ਪ੍ਰਸ਼ਾਸ਼ਨ ਅਤੇ ਕਾਂਗਰਸ ਲਈ ਗਲੇ ਦੀ ਹੱਡੀ ਬਣੀ, FIR ਨੰਬਰ 547

Advertisement
Spread information

ਕਾਲਾ ਢਿੱਲੋਂ ਬੋਲਿਆ , ਨਾ ਕੱਢੀਆਂ ਗਾਲ੍ਹਾਂ ਤੇ ਨਾ ਹੀ ਕਿਸੇ ਕਾਂਗਰਸੀ ਨੇ ਮਾਰੇ ਪੁਲਿਸ ਨੂੰ ਧੱਕੇ 

ਗੰਭੀਰ ਦੋਸ਼ -ਕੇਵਲ ਢਿੱਲੋਂ ਨੇ ਆਪਣੇ ਰਾਜਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਨੂੰ ਵਰਤਿਆ

ਕੇਵਲ ਢਿੱਲੋਂ ਨੇ ਦੋਸ਼ਾਂ ਨੂੰ ਨਕਾਰਿਆ, ਕਿਹਾ ਵਿਰੋਧੀ ਲਾ ਰਹੇ ਬੇਬੁਨਿਆਦ ਇਲਜ਼ਾਮ


ਹਰਿੰਦਰ ਨਿੱਕਾ / ਰਘਬੀਰ ਹੈਪੀ , ਬਰਨਾਲਾ , 14 ਨਵੰਬਰ 2021

      ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੁੱਝ ਦਿਨ ਪਹਿਲਾਂ ਰੈਸਟ ਹਾਊਸ ‘ਚ ਪਾਈ ਫੇਰੀ ਮੌਕੇ ਰੱਖੇ ਪ੍ਰੋਗਰਾਮ ਵਿੱਚ ਵਿਘਨ ਪੈਣ ਤੋਂ ਬਾਅਦ ਅਣਪਛਾਤੇ ਕਾਂਗਰਸੀਆਂ ਖਿਲਾਫ ਦਰਜ਼ ਹੋਈ ਐਫ.ਆਈ.ਆਰ. ਨੰਬਰ 547 , ਪ੍ਰਸ਼ਾਸ਼ਨ ਅਤੇ ਕਾਂਗਰਸ ਪਾਰਟੀ ਲਈ ਗਲੇ ਦੀ ਹੱਡੀ ਬਣ ਗਈ ਹੈ। ਇਸ ਐਫ.ਆਈ.ਆਰ ਦਰਜ਼ ਹੋਣ ਨਾਲ ਜਿੱਥੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਖਿਲਾਫ ਟਕਸਾਲੀ ਕਾਂਗਰਸੀਆਂ ਵਿੱਚ ਗੁੱਸਾ ਪ੍ਰਚੰਡ ਰੂਪ ਧਾਰ ਗਿਆ ਹੈ। ਉੱਥੇ ਹੀ ਇਸ ਕੇਸ ਨੇ ਕੇਵਲ ਢਿੱਲੋਂ ਖਿਲਾਫ ਵੱਖ ਵੱਖ ਤੌਰ ਤੇ ਮੋਰਚਾ ਖੋਲ੍ਹ ਕੇ ਮੈਦਾਨ ਵਿੱਚ ਉੱਤਰੇ ਟਕਸਾਲੀ ਕਾਂਗਰਸੀਆਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰ ਦਿੱਤਾ ਹੈ। ਇਹ ਦ੍ਰਿਸ਼ ਅੱਜ ਵਿਜ਼ਟ ਹੋਟਲ ਵਿੱਚ ਕੇਵਲ ਢਿੱਲੋਂ ਦੇ ਖਿਲਾਫ ਇਲਾਕੇ ਦੇ ਕੁੱਝ ਸੀਨੀਅਰ ਕਾਂਗਰਸ ਆਗੂਆਂ ਵੱਲੋਂ ਰੱਖੀ ਪ੍ਰੈਸ ਕਾਨਫਰੰਸ ਮੌਕੇ ਦੇਖਣ ਨੂੰ ਮਿਲਿਆ।

