26 ਨਵੰਬਰ ਕਿਸਾਨ ਅੰਦੋਲਨ ਦਾ ਇੱਕ ਵਰ੍ਹਾ ਪੂਰਾ ਹੋਣ ਮੌਕੇ ਦਿੱਲੀ ਵੱਲ ਕੂਚ ਕਰੋ ਦੀਆਂ ਤਿਆਰੀਆਂ
17 ਨਵੰਬਰ ਨੂੰ ਸੈਂਕੜੇ ਨੌਜਵਾਨ ਕਿਸਾਨ ਸਰਾਭਾ ਵੱਲ ਕੂਚ ਕਰਨਗੇ
ਮਹਿਲ ਕਲਾਂ 16 ਨਵੰਬਰ(ਗੁਰਸੇਵਕ ਸਿੰਘ ਸਹੋਤਾ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੀ ਵਧਵੀਂ ਮੀਟਿੰਗ ਟੋਲ ਪਲਾਜਾ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਨੇ ਪੂਰੀ ਸਰਗਰਮੀ ਨਾਲ ਭਾਗ ਲਿਆ। ਅੱਜ ਦੀ ਮੀਟਿੰਗ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗਦਰੀਆਂ ਨੂੰ ਸਮਰਪਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ ਨੇ ਕਿਹਾ ਕਿ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ ਪੰਜ ਹੋਰ ਗਦਰੀਆਂ ਨੂੰ ਬਰਤਾਨਵੀ ਹਕੂਮਤ ਨੇ 16 ਨਵੰਬਰ 1915 ਨੂੰ ਸ਼ਹੀਦ ਕਰ ਦਿੱਤਾ ਸੀ। ਬੀਕੇਯੂ ਏਕਤਾ ਡਕੌਂਦਾ ਵੱਲੋਂ ਇਨ੍ਹਾਂ ਮਹਾਨ ਗਦਰੀ ਸ਼ਹੀਦਾਂ ਦਾ 106 ਵਾਂ ਸ਼ਹੀਦੀ ਦਿਹਾੜਾ ਕੱਲੵ 17 ਨਵੰਬਰ ਨੂੰ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ।
ਜਿਸ ਵਿੱਚ ਖਾਸ ਕਰ ਨੌਜਵਾਨ ਕਿਸਾਨ ਪਿੰਡ-ਪਿੰਡ ਸ਼ਹੀਦਾਂ ਦੀ ਵਿਰਾਸਤ ਦਾ ਸੁਨੇਹਾ ਦਿੰਦੇ ਹੋਏ 1 ਵਜੇ ਸਰਾਭਾ ਵਿਖੇ ਪਹੁੰਚਣਗੇ। ਬਲਾਕ ਮਹਿਲਕਲਾਂ ਦੀਆਂ ਸਮੁੱਚੀਆਂ ਇਕਾਈਆਂ ਹਰ ਪਿੰਡ ਵਿੱਚੋਂ ਦਸ-ਦਸ ਮੋਟਰਸਾਇਕਲ ਕਾਰਾਂ-ਜੀਪਾਂ ਰਾਹੀਂ ਰਾਏਕੋਟ ਕਿਸਾਨ ਕਾਫਲਿਆਂ ਵਿੱਚ ਸ਼ਾਮਿਲ ਹੋ ਜਾਣਗੇ। ਕਿਸਾਨ ਅੰਦੋਲਨ ਦਾ 26 ਨਵੰਬਰ ਨੂੰ ਪਹਿਲਾ ਵਰ੍ਹਾ ਪੂਰਾ ਹੋਣ ਮੌਕੇ ਕਿਸਾਨ ਮਰਦ-ਔਰਤਾਂ ਅਤੇ ਨੌਜਵਾਨਾਂ ਦੇ ਕਾਫਲੇ ਪੂਰੀ ਤਿਆਰੀ ਨਾਲ 24 ਨਵੰਬਰ ਨੂੰ ਦਿੱਲੀ ਵੱਲ ਕੂਚ ਕਰ ਜਾਣਗੇ। ਇਸ ਵੱਡੇ ਇਕੱਠ ਦੀ ਤਿਆਰੀ ਲਈ ਹਰ ਪਿੰਡ ਇਕਾਈ ਹੁਣੇ ਤੋਂ ਫੰਡ, ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦੇਵੇਗੀ। 26 ਨਵੰਬਰ ਦਾ ਇਹ ਕਿਸਾਨ ਇਕੱਠ ਅਤੇ 29 ਨਵੰਬਰ ਦਾ ਦਿੱਲੀ ਵੱਲ ਮਾਰਚ ਮੋਦੀ ਹਕੂਮਤ ਦੀ ਧੌਣ’ਚ ਅੜਿਆ ਕਿੱਲਾ ਕੱਢ ਦੇਵੇਗਾ। ਆਗੂਆਂ ਆਖਿਆ ਕਿ ਮੁਲਕ ਪੱਧਰ ਤੱਕ ਫੈਲ ਚੁੱਕਿਆ ਇਹ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਹੋਰ ਵਧੇਰੇ ਜੋਸ਼ ਨਾਲ ਜਾਰੀ ਰਹੇਗਾ।
ਅੱਜ ਦੀ ਮੀਟਿੰਗ ਨੂੰ ਅਮਨਦੀਪ ਸਿੰਘ ਰਾਏਸਰ,ਭਾਗ ਸਿੰਘ ਕੁਰੜ, ਜਗਤਾਰ ਸਿੰਘ,ਗੁਰਮੇਲ ਸਿੰਘ ਮੂੰਮ,ਸੁਖਦੇਵ ਸਿੰਘ ਕੁਰੜ, ਜੱਗੀ ਰਾਏਸਰ, ਜਸਵੰਤ ਸਿੰਘ ਸੋਹੀ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਸਹਿਜੜਾ, ਅਮਨਦੀਪ ਮਹਿਲ ਕਲਾਂ, ਜੱਗਾ ਸਿੰਘ ਮਹਿਲ ਕਲਾਂ,ਭਿੰਦਰ ਦਲਵੀਰ ਸਹੌਰ, ਗੋਬਿੰਦਰ ਸਿੰਘ , ਸੋਹਣ ਸਿੰਘ ਮਹਿਲਕਲਾਂ, ਮੁਕੰਦ ਸਿੰਘ, ਪਾਲਾ ਸਿੰ੫ ਹਰਦਾਸਪੁਰਾ, ਬਲਵੀਰ ਸਿੰਘ,ਜੰਗ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਕਲਾਲਮਾਜਰਾ,ਅਜਮੇਰ ਸਿੰਘ ਕਾਲਸਾਂ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂਆਂ ਨੇ ਵਿਚਾਰ ਰੱਖਦਿਆਂ ਦੋਵੇਂ ਪਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਵਿਸ਼ਵਾਸ ਦਿਵਾਇਆ।
Advertisement