ਟ੍ਰਾਈਡੈਂਟ ਦੇ ਧਾਰਮਿਕ ਸਮਾਗਮ ‘ਚੋਂ ਵੀ ਪਈ ਰਾਜਨੀਤੀ ਦੀ ਝਲਕ
ਦਲਬਲ ਨਾਲ ਹਾਜ਼ਿਰੀ ਲਾਉਣ ਪਹੁੰਚੇ ਰਾਜਸੀ ਪਾਰਟੀਆਂ ਦੇ ਆਗੂ
ਹਰਿੰਦਰ ਨਿੱਕਾ ,ਬਰਨਾਲਾ , 22 ਨਵੰਬਰ 2021
ਟ੍ਰਾਈਡੈਂਟ ਗਰੁੱਪ ਦੀ ਤਰਫੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 552 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰੁਣ ਮੈਮੋਰੀਅਲ ਵਿਖੇ ਕਰਵਾਏ ਮਹਾਨ ਕੀਰਤਨ ਦਰਬਾਰ ਮੌਕੇ ਰਾਜਨੀਤੀ ਦੀ ਝਲਕ ਬਾਖੂਬੀ ਪੈਂਦੀ ਰਹੀ। ਹਰ ਵਾਰ ਦੀ ਤਰਾਂ ਟ੍ਰਾਈਡੈਂਟ ਗਰੁੱਪ ਨੇ ਧਾਰਮਿਕ ਸਮਾਗਮ ਦੇ ਸਹਾਰੇ ਹੀ ਸਹੀ , ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਰਾਜਸੀ ਤਾਕਤ ਦਾ ਮੁਜਾਹਰਾ ਕਰ ਦਿੱਤਾ। ਇਸ ਸਮਾਗਮ ‘ਚ ਪਹੁੰਚੇ ਵਧੇਰੇ ਰਾਜਸੀ ਆਗੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਣ ਉਪਰੰਤ ਕੀਰਤਨ ਸੁਣਨ ਦੀ ਬਜਾਏ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਹਜਿਰੀ ਭਰਨ ਨੂੰ ਹੀ ਤਰਜੀਹ ਦਿੰਦੇ ਨਜ਼ਰ ਆਏ । ਇੱਕ ਨਹੀਂ, ਲੱਗਭੱਗ ਹਰ ਇੱਕ ਰਾਜਸੀ ਪਾਰਟੀ ਦੇ ਸਮਾਰੋਹ ਵਿੱਚ ਮੌਜੂਦ ਆਗੂ ਦੀਆਂ ਫੋਟੋਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।
ਸਾਬਕਾ ਵਿਧਾਇਕ ਤੇ ਸੰਦੀਪ ਗੋਇਲ ਨੇ ਇੱਕ ਦੂਜੇ ਵੱਲ ਤੱਕਿਆ ਵੀ ਨਹੀਂ,,
ਟ੍ਰਾਈਡੈਂਟ ਗਰੁੱਪ ਵੱਲੋਂ ਆਯੋਜਿਤ ਧਾਰਮਿਕ ਸਮਾਗਮ ਨੂੰ ਲੈ ਕੇ ਸਮਾਗਮ ਤੋਂ ਪਹਿਲਾਂ ਸ਼ੁਰੂ ਹੋਈਆਂ ਰਾਜਸੀ ਕਿਆਸ-ਰਾਈਆਂ ਤੇ ਪੰਡਾਲ ਵਿੱਚ ਮੌਜੂਦ ਲੋਕਾਂ ਦੀ ਨਜ਼ਰ ਟਿਕੀ ਰਹੀ। ਬਹੁਤੇ ਲੋਕਾਂ ਦੀ ਨਿਗ੍ਹਾ , ਬਰਨਾਲਾ ‘ਚ ਕਰੀਬ 2 ਵਰ੍ਹੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਐਸ.ਐਸ.ਪੀ. ਸੰਦੀਪ ਗੋਇਲ ( ਹੁਣ ਐਸ.ਐਸ.ਪੀ ਫਤਿਹਗੜ੍ਹ ਸਾਹਿਬ ) ਵੱਲ ਟਿਕੀ ਰਹੀ। ਭਰੋਸੇਯੋਗ ਸੂਤਰਾਂ ਅਨੁਸਾਰ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਹੀ ਟ੍ਰਾਈਡੈਂਟ ਕੰਪਲੈਕਸ ਵਿੱਚ ਸ਼ਾਮ ਕਰੀਬ 4 ਵਜੇ ਹੀ ਪਹੁੰਚ ਗਏ ਸਨ। ਸਮਾਗਮ ਤੋਂ ਪਹਿਲਾਂ ਐਸ.ਐਸ.