Advertisement

ਪ੍ਰੈਸ ਕਾਨਫਰੰਸ ‘ਚ ਕਾਂਗਰਸੀਆਂ ਨੇ ਹੀ ਲਾਈ ਕੇਵਲ ਢਿੱਲੋਂ ਤੇ ਦੋਸ਼ਾਂ ਦੀ ਝੜੀ

      ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਘੇ ਟਰਾਂਸਪੋਰਟਰ ਅਤੇ ਬਰਨਾਲਾ ਹਲਕੇ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ 9 ਨਵੰਬਰ ਨੂੰ ਕੈਬਨਿਟ ਮੰਤਰੀ ਦੀ ਮੀਟਿੰਗ ਦੌਰਾਨ ਨਾ ਕਿਸੇ ਕਾਂਗਰਸੀ ਆਗੂ ਨੇ ਪੁਲਿਸ ਨੂੰ ਗਾਲ੍ਹਾਂ ਕੱਢੀਆਂ ਤੇ ਨਾ ਹੀ ਕਿਸੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਨੂੰ ਧੱਕੇ ਮਾਰੇ ਹਨ। ਉਨਾਂ ਪੁਲਿਸ ਵੱਲੋਂ ਦਰਜ਼ ਕੇਸ ਨੂੰ ਝੂਠਾ ਅਤੇ ਆਪਣੇ ਆਕਾ ਨੂੰ ਖੁਸ਼ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਸਾਬਕਾ ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਆਪਣੇ ਵਿਰੁੱਧ ਪਾਰਟੀ ਵਿੱਚ ਉੱਠ ਰਹੀਆਂ ਬਾਗੀ ਸੁਰਾਂ ਨੂੰ ਦਬਾਉਣ ਲਈ ਸਥਾਨਕ ਪੁਲਿਸ ਨੂੰ ਹਥਿਆਰ ਦੇ ਰੂਪ ਵਿੱਚ ਵਰਤਿਆ ਹੈ।  ਕਾਲਾ ਢਿੱਲੋਂ ਨੇ ਵਿਅੰਗ ਕਰਦਿਆਂ ਕਿਹਾ ਕਿ  ਰੈਸਟ ਹਾਊਸ ਵਿੱਚ ਅਜਿਹਾ ਕੋਈ ਕਾਂਗਰਸੀ ਆਗੂ / ਵਰਕਰ ਨਹੀ ਸੀ, ਜਿਸ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਨਾ ਜਾਣਦਾ ਹੋਵੇ । ਇਸ ਲਈ ਅਣਪਛਾਤੇ ਕਾਂਗਰਸੀਆਂ ਸਬੰਧੀ ਦਰਜ ਐਫ.ਆਈ.ਆਰ. ਝੂਠ ਦਾ ਪੁਲੰਦਾ ਹੈ । ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ ਜੇਕਰ ਮੌਕੇ ‘ ਤੇ ਉਨ੍ਹਾਂ ਨਾਲ ਗਏ ਕਿਸੇ ਵੀ ਕਾਂਗਰਸੀ ਵਰਕਰ ਨੇ ਪੁਲਿਸ ਅਫਸਰ / ਮੁਲਾਜਮ ਨਾਲ ਬਦਸਲੂਕੀ ਕੀਤੀ ਹੋਵੇ . ਧੱਕੇ ਮਾਰੇ ਹੋਣ ਤਾਂ ਉਹ ਇਸ ਸਬੰਧੀ ਹਰ ਸਜਾ ਭੁਗਤਣ ਲਈ ਤਿਆਰ ਹਨ ।

      ਸ੍ਰੀ ਢਿੱਲੋਂ ਨੇ ਇਹ ਵੀ ਕਿਹਾ ਕਿ ਉਕਤ ਸਮਾਗਮ ਨੂੰ ਸਰਕਾਰੀ ਸਮਾਗਮ ਜਾਂ ਚੁਣੇ ਹੋਏ ਨੁਮਾਇੰਦਿਆਂ ਦਾ ਸਮਾਗਮ ਕਹਿਣਾ ਵੀ ਗਲਤ ਹੈ ਕਿਉਂਕਿ ਸਮਾਗਮ ‘ ਚ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਨਾਲ ਵੱਡੀ ਗਿਣਤੀ ‘ ਚ ਆਮ ਵਰਕਰ ਵੀ ਹਾਜਰ ਸਨ ਅਤੇ ਮੰਚ ਦਾ ਸੰਚਾਲਨ ਵੀ ਇੱਕ ਅਜਿਹੇ ਵਿਅਕਤੀ ਨੇ ਕੀਤਾ ਜੋ ਕਿਸੇ ਵੀ ਲੋਕਤੰਤਰ ਬਾਡੀ  ਦਾ ਇਲੈਕਟਿਡ ਮੈਂਬਰ ਨਹੀਂ ਹੈ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਦਰਜ ਕੇਸ ਦੀ ਪੁਲਿਸ ਵੱਲੋਂ ਘੜੀ ਕਹਾਣੀ ਦੇ ਬਖੀਏ ਉਧੇੜਦਿਆਂ ਕਿਹਾ ਕਿ ਕਿਨ੍ਹੀ ਹਾਸੋਹੀਣੀ ਗੱਲ ਹੈ ਕਿ ਸੈਂਕੜਿਆਂ ਦੀ ਸੰਖਿਆ ਵਿੱਚ ਮੀਟਿੰਗ ਵਾਲੀ ਥਾਂ ਤੇ ਤਾਇਨਾਤ ਪੁਲਿਸ ਵਾਲਿਆਂ ਦੀ ਹਾਜਰੀ ਵਿੱਚ 10/12 ਅਣਪਛਾਤੇ ਕਾਂਗਰਸੀ ਪੁਲਿਸ ਮੁਲਾਜ਼ਮਾਂ ਨੂੰ ਧੱਕੇ ਮਾਰਦੇ ਤੇ ਗਾਲ੍ਹਾਂ ਕੱਢਦੇ ਰਹੇ, ਪੁਲਿਸ ਉਨ੍ਹਾਂ ਨੂੰ ਮੌਕੇ ਤੇ ਗਿਰਫ਼ਤਾਰ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਝੂਠੇ ਕੇਸ ਸਬੰਧੀ ਉਹ, ਕਾਲਾ ਢਿੱਲੋਂ ਸਣੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਅੱਜ ਮਿਲੇ ਸਨ, ਜਿਨ੍ਹਾਂ ਐਸ ਐਸ ਪੀ ਅਲਕਾ ਮੀਨਾ ਨਾਲ ਗੱਲਬਾਤ ਵੀ ਕੀਤੀ। ਮੰਤਰੀ ਨੇ ਕਾਂਗਰਸੀ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਕਿਸ ਵੀ ਕਾਗਰਸੀ ਵਰਕਰ ਨਾਲ ਜਿਆਦਤੀ ਨਹੀਂ ਹੋਣ ਦੇਣਗੇ।

    ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਲੀਲਾ ਬਾਜਵਾ , ਐਡਵੋਕੇਟ ਜਤਿੰਦਰ ਬਹਾਦਰਪੁਰੀ ਮਹੇਸ ਕੁਮਾਰ ਲੋਟਾ ਬਲਦੇਵ ਸਿੰਘ ਭੁੱਚਰ , ਸੁਖਵਿੰਦਰ ਸਿੰਘ ਕਲਕੱਤਾ , ਮਹਿੰਦਰਪਾਲ ਸਿੰਘ ਪੱਖੋਂ ਤੇ ਸੂਰਤ ਸਿੰਘ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਰੈਸਟ ਹਾਊਸ ਵਿਖੇ ਮੀਟਿੰਗ ਦੌਰਾਨ ਲੰਮੇ ਸਮੇਂ ਤੋਂ ਬਰਨਾਲਾ ਜਿਲ੍ਹੇ’ ਚ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਜਦੋਂ ਜਹਿਦ ਕਰ ਰਹੇ ਟਕਸਾਲੀ ਕਾਂਗਰਸੀਆਂ ਨੂੰ ਹੀ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਇਸ ਸਬੰਧੀ ਇੱਕ ਸੂਚੀ ਵੀ ਰੈਸਟ ਹਾਊਸ ਦੇ ਮੇਨ ਗੇਟ ‘ ਤੇ ਪੁਲਿਸ ਮੁਲਾਜਮਾਂ ਨੂੰ ਦਿੱਤੀ ਗਈ , ਜਿਹੜੀ ਕੇਵਲ ਸਿੰਘ ਢਿੱਲੋਂ ਨੇ ਤਿਆਰ ਕੀਤੀ ਸੀ ।

