ਭਾਕਿਯੂ ਏਕਤਾ ਡਕੌਂਦਾ ਵੱਲੋਂ ਪੰਜਾਬ ਪੱਧਰੀ ‘ਜੁਝਾਰ ਰੈਲੀ’ ਦੀਆਂ ਤਿਆਰੀਆਂ ਦੀ ਸਮੀਖਿਆ
- -ਦਹਿ ਹਜਾਰਾਂ ਜੁਝਾਰੂ ਕਿਸਾਨ ਮਜਦੂਰ ਕਾਫ਼ਲੇ ਹੋਣਗੇ ਸ਼ਾਮਿਲ -ਧਨੇਰ, ਉੱਪਲੀ
ਰਿਚਾ ਨਾਗਪਾਲ,ਬਰਨਾਲਾ 3 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਵੱਲੋਂ 10 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ” ਜੁਝਾਰ ਰੈਲੀ” ਦੀਆਂ ਤਿਆਰੀਆਂ ਸਬੰਧੀ ਜਿਲ੍ਹਾ ਪੱਧਰੀ ਵਧਵੀਂ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸ਼ਾਮਿਲ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਕਰੇਗੀ। ਸਗੋਂ ਆਪਣਾ ਜਥੇਬੰਦਕ ਏਕੇ ਨੂੰ ਹੋਰ ਮਜਬੂਤ ਕਰਨ, ਪੰਜਾਬ ਸਰਕਾਰ ਨੂੰ ਕਿਸਾਨਾਂ-ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ਼ ਕਰਨ ਅਤੇ ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਲਈ ਮਜ਼ਬੂਰ ਕਰਨ ਵਾਸਤੇ ਸੰਘਰਸ਼ਾਂ ਉੱਪਰ ਟੇਕ ਰੱਖਣ ਲਈ 10 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਸੂਬਾਈ “ਜੁਝਾਰ ਰੈਲੀ” ਕੀਤੀ ਜਾਵੇਗੀ। ਇਸ ਸਬੰਧੀ ਸਮੁੱਚੀ ਵਿਉਂਤਬੰਦੀ ਕਰਕੇ ਆਗੂਆਂ ਦੀਆਂ ਡਿਉਟੀ ਵੰਡ ਕੀਤੀ ਗਈ। ਪੂਰੇ ਬਰਨਾਲਾ ਜਿਲ੍ਹੇ ਨੂੰ ਵੱਖ ਵੱਖ ਆਗੂ ਟੀਮਾਂ ਵਿੱਚ ਵੰਡਕੇ ਪਿੰਡ ਪਿੰਡ ਤਿਆਰੀਆਂ ਕਰਨ ਦਾ ਤਹਿ ਕੀਤਾ ਗਿਆ। ਆਗੂਆਂ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਜਥੇਬੰਦੀ ਦਾ ਦ੍ਰਿੜ ਵਿਸ਼ਵਾਸ ਹੈ ਕਿ ਦ੍ਰਿੜ ਸੰਘਰਸ਼ਾਂ ਦੇ ਜੋਰ ਹੀ ਕਿਸਾਨੀ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਜੇਤੂ ਅੰਦੋਲਨ ਵਿੱਚ ਹਰ ਪੱਧਰ ਦੀਆਂ ਆਗੂ ਟੀਮਾਂ ਵੱਲੋਂ ਨਿਭਾਈ ਜਿੰਮੇਵਾਰਾਨਾ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ ਗਈ।10 ਜਨਵਰੀ 2022 ਨੂੰ ਦਾਣਾ ਮੰਡੀ ਬਰਨਾਲਾ ਵਿਖੇ ਹੋਣ ਵੀਲੀ ਜੁਝਾਰੂ ਰੈਲੀ ਵਿੱਚ ਕਿਸਾਨਾਂ,ਮਜਦੂਰਾਂ,ਮੁਲਾਜਮਾਂ,ਨੌਜਵਾਨਾਂ ਅਤੇ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ। ਅੱਜ ਮੀਟਿੰਗ ਵਿੱਚ ਪਰਮਿੰਦਰ ਸਿੰਘ ਹੰਡਿਆਇਆ,ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ,ਕੁਲਵੰਤ ਸਿੰਘ ਭਦੌੜ,ਕਾਲਾ ਸਿੰਘ ਜੈਦ, ਹਰਮੇਲ ਸਿੰਘ ਖੁੱਡੀਕਲਾਂ, ਸਾਹਿਬ ਸਿੰਘ ਬਡਬਰ, ਦਰਸ਼ਨ ਸਿੰਘ ਮਹਿਤਾ, ਗੋਪਾਲ ਕ੍ਰਿਸ਼ਨ ਹਮੀਦੀ,ਮਹਿੰਦਰ ਸਿੰਘ ਅਸਪਾਲਕਲਾਂ, ਭੁਪਿੰਦਰ ਸਿੰਘ ਢਿੱਲਵਾਂ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵੀ ਵਿਚਾਰ ਰੱਖੇ।