀ ਉਮੀਦਵਾਰ ਮਨੀਸ਼ ਬਾਂਸਲ ਨੂੰ ਤੀਜੇ ਨੰਬਰ ਤੇ ਹੀ ਸਬਰ ਕਰਨਾ ਪਿਆ। ਹਲਕਾ ਮਹਿਲ ਕਲਾਂ ’ਚ ‘ਆਪ’ ਦੇ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਜੰਟ ਸਿੰਘ ਕੱਟੂ ਨੂੰ 29931 ਵੋਟਾਂ ਨਾਲ ਪਛਾੜਿਆ ਹੈ ਜਦੋਂਕਿ ਸਾਬਕਾ ਵਿਧਾਇਕ ਤੇ ਕਾਂਗਰਸੀ ਉਮੀਦਵਾਰ ਹਰਚੰਦ ਕੌਰ ਘਨੌਰੀ ਤੀਜੇ ਨੰਬਰ ਤੇ ਹੀ ਰਹਿ ਗਏ।
ਹਲਕਾ ਭਦੌੜ ’ਚ ‘ਆਪ’ ਦੇ ਲਾਭ ਸਿੰਘ ਉੱਗੋਕੇ ਨੇ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37220 ਵੋਟਾਂ ਨਾਲ ਮਾਤ ਦੇ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਪੱਧਰਾ ਕਰ ਲਿਆ ਹੈ। ਵਰਨਯੋਗ ਹੈ ਕਿ ਮੀਤ ਹੇਅਰ ਨੂੰ 64 ਹਜ਼ਾਰ 91 ਵੋਟਾਂ , ਕੁਲਵੰਤ ਸਿੰਘ ਕੰਤਾ ਨੂੰ 26 ਹਜਾਰ 990 ਵੋਟਾਂ ਅਤੇ ਮਨੀਸ਼ ਬਾਂਸਲ ਨੂੰ ਸਿਰਫ 16 ਹਜ਼ਾਰ 750 ਵੋਟਾਂ ਪ੍ਰਾਪਤ ਹੋਈਆਂ।