*ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ
ਜਾਤ ਪਾਤ, ਜ਼ਮੀਨ ਅਤੇ ਮਜ਼ਦੂਰਾਂ ਦੀ ਮੁਕਤੀ ਦਾ ਸਵਾਲ ਵਿਸ਼ੇ ਤੇ ਪਿੰਡ ਰਾਜੋਮਾਜਰਾ ਵਿਖੇ ਕੀਤੀ ਕਨਵੈਨਸ਼ਨ*
ਹਰਪ੍ਰੀਤ ਕੌਰ ਬਬਲੀ, ਸੰਗਰੂਰ, 11 ਨਵੰਬਰ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਲਾਕਾ ਧੂਰੀ ਵੱਲੋਂ “ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ” ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 11ਨਵੰਬਰ ਨੂੰ ਪਿੰਡ ਰਾਜੋਮਾਜਰਾ ਵਿਖੇ ਜਾਤ ਪਾਤ, ਜ਼ਮੀਨ ਅਤੇ ਖੇਤ ਮਜ਼ਦੂਰਾਂ ਦੀ ਮੁਕਤੀ ਦੇ ਸਵਾਲ ਵਿਸ਼ਿਆਂ ‘ਤੇ ਕਨਵੈਨਸ਼ਨ ਆਯੋਜਿਤ ਕੀਤੀ ਗਈ । ਕਨਵੈਨਸ਼ਨ ਦਾ ਆਗਾਜ਼ ਇਨਕਲਾਬੀ ਗੀਤਾਂ ਨਾਲ ਕੀਤਾ ਗਿਆ ।
ਕਨਵੈਨਸ਼ਨ ਨੂੰ ਚਲਾਉਣ ਲਈ ਪ੍ਰਧਾਨਗੀ ਮੰਡਲ ਬਣਾਇਆ ਗਿਆ ,ਇਸ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਇਲਾਕਾ ਆਗੂ ਬਲਜਿੰਦਰ ਸਿੰਘ ਈਸੀ, ਚਰਨਜੀਤ ਕੌਰ, ਰਾਜ ਕੌਰ ਮੀਮਸਾ, ਸੁਰਿੰਦਰ ਕੌਰ ਸੁਸ਼ੋਬਿਤ ਸਨ। ਵੱਖ – ਵੱਖ ਪਿੰਡਾਂ ਤੋਂ ਪਹੁੰਚੇ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ)ਦੇ ਸੂਬਾਈ ਆਗੂ ਧਰਮਪਾਲ ਸਿੰਘ ਨੇ ਜਾਤ ਪਾਤ,ਜ਼ਮੀਨ ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਕੀ ਜ਼ਾਤ ਪਾਤ ਸ਼ੁਰੂ ਤੋਂ ਹੀ ਮੌਜੂਦ ਸੀ ? ਨਹੀਂ, ਸ਼ੁਰੂਆਤੀ ਦੌਰ ਵਿੱਚ ਕੋਈ ਜਾਤ ਪਾਤ ਨਾਂ ਦੀ ਚੀਜ਼ ਨਹੀਂ ਸੀ। ਸਾਧਨਾਂ ਦੀ ਕਾਣੀ ਵੰਡ ਹੋਣ ਉਪਰੰਤ ਹੌਲੀ ਹੌਲੀ ਮਨੂੰ ਸਮਿ੍ਤੀ ਤਹਿਤ ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਪੱਕੇ ਪੈਰੀਂ ਹੋਂਦ ਵਿੱਚ ਆਏ।
