ਕਾਂਗਰਸੀ ਸੀਟਾਂ ਦੀ ਅਨਾਉਂਸਮੈਂਟ ‘ਚ ਫਸਿਆ ਧੜੇਬੰਦੀ ਦਾ ਪੇਚ
ਦੁਚਿੱਤੀ ਤੇ ਨਿਰਾਸ਼ਾ ਦੇ ਆਲਮ ‘ਚ ਡੁੱਬੇ ਕਾਂਗਰਸੀ ਵਰਕਰ ਤੇ ਆਗੂ
ਪਹਿਲੀ ਸੂਚੀ ਵਿੱਚ ਨਹੀਂ ਆਇਆ ਜਿਲ੍ਹੇ ਦੇ ਤਿੰਨੋਂ ਸੀਟਾਂ ਲਈ ਉਮੀਦਵਾਰਾਂ ਦਾ ਨਾਂ
ਹਰਿੰਦਰ ਨਿੱਕਾ, ਬਰਨਾਲਾ 16 ਜਨਵਰੀ 2022
ਜਿਲ੍ਹੇ ਅੰਦਰ ਪੈਦਾ ਹੋਈ ਧੜੇਬੰਦੀ ਕਾਰਣ ਪਹਿਲਾਂ ਤੋਂ ਹੀ ਜਮੀਨੀ ਪੱਧਰ ਤੇ ਕਮਜ਼ੋਰ ਹਾਲਤ ‘ਚ ਨਜ਼ਰ ਆ ਰਹੀ ਕਾਂਗਰਸ ਪਾਰਟੀ ਵੱਲੋਂ ਤਿੰਨੋਂ ਵਿਧਾਨ ਸਭਾ ਹਲਕਿਆਂ ਲਈ ਇੱਕ ਵੀ ਉਮੀਦਵਾਰ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਆਉਣ ਤੋਂ ਬਾਅਦ ਜਿਲ੍ਹੇ ਅੰਦਰ ਕਾਂਗਰਸੀ ਵਰਕਰ ਦੁਚਿੱਤੀ ਅਤੇ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ। ਅਜਿਹੀ ਹਾਲਤ ਦਾ ਹੋਣਾ ਸੁਭਾਵਿਕ ਇਸ ਲਈ ਵੀ ਹੈ ਕਿ 14 ਫਰਵਰੀ ਨੂੰ ਹੋਣ ਵਾਲੀ ਚੋਣ ਦਾ ਸਮਾਂ ਛੜੱਪੇ ਮਾਰਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰਾਂ ਕੋਲ ਚੋਣ ਪ੍ਰਚਾਰ ਲਈ ਸਿਰਫ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਪਰੰਤੂ ਹਾਲੇ ਵੀ ਟਿਕਟਾਂ ਦੀ ਅਨਾਉਂਸਮੈਂਟ ਵਿੱਚ ਜਿਲ੍ਹੇ ਦੀ ਧੜੇਬੰਦੀ ਦਾ ਪੇਚ ਫਸਿਆ ਹੋਇਆ ਹੈ। ਹਾਲਤ ਇੱਥੋਂ ਤੱਕ ਗੰਭੀਰ ਬਣ ਚੁੱਕੀ ਹੈ ਕਿ ਜਿਲ੍ਹੇ ਦੇ ਸਭ ਤੋਂ ਪਹਿਲੀ ਕਤਾਰ ਦੇ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਵੀ ਕੱਟ ਜਾਣ ਦੇ ਪ੍ਰਬਲ ਆਸਾਰ ਬਣਦੇ ਜਾ ਰਹੇ ਹਨ, ਕਿਉਂਕਿ ਢਿੱਲੋਂ ਸਮੱਰਥਕ ਅਕਸਰ ਇਹੋ ਦਾਅਵਾ ਕਰਦੇ ਰਹੇ ਹਨ ਕਿ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਹੀ ਕੇਵਲ ਸਿੰਘ ਢਿੱਲੋਂ ਦਾ ਨਾਂ ਸ਼ਾਮਿਲ ਹੋਵੇਗਾ, ਪਰ ਉੱਨ੍ਹਾਂ ਦਾ ਇਹ ਦਾਅਵਾ ਟੈਂ ਟੈਂ ਫਿਸ ਹੋ ਕੇ ਰਹਿ ਗਿਆ ਹੈ। ਟਿਕਟ ਬੇਸ਼ੱਕ ਕਿਸੇ ਨੂੰ ਮਰਜੀ ਮਿਲੇ, ਪਰੰਤੂ ਚੋਣ ਮੁਹਿੰਮ ਭਖਾਉਣ ਨੂੰ ਲੈ ਕੇ ਕਾਂਗਰਸੀ ਵਰਕਰ ਤੇ ਆਗੂ ਦੁਚਿੱਤੀ ਅਤੇ ਨਿਰਾਸ਼ਾ ਵਿੱਚ ਹਨ। ਇਸ ਦਾ ਅਸਰ ਚੋਣਾਂ ਨਤੀਜਿਆਂ ਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੇਵਲ ਢਿੱਲੋਂ ਦੇ ਜੋੜ੍ਹਾਂ ‘ਚ ਬਹਿ ਗਿਆ ਮਨੀਸ਼ ਬਾਂਸਲ
