26 ਨਵੰਬਰ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਮਨਾਉਣ ਲਈ ਤਿਆਰੀਆਂ ਵਿੱਢੀਆਂ; ਵੱਡੇ ਕਾਫਲੇ ਭੇਜਣ ਲਈ ਵਿਉਂਤਬੰਦੀ ਕੀਤੀ।
* ਯੂਨੀਵਰਸਿਟੀ ਦਾ ਅਧਿਐਨ: ਮੌਜੂਦਾ ਕਿਸਾਨ ਅੰਦੋਲਨ ਅਮੀਰ ਕਿਸਾਨਾਂ ਦਾ ਨਹੀਂ, ਸ਼ੀਮਾਂਤ ਤੇ ਛੋਟੇ ਕਿਸਾਨਾਂ ਦਾ ਹੈ ।
* ਭੁੱਖਮਰੀ ਇੰਡੈਕਸ ਤੇ ਕੁਪੋਸ਼ਣ ਅੰਕੜਿਆਂ ਮੂਹਰੇ ਵਾਧੂ ਅਨਾਜ ਭੰਡਾਰ ਹੋਣ ਦੇ ਦਾਅਵੇ ਠੁੱਸ ਹੋਏ:ਕਿਸਾਨ ਆਗੂ
ਪਰਦੀਪ ਕਸਬਾ, ਬਰਨਾਲਾ: 10 ਨਵੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 406 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦਿੱਲੀ ਵੱਲੋਂ ਕੀਤੇ ਫੈਸਲਿਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਹੈ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਇਸ ਮੌਕੇ ਪੰਜਾਬ ਵਿੱਚੋਂ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਮੋਰਚਿਆਂ ‘ਚ ਸ਼ਮੂਲੀਅਤ ਕਰਨਗੇ। .
ਬੁਲਾਰਿਆਂ ਨੇ ਅੱਜ ਵੱਡੇ ਕਾਫਲੇ ਦਿੱਲੀ ਮੋਰਚਿਆਂ ਲਈ ਭੇਜਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਨ, ਵਾਲੰਟੀਅਰਾਂ ਦੀਆਂ ਲਿਸਟਾਂ ਬਣਾਉਣ ਅਤੇ ਦੂਸਰੇ ਇੰਤਜਾਮਾਂ ਬਾਰੇ ਵਿਚਾਰਾਂ ਕੀਤੀਆਂ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਸ਼ੈਸਨ ਦੌਰਾਨ ਹਰ ਰੋਜ਼ 500 ਕਿਸਾਨਾਂ ਦਾ ਜਥਾ ਸੰਸਦ ਮੂਹਰੇ ਰੋਸ ਪ੍ਰਦਰਸ਼ਨ ਲਈ ਜਾਇਆ ਕਰਨਗੇ।ਇਸ ਪ੍ਰੋਗਰਾਮ ‘ਚ ਲਗਾਤਾਰ ਸ਼ਮੂਲੀਅਤ ਲਈ ਵਾਲੰਟੀਅਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਲਿਸਟਾਂ ‘ਚ ਨਾਂਅ ਲਿਖਾਉਣ ਦੀ ਅਪੀਲ ਕੀਤੀ ਗਈ।
ਬੁਲਾਰਿਆਂ ਨੇ ਪੇਂਡੂ ਝੋਨਾ ਮੰਡੀਆਂ ਬੰਦ ਕਰਨ ਦੇ ਸਰਕਾਰੀ ਫੈਸਲੇ ਦੀ ਨਿਖੇਧੀ ਕੀਤੀ ਅਤੇ ਇਹ ਨਾਦਰਸ਼ਾਹੀ ਫਰਮਾਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਅਜੇ ਤੱਕ ਕਾਫੀ ਵੱਡੀ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚ ਆਉਣਾ ਬਾਕੀ ਹੈ। ਇਨ੍ਹਾਂ ਰੁਝਾਵੇਂ ਭਰਪੂਰ ਦਿਨਾਂ ਦੌਰਾਨ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਨਾ ਕਰੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਹਰਚਰਨ ਸਿੰਘ ਚੰਨਾ, ਨਛੱਤਰ ਸਿੰਘ ਸਾਹੌਰ, ਗੋਰਾ ਸਿੰਘ ਢਿੱਲਵਾਂ,ਪਰਮਜੀਤ ਕੌਰ, ਕੁਲਵੰਤ ਸਿੰਘ ਠੀਕਰੀਵਾਲਾ, ਗੁਰਜੋਤ ਸਿੰਘ, ਸ਼ਿੰਦਰ ਸਿੰਘ ਧੌਲਾ, ਗੁਰਚਰਨ ਸਿੰਘ ਸਰਪੰਚ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਇਸ ਸਰਕਾਰੀ ਝੂਠ ਦਾ ਪਰਦਾਫਾਸ਼ ਕੀਤਾ ਕਿ ਮੌਜੂਦਾ ਕਿਸਾਨ ਅੰਦੋਲਨ ਅਮੀਰ ਕਿਸਾਨਾਂ ਦਾ ਅੰਦੋਲਨ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਲਖਵਿੰਦਰ ਸਿੰਘ ਅਤੇ ਬਠਿੰਡਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਵਿੱਚ ਸਮਾਜਿਕ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਬਲਦੇਵ ਸਿੰਘ ਸ਼ੇਰਗਿੱਲ ਦੁਆਰਾ ਲਿਖੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕਿਸਾਨ ਅੰਦੋਲਨ ਵਿੱਚ ਮਰਨ ਵਾਲੇ ਜ਼ਿਆਦਾਤਰ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਸਨ। ਜਾਨ ਗੁਆਉਣ ਵਾਲਿਆਂ ਦੀ ਮਾਲਕੀ ਵਾਲੇ ਖੇਤਾਂ ਦਾ ਔਸਤ ਰਕਬਾ 2.26 ਏਕੜ ਹੈ। ਸਰਕਾਰ ਜਾਣਬੁੱਝ ਕੇ ਅੰਦੋਲਨ ਬਾਰੇ ਝੂਠ ਫੈਲਾਉਣਾ ਅਤੇ ਇਸ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਆਗੂਆਂ ਨੇ ਇਸ ਸਰਕਾਰੀ ਦਾਅਵਾ ਦਾ ਵੀ ਪਰਦਾਫਾਸ਼ ਕੀਤਾ ਕਿ ਮੁਲਕ ਵਿੱਚ ਜਰੂਰਤ ਨਾਲੋਂ ਤਿੰਨ ਗੁਣਾਂ ਵੱਧ ਅਨਾਜ ਦਾ ਭੰਡਾਰ ਜਮਾ ਹੈ। ਆਗੂਆਂ ਨੇ ਦੱਸਿਆ ਕਿ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਕਤੂਬਰ 21 ਤੱਕ, ਭਾਰਤ ਵਿੱਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਿਤ ਹਨ, ਜਿਨ੍ਹਾਂ ਵਿੱਚੋਂ 18 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹਨ। ਨਵੰਬਰ 20 ਅਤੇ ਅਕਤੂਬਰ 21 ਦੇ ਵਿਚਕਾਰ ਇਸ ਸੰਖਿਆ ਵਿੱਚ 91% ਦਾ ਵਾਧਾ ਹੋਇਆ ਹੈ।ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ ਨੂੰ 116 ਦੇਸ਼ਾਂ ਵਿੱਚੋਂ 101ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਸ ਦੌਰਾਨ, ਸਰਕਾਰ ਦੇਸ਼ ਵਿੱਚ ਭੁੱਖਮਰੀ ਦੀ ਚਿੰਤਾਜਨਕ ਸਥਿਤੀ ਤੋਂ ਬੇਸ਼ਰਮੀ ਨਾਲ ਇਨਕਾਰ ਕਰ ਰਹੀ ਹੈ। ਜੇਕਰ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਭੁਖਮਰੀ ਤੇ ਕੁਪੋਸ਼ਣ ਦੀ ਇਹ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ।
ਅੱਜ ਅਜਮੇਰ ਅਕਲੀਆ ਤੇ ਸਰਦਾਰਾ ਸਿੰਘ ਮੌੜ ਨੇ ਇਨਕਲਾਬੀ ਗੀਤ ਅਤੇ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਕਰ ਕੇ ਪੰਡਾਲ ‘ਚ ਜੋਸ਼ ਭਰਿਆ।