ਹਰਿੰਦਰ ਨਿੱਕਾ , ਬਰਨਾਲਾ 27 ਫਰਵਰੀ 2022
ਠੱਗਾਂ ਦੇ ਕਿਹੜਾ ਹਲ ਚਲਦੇ, ਠੱਗੀ ਮਾਰਦੇ ਗੁਜ਼ਾਰਾ ਕਰਦੇ, ਇਹ ਪੁਰਾਣੀ ਕਹਾਵਤ ਉਦੋਂ ਇੱਕ ਵਾਰ ਫਿਰ ਨਵੀਂ ਲੱਗਣ ਲੱਗ ਪਈ , ਜਦੋਂ ਚਾਰ ਜਣਿਆਂ ਦੀ ਇੱਕ ਟੋਲੀ ਨੇ ਹਰਵਿੰਦਰ ਸਿੰਘ ਵਾਸੀ ਪਿੰਡ ਜਹਾਂਗੀਰ ਨਾਲ 29 ਲੱਖ ਰੁਪਏ ਦੀ ਠੱਗੀ ਮਾਰ ਲਈ । ਪੁਲਿਸ ਨੇ ਸ਼ਕਾਇਤ ਦੀ ਬਾਅਦ ਪੜਤਾਲ, ਇੱਕ ਔਰਤ ਸਣੇ ਚਾਰ ਜਣਿਆਂ ਦੇ ਖਿਲਾਫ ਸਾਜਿਸ਼ ਰਚ ਕੇ ਠੱਗੀ ਕਰਨ ਦਾ ਕੇਸ ਦਰਜ਼ ਕਰਕੇ, ਨਾਮਜਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜਹਾਂਗੀਰ ਨੇ ਦੱਸਿਆ ਕਿ ਲਾਭ ਕੌਰ ਪੁੱਤਰੀ ਸਰਬਣ ਸਿੰਘ , ਕਰਨੈਲ ਸਿੰਘ ਪੁੱਤਰ ਰਣਧੀਰ ਸਿੰਘ ਦੋਵੇਂ ਵਾਸੀ ਠੁੱਲੀਵਾਲ , ਸੁਖਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੱਦਲਵੱਢ ਅਤੇ ਕੁਲਵੰਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਝੋਰੜਾਂ, ਜਿਲਾ ਲੁਧਿਆਣਾ ਨੇ ਸਾਜਿਸ਼ ਰਚ ਕੇ ਉਸ ਨਾਲ ਜਮੀਨ ਦਾ ਸੌਦਾ ਕਰਕੇ,ਠੱਗੀ ਕੀਤੀ ਹੈ।
ਹਰਵਿੰਦਰ ਸਿੰਘ ਅਨੁਸਾਰ ਲਾਭ ਕੌਰ ਨੇ ਆਪਣੀ ਜਮੀਨ ਦਾ ਇਕਰਾਰਨਾਮਾ ਸੌਦਾ ਬੈਅ ਕਰਕੇ ਬਤੌਰ ਬਿਆਨੇ ਦੀ ਰਕਮ 23 ਲੱਖ ਰੁਪਏ ਵਸੂਲ ਕਰ ਲਏ ਸਨ ਅਤੇ ਜਮੀਨ ਪਰ ਬੈਂਕ ਲੋਨ ਕਲੀਅਰ ਕਰਨ ਲਈ ਮੁਦੱਈ ਦੇ ਪਿਤਾ ਜਰਨੈਲ ਸਿੰਘ ਪਾਸੋਂ ਲਾਭ ਕੌਰ ਦੇ ਜਵਾਈ ਕਰਨੈਲ ਸਿੰਘ ਨੇ 3 ਲੱਖ ਰੁਪਏ ਬਜਰੀਆ ਪਰਨੋਟ ਵਿਆਜ ਪਰ ਹਾਸਲ ਕਰ ਲਏ । ਜਮੀਨ ਦੇ ਇਕਰਾਰਨਾਮਾ ਦੇ ਗਵਾਹ ਸੁਖਪਾਲ ਸਿੰਘ ਵੱਲੋ ਵੱਖਰੇ ਤੌਰ ਤੇ ਖਰੀਦਦਾਰ ਹਰਵਿੰਦਰ ਸਿੰਘ ਪਾਸੋਂ 3 ਲੱਖ ਰੁਪਏ ਹੋਰ ਵਿਆਜ ਪਰ ਪਰਨੋਟ ਤੇ ਲੈ ਲਏ। ਪਰੰਤੂ ਹੁਣ ਤੱਕ ਜਮੀਨ ਦੀ ਰਜਿਸਟਰੀ ਨਹੀ ਕਰਵਾਈ ਗਈ ਅਤੇ ਨਾ ਹੀ ਜਮੀਨ ਬੈਅ ਕਰਨ ਦੇ ਨਾਂ ਤੇ ਵਸੂਲ ਕੀਤੇ ਕੁੱਲ 29 ਲੱਖ ਰੁਪਏ ਦੀ ਸਾਰੇ ਦੋਸੀਆਂ ਨੇ ਗਿਣੀ ਮਿੱਥੀ ਸਾਜਿਸ ਤਹਿਤ ਠੱਗੀ ਮਾਰ ਲਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਤੇਜ਼ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀਆਂ ਲਾਭ ਕੌਰ, ਕਰਨੈਲ ਸਿੰਘ, ਸੁਖਪਾਲ ਸਿੰਘ ਅਤੇ ਕੁਲਵੰਤ ਸਿੰਘ ਦੇ ਖਿਲਾਫ ਅਧੀਨ ਜੁਰਮ 420/120 B ਆਈਪੀਸੀ ਤਹਿਤ ਥਾਣਾ ਠੁੱਲੀਵਾਲ ਵਿਖੇ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ, ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।