ਜਿਲ੍ਹੇ ਅੰਦਰ ਲੱਗਭੱਗ ਦਮ ਤੋੜ ਚੁੱਕੀ ਕਾਂਗਰਸ ਪਾਰਟੀ ਵਿੱਚ ਨਵੇਂ ਸਿਰਿਉਂ ਰੂਹ ਫੂਕਣ ਵਾਲਾ ਕੇਵਲ ਸਿੰਘ ਢਿੱਲੋਂ ਇੱਨ੍ਹੀਂ ਦਿਨੀਂ ਖੁਦ ਹੀ ਰਾਜਸੀ ਤੌਰ ਤੇ ਅਲੱਗ ਥਲੱਗ ਹੋਇਆ ਪਿਆ ਹੈ। ਬਰਨਾਲਾ ਹਲਕੇ ਤੋਂ ਕੇਵਲ ਢਿੱਲੋਂ ਨੂੰ ਮਿਲਣ ਵਾਲੀ ਟਿਕਟ ਦੇ ਜੋੜਾਂ ‘ਚ ਸਾਬਕਾ ਰੇਲ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਖਜਾਨਚੀ ਪਵਨ ਕੁਮਾਰ ਬਾਂਸਲ ਦਾ ਬੇਟਾ ਮਨੀਸ਼ ਬਾਂਸਲ ਬਹਿ ਗਿਆ ਹੈ। ਕਾਂਗਰਸੀ ਟਿਕਟ ਮਿਲਣ ਤੋਂ ਪਹਿਲਾਂ ਹੀ ਮਨੀਸ਼ ਬਾਂਸਲ ਦੇ ਸਮੱਰਥਕਾਂ ਦੀ ਵੱਧਦੀ ਸਰਗਰਮੀ ਨੇ ਢਿੱਲੋਂ ਸਮੱਰਥਕਾਂ ਨੂੰ ਇੱਕ ਵਾਰ ਤਾਂ ਪੈਰੋਂ ਕੱਢ ਦਿੱਤਾ ਹੈ। ਮਨੀਸ਼ ਬਾਂਸਲ ਨੇ ਤਾਂ ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ਤੇ ਹੀ ਦੋ ਵੱਖ ਵੱਖ ਥਾਵਾਂ ਦੇ ਕੋਠੀਆਂ ਲੈ ਲਈਆਂ ਹਨ। ਇੱਕ ਕੋਠੀ ਆਸਥਾ ਕਲੋਨੀ ‘ਚ 91 ਨੰਬਰ ਹੈ, ਜਦੋਂਕਿ ਦੂਜੀ ਕੋਠੀ ਹੇਮਕੁੰਟ ਨਗਰ ਵਿੱਚ ਹੈ। ਉੱਧਰ ਕੇਵਲ ਢਿੱਲੋਂ ਦਾ ਚੋਣ ਦੇ ਐਨ ਮੌਕੇ ਤੇ ਬਰਨਾਲਾ ਸ਼ਹਿਰ ‘ਚੋਂ ਅਚਾਣਕ ਗਾਇਬ ਹੋ ਜਾਣਾ ਵੀ ਕਈ ਤਰਾਂ ਦੀਆਂ ਕਿਆਸਰਾਈਆਂ ਨੂੰ ਹਵਾ ਦੇ ਰਿਹਾ ਹੈ।
ਕਾਂਗਰਸ ਦੀ ਥਾਂ ਢਿੱਲੋਂ ਸਮੱਰਥਕਾਂ ਮੰਗ ਰਹੇ ਢਿੱਲੋਂ ਲਈ ਸਹਿਯੋਗ
ਕਰੀਬ 20 ਵਰ੍ਹਿਆਂ ਤੋਂ ਕਾਂਗਰਸ ਦਾ ਝੰਡਾ ਚੁੱਕੀ ਫਿਰਦੇ ਕੇਵਲ ਸਿੰਘ ਢਿੱਲੋਂ ਦੇ ਨਾਲ ਜੁੜੇ ਉਨ੍ਹਾਂ ਦੇ ਸਮੱਰਥਕ ਹੁਣ ਕਾਂਗਰਸ ਪਾਰਟੀ ਦੀ ਬਜਾਏ ਕੇਵਲ ਸਿੰਘ ਢਿੱਲੋਂ ਦਾ ਸਮਰਥਨ ਕਰਨ ਦੀਆਂ ਗੱਲਾਂ ਅਕਸਰ ਹਰ ਗਲੀ, ਮੁਹੱਲੇ ਤੇ ਸੱਥਾਂ ਅੰਦਰ ਕਰਕੇ ਸੁਣਨ ਨੂੰ ਮਿਲ ਰਹੇ ਹਨ। ਅਜਿਹੀਆਂ ਗੱਲਾਂ ਵੀ ਇਹੋ ਇਸ਼ਾਰਾ ਕਰਦੀਆਂ ਹਨ ਕਿ ਇਸ ਵਾਰ ਟਿਕਟ ਦਾ ਗੁਣਾ , ਢਿੱਲੋਂ ਦੀ ਥਾਂ ਮਨੀਸ਼ ਬਾਂਸਲ ਤੇ ਪੈ ਸਕਦਾ ਹੈ। ਪਰੰਤੂ ਇਹ ਗੱਲ ਸਾਫ ਹੈ ਕਿ ਕੇਵਲ ਢਿੱਲੋਂ ਵੀ ਚੋਣ ਮੈਦਾਨ ਵਿੱਚ ਉਤਰਨਗੇ, ਪਰੰਤੂ ਕਿਸ ਪਾਰਟੀ ਜਾਂ ਨਿਸ਼ਾਨ ਤੇ ਲੜਨਗੇ,ਇਹ ਸਮੇਂ ਦੇ ਗਰਭ ਵਿੱਚ ਪਲ ਰਿਹਾ ਹੈ।