ਇਸ ਤਰ੍ਹਾਂ ਜਨਮ ਤੋਂ ਹੀ ਜਾਤ- ਪਾਤ ਨਾਲ ਜੁੜ ਗਈ । ਸ਼ੂਦਰ ਤੋਂ ਬਾਦ ਹੌਲੀ – ਹੌਲੀ ਅਛੂਤ ਹੌਂਦ ਚ ਆਏ। ਅਛੂਤਾਂ ਦਾ ਪਰਛਾਵਾਂ ਪੈਣਾ ਗੁਨਾਹ ਸੀ ਇਸੇ ਤਰ੍ਹਾਂ ਧਰਤੀ ਉਪਰ ਥੁੱਕਣਾ ਮਨ੍ਹਾਂ ਸੀ ,ਇਸੇ ਕਰਕੇ ਧਰਤੀ ਉੱਪਰ ਪੈੜਾਂ ਦੇ ਨਿਸ਼ਾਨ ਨਾ ਪੈਣ ਇਸ ਵਾਸਤੇ ਗਲ ਵਿਚ ਕੁੱਜਾ ਅਤੇ ਪਿੱਛੇ ਝਾੜੂ ਬੰਨ੍ਹਿਆ ਹੁੰਦਾ ਸੀ । ਪੜ੍ਹਨ ਲਿਖਣ ਦਾ ਬਿਲਕੁਲ ਅਧਿਕਾਰ ਨਹੀਂ ਸੀ ਜੇਕਰ ਕੋਈ ਇਸ ਦੀ ਜੁਰਤ ਕਰਦਾ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾਇਆ ਜਾਂਦਾ ਜਾਂ ਜੀਭ ਤੱਕ ਵੀ ਕੱਟ ਦਿੱਤੀ ਜਾਂਦੀ ਸੀ, ਘਰ ਵੀ ਛਿਪਦੇ ਪਾਸੇ ਹੁੰਦੇ ਸਨ ਅਤੇ ਜ਼ਮੀਨ ਅਤੇ ਘਰ ਖਰੀਦਣ ਦਾ1950 ਤੱਕ ਕੋਈ ਅਧਿਕਾਰ ਨਹੀਂ ਸੀ।
ਭਾਵੇਂ ਕਿ ਜਾਤੀ ਪਾਤੀ ਵਿਵਸਥਾ ਦੇ ਖ਼ਿਲਾਫ਼ ਅਨੇਕਾਂ ਲਹਿਰਾਂ ਚੱਲੀਆਂ ,ਪਰ ਇਸ ਦੇ ਬਾਵਜੂਦ ਜਾਤ ਪਾਤ ਦਾ ਫਸਤਾ ਵੱਢਿਆ ਨਾ ਜਾ ਸਕਿਆ । ਹੱਲਾਂ ਕਿ ਜਾਤ ਪਾਤ ਦੇ ਖ਼ਿਲਾਫ਼ ਉਨੀ ਸੌ ਸੰਤਾਲੀ ਤੋਂ ਬਾਅਦ ਭਾਰਤ ਵਿੱਚ ਕਾਨੂੰਨ ਬਣਿਆ ਹੋਇਆ ਹੈ ਪਰ ਇਸਦੇ ਬਾਵਜੂਦ ਵਿਤਕਰੇਬਾਜ਼ੀ ਬਰਕਰਾਰ ਹੈ, ਬਾਈਕਾਟ ਹੁੰਦੇ ਹਨ।ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਖੇਤ ਮਜ਼ਦੂਰਾਂ ਦੀ ਮੁਕਤੀ ਦੇ ਸਵਾਲ ਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਤ ਮਜ਼ਦੂਰ ਸਾਰੇ ਸਾਧਨਾਂ ਤੋਂ ਵਾਂਝੇ ਕਿਉਂ ਹਨ? ਸਾਧਨਾਂ ਦੀ ਕਾਣੀ ਵੰਡ ਕਿਉਂ ਹੈ ?ਸਾਧਨਾਂ ਦੀ ਕਾਣੀ ਵੰਡ ਖ਼ਤਮ ਕਿਵੇਂ ਹੋਵੇ , ਖੇਤ ਮਜ਼ਦੂਰਾਂ ਦੀ ਮੁਕਤੀ ਦਾ ਸਵਾਲ ਅਹਿਮ ਸਵਾਲ ਬਣਦਾ ਹੈ।
