ਬੇਰੁਜਗਾਰ ਪੀ.ਟੀ.ਆਈ. ਅਧਿਆਪਕ ਦਲਜੀਤ ਕਾਕਾ ਦੀ ਮੌਤ,ਸਰਕਾਰ ਵੱਲੋਂ ਕੀਤਾ ਕਤਲ
ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 16 ਨਵੰਬਰ 2021
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਜਝਾਰੂ ਵਰਕਰ ਦਲਜੀਤ ਸਿੰਘ (ਕਾਕਾ ਭਾਊ) ਜਿਹੜਾ ਕਿ ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ ਦੌਰਾਨ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ‘ਤੇ ਲਗਾਤਾਰ ਧਰਨਾ ਲਾਈ ਬੈਠਾ ਸੀ, ਪਿਛਲੇ ਦਿਨੀਂ ਡੇਂਗੂ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਕੂਚ ਕਰ ਗਿਆ ਹੈ।ਰੁਜ਼ਗਾਰ ਪ੍ਰਾਪਤੀ ਲਈ ਕਰੀਬ ਇੱਕ ਮਹੀਨਾ ਮੋਹਾਲੀ ਧਰਨੇ ਉੱਤੇ ਬੈਠਣ ਵਾਲੇ ਇਸ ਬੇਰੁਜ਼ਗਾਰ ਨੌਜਵਾਨ ਦੀ ਮੌਤ ਕੋਈ ਕੁਦਰਤੀ ਮੌਤ ਨਹੀਂ ਸਗੋਂ ਸਰਕਾਰ ਦੀਆਂ ਬੇਰੁਜ਼ਗਾਰ ਮਾਰੂ ਨੀਤੀਆਂ ਕਾਰਨ ਹੋਇਆ ਕਤਲ ਹੈ।
ਉਕਤ ਸਬਦਾਂ ਦਾ ਪ੍ਰਗਟਾਵਾ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਸੰਦੀਪ ਗਿੱਲ, ਅਮਨ ਸੇਖਾ, ਗਗਨਦੀਪ ਕੌਰ ਗਰੇਵਾਲ,ਬਲਰਾਜ ਸਿੰਘ,ਬਲਕਾਰ ਸਿੰਘ,ਰਸ਼ਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੱਕਾ ਆਦਿ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ ਗਿਆ।
ਉਹਨਾਂ ਕਿਹਾ ਕਿ ਰੁਜ਼ਗਾਰ ਲਈ ਮੁਹਾਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।ਜਿੱਥੇ ਉਕਤ ਬੇਰੁਜ਼ਗਾਰ ਅਤੇ ਉਸਦੇ ਸਾਥੀ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਸਨ।ਦਰਜਨਾਂ ਵਾਰ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਕੋਲ ਦੀ ਗੁਜਰੇ ਹਨ,ਪ੍ਰੰਤੂ ਕੌਮ ਨਿਰਮਾਤਾ ਅਧਿਆਪਕ ਵਰਗ ਦੀ ਸਾਰ ਲੈਣ ਦਾ ਸਮਾਂ ਨਹੀਂ ਕੱਢਿਆ। ਜ਼ਿਲ੍ਹਾ ਮਾਨਸਾ ਦੇ ਪਿੰਡ ਕੌੜੀ ਵਾਲਾ ਦਾ ਵਸਨੀਕ ਦਲਜੀਤ ਸਿੰਘ ਆਪਣੇ ਪਿੱਛੇ ਪਰਿਵਾਰ ਵਿਚ ਆਪਣੀ ਧਰਮ ਪਤਨੀ (ਉਮਰ 32) ਅਤੇ ਇਕ ਬੇਟਾ (ਉਮਰ 6 ਸਾਲ) ਪਿੱਛੇ ਛੱਡ ਗਿਆ।
ਉਹਨਾਂ ਕਿਹਾ ਕਿ ਕਾਂਗਰਸ ਨੇ ਘਰ ਘਰ ਰੁਜ਼ਗਾਰ ਅਤੇ 2500 ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ।ਵਾਅਦੇ ਪੂਰੇ ਨਾ ਕਰਕੇ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ ਹੈ।ਇਸਦੇ ਦੋਸ਼ ਬਦਲੇ ਸਰਕਾਰ ਨੂੰ ਨੈਤਿਕ ਆਧਾਰ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ।ਝੂਠੇ ਵਾਅਦੇ ਕਰਨ ਬਦਲੇ ਦੋਸ਼ੀ ਕਾਂਗਰਸ ਉਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਓਹਨਾ ਅੱਗੇ ਕਿਹਾ ਕਿ ਕਾਕਾ ਕਿਸੇ ਨਸ਼ੇ ਦਾ ਆਦੀ ਹੋਕੇ ਜਾਂ ਕਿਸੇ ਗੈਂਗਸਟਰ ਗਤੀਵਿਧੀ ਦਾ ਦੋਸ਼ੀ ਨਾ ਹੋ ਕੇ ਆਪਣੇ ਹੱਕੀ ਰੁਜ਼ਗਾਰ ਲਈ ਸ਼ਹਾਦਤ ਦੇ ਕੇ ਗਿਆ ਹੈ।ਇਸ ਲਈ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਤਰਜ਼ ਉੱਤੇ ਸਰਕਾਰ ਉਸਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜਾ ,ਸਾਰੇ ਕਰਜ਼ੇ ਉੱਤੇ ਲਕੀਰ ਮਾਰ ਕੇ ,ਪਰਿਵਾਰ ਦੇ ਕਿਸੇ ਯੋਗ ਮੈਂਬਰ ਨੂੰ ਯੋਗਤਾ ਦੇ ਅਨੁਸਾਰ ਪੱਕਾ ਰੁਜ਼ਗਾਰ ਦੇਵੇ।
ਉਹਨਾਂ ਪੰਜਾਬ ਦੇ ਬੇਰੁਜ਼ਗਾਰਾਂ ਅਤੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਸਬਕ ਸਿਖਾਇਆ ਜਾਵੇ ਅਤੇ ਹਰੇਕ ਮੋੜ ਉੱਤੇ ਕਾਂਗਰਸੀਆਂ ਦਾ ਘਿਰਾਓ ਕੀਤਾ ਜਾਵੇ।
ਇਸ ਮੌਕੇ ਕੁਲਵੰਤ ਲੌਂਗੋਵਾਲ,ਜਗਜੀਤ ਸਿੰਘ,ਨਿਰਮਲ ਸਿੰਘ,ਹਰਜਿੰਦਰ ਕੌਰ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਅਧਾਰਿਤ ‘ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ,’ ਵੱਲੋ ਸਥਾਨਕ ਸਾਬਕਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰੀਬ 9 ਮਹੀਨੇ ਚੱਲੇ ਸੰਘਰਸ਼ ਵਿੱਚ ਵੀ ਉਕਤ ਬੇਰੁਜ਼ਗਾਰ ਹਾਜ਼ਰ ਰਹਿੰਦਾ ਸੀ।