ਨਵਜੋਤ ਸਿੱਧੂ ਨੇ ਔਰਤਾਂ ਲਈ ਲਾਈ ਐਲਾਨਾਂ ਦੀ ਝੜੀ , ਕੇਵਲ ਢਿੱਲੋਂ ਦੀ ਕੋਠੀ ‘ਚ ਹੋਏ ਪ੍ਰੈਸ ਦੇ ਰੂਬਰੂ
ਔਰਤਾਂ ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਮਾਣ ਭੱਤੇ ਨਾਲ ਪ੍ਰਤੀ ਸਾਲ 8 ਗੈਸ ਸਿਲੰਡਰ ਮੁਫ਼ਤ ਮਿਲਣਗੇ – ਨਵਜੋਤ ਸਿੰਘ ਸਿੱਧੂ
ਸਿੱਧੂ ਨੇ ਕਿਹਾ, ਔਰਤਾਂ ਨੂੰ ਖ਼ੈਰਾਤ ਨਹੀਂ ,ਬਲਕਿ ਦੇਵਾਂਗੇ ਬਰਾਬਦ ਦੇ ਹੱਕ
ਰਘਵੀਰ ਹੈਪੀ / ਅਦੀਸ਼ ਗੋਇਲ , ਬਰਨਾਲਾ 3 ਜਨਵਰੀ 2022
ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸ਼ਹਿਣਾ ਵਿਖੇ ਹੋਈ ਕਾਂਗਰਸ ਦੀ ਰੈਲੀ ਵਿੱਚ ਖੂਬ ਗਰਜਿਆ ਅਤੇ ਔਰਤਾਂ ਨੂੰ ਰਿਆਇਤਾਂ ਦੇ ਐਲਾਨਾਂ ਦੀ ਝੜੀ ਲਾਉਂਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਰਿਹਾਇਸ ਤੇ ਆ ਕੇ ਵਰ੍ਹਿਆ । ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਪ੍ਰਧਾਨ ਵਲੋਂ ਔਰਤਾਂ ਲਈ ਵੱਡੇ ਐਲਾਨ ਕੀਤੇ ਗਏ । ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਕੇਵਲ ਸਿੰਘ ਢਿੱਲੋਂ, ਜਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਕਰਨ ਸਿੰਘ ਢਿੱਲੋਂ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਆਦਿ ਕਾਂਗਰਸੀ ਆਗੂਆਂ ਨੇ ਗਰਮਜ਼ੋਸ਼ੀ ਨਾਲ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਮਾਡਲ ਤਹਿਤ ਨਵੀਂ ਸੋਚ ਤੇ ਨਵਾਂ ਪੰਜਾਬ ਲੈ ਕੇ ਔਰਤਾਂ ਨੂੰ ਵੱਡੇ ਹੱਕ ਦੇ ਰਹੇ ਹਾਂ। ਜਿਸ ਤਹਿਤ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਅਤੇ ਖ਼ੁਦ ਮੁਖਤਿਆਰ ਕਰਨ ਲਈ ਔਰਤਾਂ ਨੂੰ ਵੱਡੇ ਹੱਕ ਦੇਵਾਂਗੇ। ਅੱਜ ਦੇ ਪੰਜ ਨੁਕਾਤੀ ਏਜੰਡੇ ਬਾਰੇ ਪ੍ਰਧਾਨ ਸਿੱਧੂ ਨੇ ਕਿਹਾ ਕਿ ਪਹਿਲੀ ਏਜੰਡੇ ਤਹਿਤ ਪੰਜਾਬ ਦੀ ਹਰ ਔਰਤ, ਜੋ ਘਰਾਂ ਦੀ ਜਿੰਮੇਦਾਰੀ ਸੰਭਾਲਦੀ ਹੈ, ਉਸਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਸਨਮਾਨ ਭੱਤਾ ਅਤੇ ਹਰ ਸਾਲ 8 ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ, ਭਾਵੇ ਸਵਾ ਮਹੀਨੇ ਵਿੱਚ ਇੱਕ ਸਿਲੰਡਰ ਦਿੱਤਾ ਜਾਵੇਗਾ। ਪੰਜਵੀਂ ਕਲਾਸ ਪਾਸ ਕਰਨ ਵਾਲੀ ਪੰਜਾਬ ਦੀ ਹਰ ਲੜਕੀ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸਦੇ ਨਾਲ ਹੀ 8ਵੀਂ ਪਾਸ ਕਰਨ ਵਾਲੀ ਲੜਕੀ ਨੂੰ 10 ਹਜ਼ਾਰ ਰੁਪਏ, 10ਵੀਂ ਪਾਸ ਕਰਨ ਵਾਲੀ ਲੜਕੀ ਨੂੰ 