ਪੀ ਗੋਇਲ ਵੱਲੋਂ ਆਪਣੇ ਕਰੀਬੀ ਸ਼ਹਿਰੀਆਂ ਨਾਲ ਮੁਲਾਕਾਤ ਕਰਨ ਦੀ ਕਨਸੋਅ ਵੀ ਮਿਲੀ ਹੈ। ਇੱਥੇ ਹੀ ਬੱਸ ਨਹੀਂ , ਸਮਾਰੋਹ ਸਮਾਪਤ ਹੋਣ ਉਪਰੰਤ ਪਹਿਲਾ ਮੌਕਾ, ਵੇਖਣ ਨੂੰ ਮਿਲਿਆ, ਜਦੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਐਸ.ਐਸ.ਪੀ ਗੋਇਲ ਨਾਲ ਫੋਟੋਆਂ ਖਿਚਵਾਈਆਂ ਅਤੇ ਸੈਲਫੀਆਂ ਵੀ ਕੀਤੀਆਂ । ਸਮਾਗਮ ਵਿੱਚ ਲੋਕਾਂ ਦੀ ਪੈਣੀ ਨਜ਼ਰ, ਇਸ ਗੱਲ ਤੇ ਵੀ ਪਈ ਕਿ ਇੱਕ ਸਾਬਕਾ ਵਿਧਾਇਕ ਅਤੇ ਐਸ.ਐਸ.ਪੀ. ਗੋਇਲ ਨੇੜੇ ਨੇੜੇ ਬੈਠੇ ਰਹੇ,ਪਰੰਤੂ ਦੋਵਾਂ ਵੱਲੋਂ ਇੱਕ ਦੂਜੇ ਨਾਲ ਹੱਥ ਮਿਲਾਉਣਾ ਤਾਂ ਦੂਰ ਅੱਖ ਵੀ ਨਹੀਂ ਮਿਲੀ । ਜਿਸ ਦੀ ਚਰਚਾ , ਸਮਾਗਮ ਦੀ ਸਮਾਪਤੀ ਤੋਂ ਬਾਅਦ ਹਰ ਕਿਸੇ ਦੀ ਜੁਬਾਨ ਤੇ ਹੈ। ਕੁੱਝ ਲੋਕਾਂ ਵੱਲੋਂ ਤਾਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ, ਦੋਵਾਂ ਵਿੱਚੋਂ ਇੱਕ ਨੇ ਹੱਥ ਮਿਲਾਉਣ ਲਈ ਹੱਥ ਅੱਗੇ ਵਧਾਇਆ, ਪਰ ਅੱਗਿਉਂ ਹੱਥ ਮਿਲਣ ਲਈ ਨਹੀਂ ਨਿਕਲਿਆ । ਉੱਧਰ ਐਸ.ਐਸ.ਪੀ. ਗੋਇਲ ਨੇ ਉਨਾਂ ਦੇ ਬਰਨਾਲਾ ਹਲਕੇ ਤੋਂ ਚੋਣ ਲੜਨ ਸਬੰਧੀ ਚੱਲ ਰਹੀ ਚਰਚਾ ਬਾਰੇ ਪੁੱਛੇ ਸਵਾਲ ਦਾ ਜਵਾਬ, ਸਿਰਫ ਇਹ ਦਿੱਤਾ ਕਿ ਉਹ ਫਿਲਹਾਲ ਸਰਕਾਰੀ ਨੌਕਰੀ ਵਿੱਚ ਹਨ, ਕੋਈ ਰਾਜਸੀ ਪ੍ਰਤੀਕ੍ਰਿਆ ਦੇਣਾ ਉਚਿਤ ਨਹੀਂ। ਪਰੰਤੂ ਇੱਕ ਗੱਲ ਜਿਆਦਾ ਧਿਆਨ ਦੇਣ ਵਾਲੀ ਇਹ ਵੀ ਰਹੀ ਕਿ ਗੋਇਲ ਨੇ ਚੋਣ ਲੜਨ ਵਾਲੀ ਚਰਚਾ ਨੂੰ ਖਾਰਿਜ ਵੀ ਨਹੀਂ ਕੀਤਾ।
ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਗੁਰਲਵਲੀਨ ਸਿੱਧੂ ਨੇ ਕਿਹਾ, ਤਾਕਤ ਦਿਉ,
ਟ੍ਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਅਤੇ ਗਰੁੱਪ ਅਤੇ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਤਰਫੋਂ ਧੰਨਵਾਦੀ ਸ਼ਬਦ ਕਹਿੰਦਿਆਂ ਸਾਬਕਾ ਆਈ.ਏ.ਐਸ. ਅਧਿਕਾਰੀ ਗੁਰਲਵਲੀਨ ਸਿੱਧੂ ਨੇ ਕਿਹਾ ਕਿ ਪਹਿਲਾਂ ਵੀ ਟ੍ਰਾਈਡੈਂਟ ਗਰੁੱਪ ਉਦਯੋਗ ਨੇ ਇਲਾਕੇ ਦੇ ਵਿਕਾਸ ਲਈ, ਕੋਈ ਕਮੀ ਨਹੀਂ ਛੱਡੀ, ਜੇਕਰ ਹੁਣ ਆਉਣ ਵਾਲੇ ਦਿਨਾਂ ਵਿੱਚ ਲੋਕ ਤਾਕਤ ਦੇਣਗੇ ਤਾਂ ਇਲਾਕੇ ਦਾ ਚੌਤਰਫਾ ਵਿਕਾਸ ਕੀਤਾ ਜਾਵੇਗਾ। ਸਿੱਧੂ ਦੀ ਇਸ ਗੱਲ ਦੇ ਵੀ ਰਾਜਸੀ ਪੰਡਿਤ ਵੱਖ ਵੱਖ ਰਾਜਸੀ ਮਾਇਨੇ ਕੱਢ ਰਹੇ ਹਨ।