ਲੰਘੀ ਕੱਲ੍ਹ ਸਵੇਰੇ ਮਿਲੀ ਸੀ ਲਾਸ਼, ਸ਼ਾਮ ਨੂੰ ਪੋਸਟਮਾਰਟਮ ਲਈ ਲਿਆਂਦਾ ਹਸਪਤਾਲ
ਹਰਿੰਦਰ ਨਿੱਕਾ / ਜੇ.ਐਸ. ਚਹਿਲ , ਬਰਨਾਲਾ 30 ਨਵੰਬਰ 2021
ਜਿਲ੍ਹੇ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਮਜਦੂਰੀ ਕਰਦੇ ਕਿਸਾਨ ਗੁਰਮੀਤ ਸਿੰਘ ਗੋਗਾ ਦੀ ਆਪਣੇ ਘਰ ਵਿੱਚ ਹੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ । ਲੰਘੀ ਕੱਲ੍ਹ ਸਵੇਰੇ ਮੌਤ ਦੀ ਸੂਚਨਾ ਪੁਲਿਸ ਨੂੰ ਮਿਲੀ , ਪਰੰਤੂ ਪੁਲਿਸ ਨੇ ਦੇਰ ਸ਼ਾਮ ਤੱਕ ਹੀ ਗੁਰਮੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਉਰਫ ਗੋਗਾ ਉਮਰ ਕਰੀਬ 43 ਸਾਲ ਦੀ ਸ਼ਾਦੀ ਫਿਰੋਜਪੁਰ ਜਿਲ੍ਹੇ ਦੇ ਪਿੰਡ ਮਿਸ਼ਰੀਵਾਲਾ ਵਿਖੇ ਹੋਈ ਸੀ। ਸ਼ਾਦੀ ਤੋਂ ਬਾਅਦ , ਉਹ ਆਪਣੇ ਸਹੁਰੇ ਘਰ ਹੀ ਰਹਿਣ ਲੱਗ ਪਿਆ ਸੀ। ਉਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਪਰੰਤੂ ਕਾਫੀ ਸਮਾਂ ਪਹਿਲਾਂ, ਉਸਦੀ ਪਤਨੀ ਦੀ ਮੌਤ ਹੋ ਗਈ। ਗੁਰਮੀਤ ਆਪਣੀ ਬੇਟੀ ਨੂੰ ਸੌਹਰੇ ਘਰ ਪਾਲਣ ਪੋਸ਼ਣ ਲਈ ਛੱਡ ਕੇ, ਖੁਦ ਆਪਣੇ ਪਿੰਡ ਧੌਲਾ ਵਿਖੇ ਆਪਣੇ ਭਰਾ ਬਲਦੇਵ ਸਿੰਘ ਚੰਗਿਆੜਾ ਦੇ ਨਾਲ ਹੀ ਰਹਿਣ ਲੱਗ ਪਿਆ। ਐਤਵਾਰ ਦੀ ਰਾਤ ਨੂੰ ਉਹ ਚੰਗਾ ਭਲਾ ਘਰ ਸੁੱਤਾ, ਪਰੰਤੂ ਸਵੇਰੇ, ਜਦੋਂ ਉਸ ਦੀ ਮਾਂ ਉਸ ਨੂੰ ਚਾਹ ਦੇਣ ਲਈ ਪਹੁੰਚੀ ਤਾਂ, ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ, ਲਾਸ਼ ਕੋਲ ਇੱਕ ਸ਼ਰਾਬ ਦੀ ਬੋਤਲ ਵੀ ਪਈ ਸੀ। ਜਦੋਂਕਿ ਪਿੰਡ ਵਾਸੀਆਂ ਤੇ ਉਹ ਦੇ ਕਰੀਬੀਆਂ ਅਨੁਸਾਰ, ਉਹ ਸ਼ਰਾਬ ਨਹੀਂ ਪੀਂਦਾ ਸੀ।
ਘਟਨਾ ਦੀ ਸੂਚਨਾ ਪਰਿਵਾਰ ਵੱਲੋਂ, ਗੁਰਮੀਤ ਦੇ ਸਹੁਰੇ ਪਰਿਵਾਰ ਨੂੰ ਦਿੱਤੀ ਗਈ। ਜਿੰਨ੍ਹਾਂ ਘਰ ਆਉਣ ਦੀ ਬਜਾਏ, ਇੱਕ ਪੁਲਿਸ ਅਧਿਕਾਰੀ ਨੂੰ ਇਸ ਦੀ ਸੂਚਨਾ ਦਿੱਤੀ ਤੇ ਪੁਲਿਸ ਪਾਰਟੀ ਲੈ ਕੇ ਹੀ ਗੁਰਮੀਤ ਸਿੰਘ ਦੇ ਘਰ ਪਹੁੰਚੇ। ਮੌਤ ਦੇ ਹਾਲਤ ਸ਼ੱਕੀ ਹੋਣ ਕਾਰਣ ਉਹ ਥਾਣਾ ਰੂੜੇਕੇ ਕਲਾਂ ਹੀ ਪਹੁੰਚ ਗਏ। ਦਿਨ ਭਰ ਮ੍ਰਿਤਕ ਦੇ ਪਰਿਵਾਰ ਅਤੇ ਸੌਹਰਾ ਪਰਿਵਾਰ ਦਰਮਿਆਨ ਕਾਰਵਾਈ ਕਰਵਾਉਣ ਨੂੰ ਲੈ ਕੇ ਕਸ਼ਮਕਸ਼ ਚਲਦੀ ਰਹੀ। ਪੁਲਿਸ ਨੇ ਲਾਸ਼ ਹਸਪਤਾਲ ਪਹੁੰਚਾਉਣ ਦੀ ਬਜਾਏ, ਘਰ ਵਿੱਚ ਹੀ ਪਈ ਰਹਿਣ ਦਿੱਤੀ। ਆਖਿਰ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਦੇਰ ਸ਼ਾਮ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਸੰਭਾਲ ਦਿੱਤੀ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਮਾਂ ਸ਼ਿੰਦਰ ਕੌਰ ਦੇ ਬਿਆਨ ਪਰ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕੇ ਪੋਸਟਮਾਰਟਮ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਜਿਹੋ ਜਿਹੀ ਹਾਲਤ ਸਾਹਮਣੇ ਆਏਗੀ, ਉਸ ਅਨੁਸਾਰ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਤਫਤੀਸ਼ ਅਧਿਕਾਰੀ ਨੇ ਲਾਸ਼ ਦੇਰੀ ਨਾਲ ਪੋਸਟਮਾਰਟਮ ਲਈ ਲਿਆਉਣ ਦੇ ਜੁਆਬ ਵਿੱਚ ਕਿਹਾ ਕਿ ਮ੍ਰਿਤਕ ਦੇ ਸਹੁਰਿਆਂ ਨੇ ਕਿਹਾ ਸੀ ਕਿ ਉਨਾਂ ਦੇ ਆਉਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰੰਤੂ ਉਹ ਬਾਅਦ ਦੁਪਿਹਰ ਕਰੀਬ ¾ ਵਜੇ ਹੀ ਥਾਣਾ ਰੂੜੇਕੇ ਕਲਾਂ ਪਹੁੰਚੇ। ਜਿਸ ਕਾਰਣ ਲਾਸ਼ ਨੂੰ ਸ਼ਾਮ ਤੱਕ ਹੀ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਜਾ ਸਕਿਆ।