15 ਹਜ਼ਾਰ ਅਤੇ 12ਵੀਂ ਪਾਸ ਕਰਨ ਵਾਲੀ ਲੜਕੀ ਨੂੰ 20 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਦੇ ਕੇ ਮਾਣ ਸਨਮਾਨ ਦਿੱਤਾ ਜਾਵੇਗਾ। ਇਹ ਫ਼ੈਸਲਾ ਲੜਕੀਆਂ ਦੀ ਪੜ੍ਹਾਈ ਨੂੰ ਪ੍ਰਫ਼ੁੱਲਿਤ ਕਰਨ ਲਈ ਕੀਤਾ ਗਿਆ ਹੈ। ਇਸਤੋਂ ਬਿਨ੍ਹਾਂ ਜੋ ਲੜਕੀ 12ਵੀਂ ਤੋਂ ਅੱਗੇ ਉਚ ਪੱਧਰੀ ਪੜ੍ਹਾਈ ਕਰਨਾ ਚਾਹੇਗੀ ਤਾਂ ਉਸਨੂੰ ਬਿਨ੍ਹਾਂ ਕਿਸੇ ਵਿਆਜ਼ ਤੋਂ ਪੜ੍ਹਾਈ ਲਈ ਲੋਨ ਦੇ ਨਾਲ ਨਾਲ ਇੱਕ ਇਲੈਕਟ੍ਰੋਨਿਕ ਸਕੂਟਰੀ ਦਿੱਤੀ ਜਾਵੇਗੀ।
ਪ੍ਰਧਾਨ ਨਵਜੋਤ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਅੱਜ ਪੰਜਾਬ ਵਿੱਚ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਰਿਹਾ ਹੈ, ਜਦੋਂਕਿ ਦਿੱਲੀ ਵਿੱਚ ਕਿਸੇ ਔਰਤ ਨੂੰ ਇੱਕ ਪੈਸਾ ਨਹੀਂ ਦਿੱਤਾ ਜਾ ਰਿਹਾ। ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਔਰਤ ਜਾਂ ਕੋਈ ਪੰਜਾਬੀ ਤੱਕ ਨਹੀਂ ਸ਼ਾਮਲ ਕੀਤਾ ਗਿਆ। ਕੇਜਰੀਵਾਲ ਸਰਕਾਰ ਦੀ ਬਾਦਲਾਂ ਨਾਲ ਗੂੜੀ ਸਾਂਝ ਹੈ, ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਜਾਣ ਦੇ ਪਰਮਿਟ ਦਿਤੇ ਜਾ ਰਹੇ ਹਨ, ਜਦਕਿ ਪੰਜਾਬ ਰੋਡਵੇਜ਼ ਦੀ ਐਂਟਰੀ ਬੰਦ ਹੈ। ਦਿੱਲੀ ਦੇ ਲੋਕਾਂ ਨੂੰ 8 ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਕਿਸੇ ਨੂੰ ਕੋਈ ਨੌਕਰੀ ਨਹੀ ਦਿੱਤੀ। ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕਰਨ ਵਾਲਾ ਕੇਜਰੀਵਾਲ ਦਿੱਲੀ ਵਿੱਚ 15 ਦਿਨਾਂ ਦੀ ਠੇਕੇਦਾਰੀ ਤੇ ਅਧਿਆਪਕ ਰੱਖ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਵਲੋਂ ਭਾਵੇਂ ਰੈਲੀ ਤਾਂ ਵਿਧਾਨ ਸਭਾ ਹਲਕਾ ਭਦੌੜ ਵਿੱਚ ਰੱਖੀ ਗਈ, ਪ੍ਰੰਤੂ ਪੰਜਾਬ ਲਈ ਅਹਿਮ ਮਸਲਿਆਂ ਤੇ ਪ੍ਰੈਸ ਕਾਨਫ਼ਰੰਸ ਬਰਨਾਲਾ ਵਿਖੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਫ਼ਤਰ ਰਿਹਾਇਸ਼ ਤੇ ਕੀਤੀ । ਅਜਿਹਾ ਹੋਣ ਨਾਲ ਕੇਵਲ ਸਿੰਘ ਢਿੱਲੋਂ ਦੀ ਹਲਕਾ ਬਰਨਾਲਾ ਸਮੇਤ ਪੂਰੇ ਜਿਲ੍ਹੇ ਵਿੱਚ ਹੋਰ ਵੀ ਚੜ੍ਹਤ ਕਾਇਮ ਹੋ ਗਈ। ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਬਿਹਤਰ ਬਨਾਉਣ ਲਈ ਕੇਵਲ ਸਿੰਘ ਢਿੱਲੋਂ ਦੀ ਮੰਗ ਤੇ ਹੀ ਉਹਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦਾ ਕੈਬਨਿਟ ਮੰਤਰੀ ਹੁੰਦਿਆਂ 100 ਕਰੋੜ ਰੁਪਈਆ ਬਰਨਾਲਾ ਸ਼ਹਿਰ ਲਈ ਭੇਜਿਆ ਸੀ।