ਹਲਕੇ ਚੋਂ ਹੁੰਗਾਰਾ ਨਾ ਮਿਲਦਾ ਦੇਖ ਡੇਰਾ ਪ੍ਰੇਮੀਆਂ ਦੇ ਦਰ ਤੇ ਨੱਕ ਰਗੜਨ ਲੱਗੇ ‘ਬਾਂਸਲ’ ਅਤੇ ਦੱਧਾਹੂਰ
ਜਗਸੀਰ ਸਿੰਘ ਚਹਿਲ, ਬਰਨਾਲਾ 6 ਫਰਵਰੀ 2022
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਉਮੀਦਵਾਰ ਧੀਰਜ ਕੁਮਾਰ ਦੱਧਾਹੂਰ ਦਾ ਬੇਟਾ ਅਤੇ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਮੁਨੀਸ਼ ਕੁਮਾਰ ਬਾਂਸਲ ਨੇ ਆਪਣੇ ਸਮਰਥਕਾਂ ਸਮੇਤ ਸਥਾਨਕ ਬਾਜਾਖਾਨਾ ਰੋੜ ਤੇ ਸਥਿਤ ‘ਡੇਰਾ ਸਿਰਸਾ’ ਦੇ ਨਾਮ ਚਰਚਾ ਘਰ ਵਿਖੇ ਡੇਰੇ ਪ੍ਰੇਮੀਆਂ ਵਲੋਂ ਵਲੋਂ ਰੱਖੇ ਸਮਾਗਮ ਵਿੱਚ ਸਿਰਕਤ ਕੀਤੀ ਅਤੇ ਡੇਰੇ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾਂ ਕੀਤੀ।
ਮਨੀਸ਼ ਬਾਂਸਲ ਨੇ ਡੇਰਾ ਸਿਰਸਾ ਦਾ ਨਾਮ ਚਰਚਾ ਘਰ ਵੀ ਗੁਰੂ ਘਰ ਹੈ, ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਇੱਕ ਧਾਰਮਿਕ ਸਥਾਨ ਹੈ ਅਤੇ ਡੇਰੇ ਵਲੋਂ ਸਮਾਜ ਅੰਦਰ ਬਹੁਤ ਹੀ ਵਧੀਆ ਕੰਮ ਕੀਤੇ ਜਾ ਰਹੇ ਹਨ। ਵਰਣਨਯੋਗ ਹੈ ਕਿ ਡੇਰਾ ਸਿਰਸਾ ਮੁੱਖੀ ਵਲੋਂ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਪੰਜ ਪਿਆਰੇ ਸਹਿਬਾਨ ਦੀ ਤਰਜ ਤੇ ਆਪਣੇ 7 ਪ੍ਰੇਮੀਆਂ ਰਾਹੀਂ ਜਾਮ-ਏ-ਇੰਸਾਂ ਤਿਆਰ ਕਰਵਾ ਕੇ ਪਿਆਏ ਜਾਣ ਤੇ ਸਿੱਖ ਕੌਮ ਅਤੇ ਡੇਰਾ ਸਿਰਸਾ ਦਰਮਿਆਨ ਵੱਡਾ ਵਿਵਾਦ ਪੈਦਾ ਹੋ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਸਿੱਖ ਪੰਥ ਅਤੇ ਡੇਰਾ ਸਿਰਸਾ ਦਰਮਿਆਨ ਟਕਰਾਅ ਚੱਲਿਆ ਆ ਰਿਹਾ ਸੀ।
2016 ਦੌਰਾਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸਰੂਪ ਦੀ ਬਹਿਬਲ ਕਲਾਂ ਵਿਖੇ ਕੀਤੀ ਗਈ ਬੇਅਦਬੀ ਦੇ ਦੋਸਾਂ ਵਿੱਚ ਵੀ ਡੇਰਾ ਸਿਰਸਾ ਸਮਰਥਕ ਗਿ੍ਰਫਤਾਰ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਜਿੱਥੇ ਡੇਰੇ ਅਤੇ ਸਿੱਖ ਪੰਥ ਦਰਮਿਆਨ ਵੱਡਾ ਟਕਰਾਅ ਚੱਲਿਆ ਆ ਰਿਹਾ ਹੈ। ਸਿੱਖ ਪੰਥ ਦੀ ਸਰਬਪ੍ਰਵਾਨਿਤ ਧਾਰਮਿਕ ਸੰਸਥਾ ਸ੍ਰੀ ਅਕਾਲੀ ਤਖ਼ਤ ਸਾਹਿਬ ਵਲੋਂ ਵੀ ਡੇਰਾ ਸਿਰਸਾ ਅਤੇ ਇਹਨਾ ਦੇ ਪੈਰੋਕਾਰਾਂ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਦੀ ਮਨਾਹੀ ਕੀਤੀ ਹੋਈ ਹੈ। ਆਪਣੇ ਡੇਰੇ ਦੀ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ, ਪੱਤਰਕਾਰ ਸਤਰਪਤੀ ਆਦਿ ਵੱਖ-ਵੱਖ ਕੇਸਾਂ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਿਹਾ ਹੈ।
ਪਰੰਤੂ ਸਿਆਸੀ ਲੋਕਾਂ ਵਲੋਂ ਵੋਟਾਂ ਲਈ ਡੇਰਾ ਸਿਰਸਾ ਦੇ ਸਮਾਗਮਾਂ ਵਿੱਚ ਹਾਜਰੀ ਭਰ ਕੇ ਡੇਰੇਦਾਰਾਂ ਦੀ ਪ੍ਰਸੰਸਾਂ ਕਰਕੇ ਸਿੱਖ ਪੰਥ ਦਾ ਮੂੰਹ ਚਿੜਾਇਆ ਜਾ ਰਿਹਾ ਹੈ । ਭਾਵੇਂ ਕਿ ਮੁਨੀਸ਼ ਬਾਂਸਲ ਅਤੇ ਧੀਰਜ ਕੁਮਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਲਾਗੂ ਨਹੀਂ ਹੁੰਦੇ , ਪਰ ਬਰਨਾਲਾ ਹਲਕੇ ਅੰਦਰ ਵੱਡੀ ਗਿਣਤੀ ਸਿੱਖ ਵੋਟਰਾਂ ਦੀ ਹੈ। ਮੁਨੀਸ਼ ਬਾਂਸਲ ਵਲੋਂ ਡੇਰਾ ਸਿਰਸਾ ਤੇ ਹਾਜ਼ਰੀ ਭਰਨ ਨੂੰ ਲੈ ਕੇ ਮੁਨੀਸ਼ ਬਾਂਸਲ ਅਤੇ ਭਾਜਪਾ ਉਮੀਦਵਾਰ ਧੀਰਜ ਕੁਮਾਰ ਦੱਧਾਹੂਰ ਨੂੰ ਪਿੰਡਾਂ ਅੰਦਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।