ਵਿਧਾਨ ਸਭਾ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਰ.ਓਜ, ਜ਼ੋਨਲ ਮੈਜਿਸਟਰੇਟ ਅਤੇ ਸੈਕਟਰ ਅਫ਼ਸਰਾਂ ਦੀ ਹੋਈ ਟਰੇਨਿੰਗ
–ਵਿਧਾਨ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਲਈ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨਿਰਪੱਖ ਰਹਿ ਕੇ ਪੂਰੀ ਤਨਦੇਹੀ ਨਾਲ ਨਿਭਾਉਣ: ਜ਼ਿਲ੍ਹਾ ਚੋਣ ਅਫ਼ਸਰ
-ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ
-ਵੋਟਰਾਂ ਨੂੰ ਸੁਖਾਵਾਂ ਮਹੌਲ ਦੇਣ ਲਈ ਪੁਲੀਸ ਪੂਰੀ ਤਨਦੇਹੀ ਨਾਲ ਕੰਮ ਕਰੇ : ਐਸ.ਐਸ.ਪੀ.
ਬਲਵਿੰਦਰਪਾਲ , ਪਟਿਆਲਾ, 23 ਦਸੰਬਰ 2021
ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਲਈ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨਿਰਪੱਖ ਰਹਿ ਕੇ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੂਰੀ ਚੌਕਸੀ ਵਰਤੀ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਰ.ਓਜ, ਜ਼ੋਨਲ ਮੈਜਿਸਟਰੇਟ ਅਤੇ ਸੈਕਟਰ ਅਫ਼ਸਰਾਂ ਦੀ ਸਰਕਾਰੀ ਬਿਕਰਮ ਕਾਲਜ ਵਿਖੇ ਕਰਵਾਈ ਜਾ ਰਹੀ ਟਰੇਨਿੰਗ ਦੌਰਾਨ ਕੀਤਾ।
ਇਸ ਮੌਕੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਟਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦੀ ਡਿਊਟੀ ਸਭ ਤੋਂ ਅਹਿਮ ਹੁੰਦੀ ਹੈ। ਇਸ ਲਈ ਚੋਣ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇ ਅਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੋਣਾਂ ਦੌਰਾਨ ਟੀਮ ਵਰਕ ਦੇ ਤੌਰ ‘ਤੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਲਈ ਜਿੰਨੀ ਮਿਹਨਤ ਆਰ.ਓਜ ਵੱਲੋਂ ਪਹਿਲਾ ਕਰ ਲਈ ਜਾਵੇਗੀ, ਉਨ੍ਹੀ ਹੀ ਚੰਗੀ ਤਰ੍ਹਾਂ ਅਸੀਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਕਰਵਾ ਸਕਾਂਗੇ।
ਟਰੇਨਿੰਗ ਦੌਰਾਨ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਪੁਲਿਸ ਵੋਟਰਾਂ ਨੂੰ ਸੁਖਾਵਾਂ ਮਹੌਲ ਦੇਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਚੋਣਾਂ ਸਬੰਧੀ ਆਈ ਸ਼ਿਕਾਇਤ ਦਾ ਸਮਾਂਬੱਧ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਡੀ.ਐਸ.ਪੀਜ਼ ਨੂੰ ਆਰ.ਓਜ ਨਾਲ ਰੋਜਾਨਾ ਮੀਟਿੰਗ ਕਰਕੇ ਤਾਲਮੇਲ ਬਣਾਉਣ ਲਈ ਕਿਹਾ ਤਾਂ ਕਿ ਚੋਣਾਂ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਸਖ਼ਤ ਨਿਗ੍ਹਾ ਰੱਖੀ ਜਾਵੇ ਅਤੇ ਨਾਕੇ ਲਗਾਏ ਜਾਣ ਤਾਂ ਜੋ ਕੋਈ ਵੀ ਵਿਅਕਤੀ ਨਸ਼ਾ, ਸ਼ਰਾਬ ਜਾਂ ਪੈਸੇ ਵੰਡ ਕੇ ਵੋਟਰਾਂ ਨੂੰ ਭਰਮਾਂ ਨਾ ਸਕੇ। ਇਸ ਮੌਕੇ ਅਸਲਾ ਜਮ੍ਹਾਂ ਕਰਨ ਵਿੱਚ ਤੇਜ਼ੀ ਲਿਆਉਣ ਲਈ ਵੀ ਆਖਿਆ ਗਿਆ।
ਟਰੇਨਿੰਗ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਅੱਠ ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ, ਡੀ.ਐਸ.ਪੀਜ਼., ਜ਼ੋਨਲ ਮੈਜਿਸਟਰੇਟ ਅਤੇ ਸੈਕਟਰ ਅਫ਼ਸਰ ਮੌਜੂਦ ਸਨ।