ਅੰਦੋਲਨ ਦੇ ਦਬਾਅ ਹੇਠ ਆਏ ਨੇਤਾ ਦੀ ਸਿਆਸੀ ਮਜਬੂਰੀ ਹੈ: ਕਿਸਾਨ ਆਗੂ
* ਲਖੀਮਪੁਰ ਕਾਂਡ ਦੀ ਜਾਂਚ ਕਮੇਟੀ ‘ਚੋਂ ਬੀਜੇਪੀ ਦੀ ਕੱਟੜ ਸਮਰਥਕ ਅਧਿਕਾਰੀ ਐਨ ਪਦਮਜਾ ਚੌਹਾਨ ਨੂੰ ਬਾਹਰ ਕੱਢੋ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 20 ਨਵੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 416 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਦੱਸਿਆ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੰਦੋਲਨ ਦੀ ਪਹਿਲੀ ਵਰੇਗੰਢ ਮੌਕੇ ਦਿੱਲੀ ‘ਚ ਵਿਸ਼ਾਲ ਇਕੱਠ ਕੀਤੇ ਜਾਣਗੇ। ਬਰਨਾਲਾ ਤੋਂ ਵੀ ਵੱਡੇ ਕਾਫਲੇ 23 ਤੇ 24 ਤਰੀਕ ਨੂੰ ਦਿੱਲੀ ਵੱਲ ਰਵਾਨਾ ਹੋਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਿੱਲੀ ਜਾਣ ਲਈ ਅੰਦੋਲਨਕਾਰੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬੀਜੇਪੀ ਨੇਤਾ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੇ ਤੋਹਫੇ ਵਜੋਂ ਪੇਸ਼ ਕਰ ਰਹੇ ਹਨ। ਇਹ ਕੋਈ ਤੋਹਫਾ ਨਹੀਂ, ਕਿਸਾਨਾਂ ਦੇ ਦ੍ਰਿੜ, ਵਿਆਪਕ ਅਤੇ ਪੂਰੀ ਸੂਝ ਬੂਝ ਨਾਲ ਲੜੇ ਲੰਬੇ ਸੰਘਰਸ਼ ਦੇ ਦਬਾਅ ਹੇਠ ਆਏ ਇੱਕ ਨੇਤਾ ਦੀ ਸਿਆਸੀ ਹਾਰ ਤੇ ਮਜਬੂਰੀ ਹੈ। ਬੀਜੇਪੀ ਨੇਤਾ ਇਸ ਐਲਾਨ ਨੂੰ ਗਲਤ ਪਰਿਪੇਖ ਵਿੱਚ ਪੇਸ਼ ਕਰ ਕੇ ਕਿਸਾਨਾਂ ਦੇ ਜਖਮਾਂ ‘ਤੇ ਨਮਕ ਨਾ ਛਿੜਕਣ।
ਅੱਜ ਬੁਲਾਰਿਆਂ ਨੇ ਲਖੀਮਪੁਰ ਖੀਰੀ ਕਾਂਡ ਦੀ ਜਾਂਚ ਲਈ ਬਣਾਈ ਸਿਟ ਵਿੱਚ ਇੱਕ ਕੱਟੜ ਬੀਜੇਪੀ ਸਮਰਥਕ ਅਧਿਕਾਰੀ ਐਨ.ਪਦਮਜਾ ਚੌਹਾਨ ਨੂੰ ਸ਼ਾਮਲ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਇਸ ਨਿਯੁਕਤੀ ਕਾਰਨ ਸਰਕਾਰ ਦੀ ਬਦਨੀਤ ਸਾਫ ਨਜ਼ਰ ਆਉਂਦੀ ਹੈ। ਸਰਕਾਰ ਇਸ ਪੱਖਪਾਤੀ ਅਧਿਕਾਰੀ ਨੂੰ ਤੁਰੰਤ ਸਿਟ ‘ਚੋਂ ਬਾਹਰ ਕੱਢੇ ਅਤੇ ਜਾਂਚ ਨਿਰਪੱਖ ਤੇ ਇਮਾਨਦਾਰ ਕਿਰਦਾਰ ਵਾਲੇ ਅਧਿਕਾਰੀਆਂ ਦੇ ਹਵਾਲੇ ਕਰੇ।
ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਨਛੱਤਰ ਸਿੰਘ ਸਾਹੌਰ,ਸਿਮਰਜੀਤ ਕੌਰ ਕਰਮਗੜ੍ਹ,ਮੇਲਾ ਸਿੰਘ ਕੱਟੂ, ਜਸਵੰਤ ਕੌਰ ਬਰਨਾਲਾ, ਜਸਵਿੰਦਰ ਸਿੰਘ ਮੰਡੇਰ, ਬਲਜੀਤ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਜਸਪਾਲ ਚੀਮਾਂ,ਗੁਰਵਿੰਦਰ ਸਿੰਘ ਕਾਲੇਕਾ, ਰਾਜਿੰਦਰ ਕੌਰ ਫਰਵਾਹੀ, ਹਰਚਰਨ ਸਿੰਘ ਚੰਨਾ, ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਖੇਤੀ ਕਾਨੂੰਨ ਰੱਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸੰਵਿਧਾਨਕ ਪ੍ਰਕਿਰਿਆ ਪੂਰੀ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਤੋਂ ਇਲਾਵਾ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਵਾਉਣਾ ਵੀ ਸਾਡੇ ਲਈ ਓਨਾ ਹੀ ਜਰੂਰੀ ਹੈ। ਅਸੀਂ ਸਾਰੀਆਂ ਫਸਲਾਂ ਲਈ ਅਤੇ ਮੁਲਕ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦੀ ਗਾਰੰਟੀ ਲਏ ਬਗੈਰ ਅੰਦੋਲਨ ਵਾਪਸ ਨਹੀਂ ਲਵਾਂਗੇ।
ਅੱਜ ਭੋਲਾ ਸਿੰਘ ਚਹਿਲ ਸੇਵਾਮੁਕਤ ਐਸਡੀਓ (ਬਿਜਲੀ ਬੋਰਡ) ਬਠਿੰਡਾ ਨੇ ਖੇਤੀ ਕਾਨੂੰਨ ਰੱਦ ਹੋਣ ਦਾ ਐਲਾਨ ਹੋਣ ਅਤੇ ਘਰ ਪੋਤੇ ਦਾ ਜਨਮ ਹੋਣ ਦੀ ਖੁਸ਼ੀ ‘ਚ ਧਰਨੇ ਨੂੰ 5000 ਰੁਪਏ ਆਰਥਿਕ ਸਹਾਇਤਾ ਦਿੱਤੀ। ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਅੱਜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਲੰਗਰ ਸੇਵਾ ਸੁਸਾਇਟੀ ਨੇ ਲੰਗਰ ਦੀ ਸੇਵਾ ਨਿਭਾਈ।ਜਸਪਾਲ ਕੌਰ ਕਰਮਗੜ੍ਹ ਤੇ ਹਰਬੰਸ ਕੌਰ ਨੇ ਬਹੁਤ ਭਾਵਪੂਰਤ ਗੀਤ ਸੁਣਾਇਆ। ਰਘਬੀਰ ਸਿੰਘ ਕੱਟੂ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾ ਸੁਣਾਈ।