ਸਿਵਲ ਸਰਜਨ ਬਰਨਾਲਾ ਵੱਲੋਂ ਕੋਵਿਡ ਟੀਕਾਕਰਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ
*ਕੋਵਿਡ ਟੀਕਾਕਰਨ ਹਰ ਘਰ ਦਸਤਕ ਮੁਹਿੰਮ ਤਹਿਤ ਜਾਗਰੂਕਤਾ ਵੈਨ ਪਿੰਡਾਂ ‘ਤੇ ਸ਼ਹਿਰਾਂ ‘ਚ ਕਰੇਗੀ ਲੋਕਾਂ ਨੂੰ ਜਾਗਰੂਕ
ਪਰਦੀਪ ਕਸਬਾ, ਬਰਨਾਲਾ, 18 ਦਸੰਬਰ 2021
ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਪਹਿਲੇ ਅਤੇ ਬਦਲ ਰਹੇ ਰੂਪ ਓਮੀਕ੍ਰੋਨ ਤੋਂ ਬਚਾਅ ਲਈ ਜ਼ਿਲ੍ਹਾ ਬਰਨਾਲਾ ਚ ਕੋਵਿਡ ਟੀਕਾਕਰਨ ਜਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਿਵਲ ਸਰਜਨ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਘਰ ਦਸਤਕ ਮੁਹਿੰਮ ਤਹਿਤ ਇਹ ਵੈਨ ਜ਼ਿਲ੍ਹਾ ਬਰਨਾਲਾ ‘ਚ ਅੱਜ ਤੋਂ 23 ਦਸੰਬਰ ਤੱਕ ਪਿੰਡਾਂ ਅਤੇ ਸਹਿਰਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਤਾਂ ਜੋ ਕੋਵਿਡ ਟੀਕਾਕਰਨ ਦੀ ਪਹਿਲੀ ਅਤੇ ਦੂਜੀ ਡੋਜ ਤੋਂ ਕਿਸੇ ਕਾਰਨ ਰਹਿ ਗਏ ਲੋਕਾਂ ਦੇ ਕੋਵਿਡ ਟੀਕਾਕਰਨ ਦੇ ਸੌ ਪ੍ਰਤੀਸ਼ਤ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਵਿਰੁੱਧ ਜੰਗ ਵਿੱਚ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਬਰਨਾਲਾ ਚ ਹੁਣ ਤੱਕ ਕੁੱਲ 5 ਲੱਖ 18 ਹਜ਼ਾਰ ਕੋਰੋਨਾ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ । ਜਿਸ ਵਿੱਚੋਂ 3 ਲੱਖ 57 ਹਜ਼ਾਰ ਲੋਕਾਂ ਨੂੰ ਪਹਿਲੀ ਖ਼ੁਰਾਕ ਅਤੇ 1 ਲੱਖ 61 ਹਜ਼ਾਰ ਲੋਕਾਂ ਨੂੰ ਦੂਜੀ ਖ਼ੁਰਾਕ ਲਗਾਈ ਜਾ ਚੁੱਕੀ ਹੈ। ਕਰੋਨਾ ਤੋਂ ਬਚਾਅ ਲਈ ਟੀਕਾਕਰਨ ਬਾਕੀ ਰਹਿ ਗਏ ਲੋਕਾਂ ਨੂੰ ਲਗਵਾਉਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਪ੍ਰਸਾਸ਼ਨ,ਵੱਖ-ਵੱਖ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਸਦਕਾ ਕੋਰੋਨਾ ਵਰਗੀ ਭਿਆਨਕ ਬਿਮਾਰੀ ‘ਤੇ ਕਾਬੂ ਪਾਉਣ ਵਿੱਚ ਸਫ਼ਲ ਹੋਏ ਹਾਂ। ਇਸ ਸਬੰਧੀ ਜ਼ਿਲ੍ਹਾ ਬਰਨਾਲਾ ਚ ਸਿਹਤ ਕਰਮਚਾਰੀਆਂ ਵੱਲੋਂ ਵਿਸ਼ੇਸ਼ ਟੀਕਾਕਰਨ ਕੈਪਾਂ, ਘਰ-ਘਰ ਦਸਤਕ ਅਤੇ ਜਾਗਰੂਕਤਾ ਮੁਹਿੰਮ ਕਾਰਨ ਲੋਕਾਂ ਵਿੱਚ ਟੀਕਾਕਰਨ ਕਰਵਾਉਣ ਚ ਉਤਸ਼ਾਹ ਵਧਿਆ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਜਿਸ ਦੀ ਵੀ ਕੋਵਿਡ ਟੀਕਾਕਰਨ ਦੀ ਪਹਿਲੀ ਜਾਂ ਦੂਸਰੀ ਖ਼ੁਰਾਕ ਲਗਵਾਉਣ ਵਾਲੀ ਰਹਿੰਦੀ ਹੈ, ਉਹ ਜ਼ਰੂਰ ਲਗਵਾ ਲੈਣ ਤਾਂ ਜੋ ਕੋਰੋਨਾ ਦੇ ਬਦਲ ਰਹੇ ਰੂਪ ਓਮੀਕ੍ਰੋਨ ਦੇ ਖਤਰੇ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕੇ।
ਇਸ ਸਮੇ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਂਸਲ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ,ਐਲ.ਐਚ.ਵੀ ਸਤਨਾਮ ਕੌਰ, ਮਨਜੀਤ ਕੌਰ, ਕਿਰਨਦੀਪ ਕੌਰ ਏ.ਐਨ.ਐਮ ਅਤੇ ਗੁਰਦੀਪ ਸਿੰਘ ਟੀਕਾਕਰਨ ਵਿਭਾਗ ਹਾਜ਼ਰ ਸਨ।