     ਉਕਤ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਹਲਕੇ ਵਿਚ ਕਾਂਗਰਸ ਪਾਰਟੀ ਦੇ ਜਨਅਧਾਰ ਸਬੰਧੀ ਚਰਚਾ ਕਰਨ ਲਈ ਰੱਖੀ ਗਈ ਸੀ । ਜਿਸ ਵਿੱਚ ਕਾਂਗਰਸ ਦੀ ਕੇਂਦਰੀ ਕਮੇਟੀ ਤੋਂ ਸੀਨੀਅਰ ਆਗੂ ਵੀ ਸ਼ਾਮਲ ਹੋਏ ਸਨ । ਇਸ ਲਈ ਇਸ ਮੀਟਿੰਗ ਨੂੰ ਸਰਕਾਰੀ ਸਮਾਗਮ ਕਹਿਣਾ ਗਲਤ ਹੈ । ਉਕਤ ਆਗੂਆਂ ਨੇ ਕਿਹਾ ਕਿ ਉਹ ਹਮੇਸਾ ਕਾਂਗਰਸ ਪਾਰਟੀ ਨਾਲ ਖੜੇ ਸਨ ਖੜੇ ਹਨ ਅਤੇ ਖੜੇ ਹੀ ਰਹਿਣਗੇ । ਪ੍ਰੰਤੂ ਜੇਕਰ ਪਾਰਟੀ ਬਰਨਾਲਾ ਹਲਕੇ ਤੋਂ ਟਕਸਾਲੀ ਕਾਂਗਰਸੀਆਂ ਦੀ ਭਾਵਨਾਵਾਂ ਦੇ ਉਲਟ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਹ ਅਜਾਦ ਉਮੀਦਵਾਰ ਵੀ ਖੜਾ ਕਰਨਗੇ ਅਤੇ ਅਣਪਛਾਤੇ ਕਾਂਗਰਸੀਆਂ ਵਿਰੁੱਧ ਦਰਜ ਮੁਕੱਦਮੇ ਅਨੁਸਾਰ ਸ਼ਹਿਰ ਦੇ ਇੱਜਤਦਾਰ ਵਿਅਕਤੀਆਂ ਦੇ ਹੁਲੀਏ ਪ੍ਰਗਟ ਕਰਨ ਕਰਕੇ ਉਨ੍ਹਾਂ ਦੇ ਵੱਕਾਰ ਨੂੰ ਠੇਸ ਪੁੱਜੀ ਹੈ। ਜਿਸ ਦੇ ਖਿਲਾਫ ਉਹ ਅਦਾਲਤੀ ਚਾਰਾਜੋਈ ਵੀ ਕਰਨਗੇ ।

    ਪ੍ਰੈਸ ਕਾਨਫਰੰਸ ਦੌਰਾਨ ਹਾਜਰ ਸਾਰੇ ਟਕਸਾਲੀ ਕਾਂਗਰਸੀਆਂ ਆਗੂਆਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਬਰਨਾਲਾ ਦੇ ਥਾਣਾ ਸਿਟੀ -2 ‘ ਚ ਅਣਪਛਾਤੇ ਕਾਂਗਰਸੀਆਂ ‘ ਤੇ ਦਰਜ ਹੋਏ ਪਰਚੇ ਦੀ ਜਾਂਚ ਕਰਵਾ ਕੇ ਸਿਆਸੀ ਦਬਾਅ ਅਧੀਨ ਬਿਆਨ ਦੇਣ ਵਾਲੇ ਪੁਲਿਸ ਅਧਿਕਾਰੀਆਂ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ । ਉੱਧਰ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਖੁਦ ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉੱਨ੍ਹਾ ਦੇ ਵਿਰੋਧੀ ਕੁੱਝ ਕੁ ਕਾਂਗਰਸੀ ਆਗੂ ,ਝੂਠੇ ਦੋਸ਼ ਲਾ ਕੇ ਆਪਣੀਆਂ ਗਲਤੀਆਂ ਤੇ ਪਰਦਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਲਹੇ ਹਨ।

Advertisement
Advertisement
Advertisement
Advertisement
Advertisement
error: Content is protected !!