ਖੇਤ ਮਜ਼ਦੂਰਾਂ ਦੀ ਮੁਕਤੀ ਸਾਧਨਾਂ ਦੀ ਕਾਣੀ ਵੰਡ ਖਤਮ ਕਰਨ ਖਾਸ ਕਰਕੇ ਜ਼ਮੀਨੀ ਸੁਧਾਰ ਲਾਗੂ ਕਰਵਾਏ ਬਿਨਾਂ ਸੰਭਵ ਨਹੀਂ । ਸਾਧਨਾਂ ਦੀ ਕਾਣੀ ਵੰਡ ਇਸ ਸੰਸਦੀ ਪ੍ਰਣਾਲੀ ਤਹਿਤ ਪੈਂਦੀਆਂ ਵੋਟਾਂ ਰਾਹੀਂ ਹੱਲ ਨਹੀਂ। ਕਿਉਂਕਿ ਤਕਰੀਬਨ ਪਚੱਤਰ ਸਾਲਾਂ ਤੋਂ ਮਿਹਨਤਕਸ਼ ਲੋਕ ਵੋਟਾਂ ਪਾ ਕੇ ਹਰੇਕ ਪਾਰਟੀ ਨੂੰ ਪਰਖ ਚੁੱਕੇ ਹਨ, ਮੁੱਖ ਧਾਰਾ ਚ ਸ਼ਾਮਲ ਸਾਰੀ ਦੀ ਸਾਰੀ ਪਾਰਟੀਆਂ ਲੋਕ ਵਿਰੋਧੀ ਸਾਮਰਾਜੀ ਨੀਤੀਆਂ ਦੇ ਪੱਖ ਵਿਚ ਹਨ। ਇਸ ਲਈ ਵੋਟ ਬਟੋਰੂ ਪ੍ਰਬੰਧ ਰਾਹੀਂ ਖੇਤ ਮਜ਼ਦੂਰਾਂ ਦੀ ਮੁਕਤੀ ਸੰਭਵ ਨਹੀਂ ।
ਸਿੱਖ ਧਰਮ ਵੀ ਮੌਜੂਦਾ ਸਮੇਂ ਦੌਰਾਨ ਬ੍ਰਾਹਮਣਵਾਦ ਦਾ ਰੂਪ ਧਾਰਨ ਕਰ ਚੁੱਕਿਆ ਹੈ , ਇਸ ਲਈ ਸਿੱਖ ਧਰਮ ਰਾਹੀਂ ਵੀ ਖੇਤ ਮਜ਼ਦੂਰਾਂ ਦੀ ਮੁਕਤੀ ਸੰਭਵ ਨਹੀਂ , ਖੇਤ ਮਜ਼ਦੂਰਾਂ ਦੀ ਮੁਕਤੀ ਦਾ ਇੱਕੋ ਇੱਕ ਹੱਲ ਲੋਕ ਵਿਰੋਧੀ ਵਿਸ਼ਵੀਕਰਨ ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਫਸਤਾ ਵੱਢਦੇ ਹੋਏ ਸਾਮਰਾਜ ਦੇ ਦਲਾਲ ਭਾਰਤੀ ਹਾਕਮਾਂ ਖ਼ਿਲਾਫ਼ ਇਕਜੁੱਟ ਹੋ ਕੇ ਏਕਤਾ ਅਤੇ ਸੰਘਰਸ਼ ਹੀ ਮੁਕਤੀ ਦਾ ਰਾਹ ਦਰਸਾਵਾ ਹੈ। ਆਗੂ ਨੇ ਅੱਗੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤਾਂ ਵਿਚੋਂ ਕਾਂਗਰਸ ਪਾਰਟੀ ਨੇ ਬਣਾ ਦਿੱਤਾ ਹੈ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਣਾ ਕਿਉਂਕਿ ਇਹ ਮਹਿਜ਼ ਇੱਕ ਚੋਣ ਸਟੰਟ ਹੈ । ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਵੀ ਸੰਬੋਧਨ ਕੀਤਾ ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਬਾਖ਼ੂਬੀ ਨਿਭਾਈ ।ਭਰਾਤਰੀ ਜਥੇਬੰਦੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਮਨਜੀਤ ਸਿੰਘ ਨਮੋਲ ਨੇ ਵੀ ਸੰਬੋਧਨ ਕੀਤਾ।ਇਨਕਲਾਬੀ ਗੀਤ ਸੰਗੀਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਗੀਤ ਮੰਡਲੀ ਨੇ ਪੇਸ਼ ਕੀਤੇ।