ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 88ਵਾਂ ਬਰਸੀ ਸਮਾਗਮ-ਧਨੇਰ, ਦੱਤ
- ਜੁਝਾਰ ਰੈਲੀ 21 ਜਨਵਰੀ ਬਰਨਾਲਾ ਨੂੰ ਦਿੱਤੀਆਂ ਜਾਣਗੀਆਂ ਅੰਤਿਮ ਛੋਹਾਂ
ਰਵੀ ਸੈਣ,ਮਹਿਲ ਕਲਾਂ, 16 ਜਨਵਰੀ 2022
ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸ.ਸੇਵਾ ਸਿੰਘ ਠੀਕਰੀਵਾਲਾ ਦੇ 88 ਵੀਂ ਸ਼ਹੀਦੀ ਬਰਸੀ ਸਮਾਗਮ ਸਮੇਂ 19 ਜਨਵਰੀ ਨੂੰ ਨਿਰੋਲ ਜੁਝਾਰੂ ਕਿਸਾਨ ਜਥੇਬੰਦੀਆਂ ਅਤੇ ਲੋਕ ਹਿੱਤਾਂ ਲਈ ਜੂਝਣ ਵਾਲੇ ਆਗੂ ਹੀ ਸੰਬੋਧਨ ਕਰਨਗੇ। ਸ਼ਹੀਦਾਂ ਦੇ ਵਾਰਸ ਠੀਕਰੀਵਾਲਾ ਦੀ ਪੰਚਾਇਤ, ਗੁਰਦਵਾਰਾ ਪਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਉਤਸ਼ਾਹਜਨਕ ਉਪਰਾਲੇ ਦੀ ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ, ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਜੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਵੀ ਸਮੂਹ ਠੀਕਰੀਵਾਲਾ ਨਿਵਾਸੀਆਂ ਨੇ ਸ਼ਹੀਦ ਸ ਸੇਵਾ ਸਿੰਘ ਠੀਕਰੀਵਾਲਾ ਜੀ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਕੇ ਨਵੀਂ ਪਿਰਤ ਪਾਈ ਸੀ। ਇਸ ਵਾਰ ਵੀ ਪੂਰਾ ਇੱਕ ਦਿਨ ਜੁਝਾਰੂ ਕਿਸਾਨ ਆਗੂਆਂ ਅਤੇ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਰਾਖਵਾਂ ਕਰਕੇ ਹੋਰ ਵੀ ਨਿਵੇਕਲੀ ਪਿਰਤ ਪਾਈ ਹੈ।ਆਗੂਆਂ ਕਿਹਾ ਕਿ ਸ਼ਹੀਦਾਂ ਦੇ ਵਾਰਸ ਕਿਰਤੀ, ਕਿਸਾਨ, ਨੌਜਵਾਨ, ਔਰਤਾਂ ਸਮਝ ਚੁੱਕੇ ਹਨ ਕਿ ਵੱਖੋ ਵੱਖ ਰੰਗਾਂ ਦੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ 75 ਸਾਲਾਂ ਦੇ ਅਰਸੇ ਦੌਰਾਨ ਲੁੱਟਿਆ ਅਤੇ ਕੁੱਟਿਆ ਹੀ ਹੈ। ਉਹ ਕਦੇ ਵੀ ਸ਼ਹੀਦਾਂ ਦੇ ਹਕੀਕੀ ਵਾਰਸ ਨਹੀਂ ਹੋ ਸਕਦੇ। ਆਗੂਆਂ ਬਰਨਾਲਾ ਜਿਲ੍ਹੇ ਦੀਆਂ ਭਾਕਿਯੂ ਏਕਤਾ ਡਕੌਂਦਾ ਦੀਆਂ ਪਿੰਡ ਇਕਾਈਆਂ ਨੂੰ ਵੱਡੀ ਗਿਣਤੀ ਵਿੱਚ ਸਵੇਰੇ 11 ਵਜੇ ਠੀਕਰੀਵਾਲਾ ( ਸਭਾ ਵਾਲੇ ਸਥਾਨ ਦੇ ਨਜ਼ਦੀਕ) ਜਥੇਬੰਦੀ ਦੇ ਝੰਡੇ ਲੈਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਇੱਥੇ ਹੀ ਭਾਕਿਯੂ ਏਕਤਾ ਡਕੌਂਦਾ ਵੱਲੋਂ 21 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ‘ਜੁਝਾਰ ਰੈਲੀ’ ਨੂੰ ਅੰਤਿਮ ਛੋਹਾਂ, ਪ੍ਰਬੰਧਾਂ ਅਤੇ ਡਿਊਟੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ।