ਬੀਜੇਪੀ ਦੀਆਂ ਅਸੀਂ ਗਿੱਦੜ-ਭੱਬਕੀਆਂ ਤੋਂ ਡਰਨ ਵਾਲੇ ਨਹੀਂ: ਕਿਸਾਨ ਆਗੂ

Advertisement
Spread information

ਕਿਸਾਨਾਂ ਵਿਰੁੱਧ ਨਾਰਨੌਂਦ ( ਹਰਿਆਣਾ) ‘ਚ ਦਰਜ ਪੁਲਿਸ ਕੇਸ ਤੁਰੰਤ ਵਾਪਸ ਲਏ ਜਾਣ; ਸਰਕਾਰ ਸਾਡਾ ਸਫਰ ਨਾ ਪਰਖੇ: ਕਿਸਾਨ ਆਗੂ

* ਭੋਗ ਦਿਵਸ ਮੌਕੇ, ਟਿਕਰੀ ਬਾਰਡਰ ‘ਤੇ ਟਰੱਕ ਹੇਠ ਦਰੜ ਕੇ ਸ਼ਹੀਦ ਕੀਤੀਆਂ ਬੀਬੀਆਂ ਨੂੰ  ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।

* ਪੈਟਰੌਲ/ਡੀਜ਼ਲ ਦੇ ਰੇਟਾਂ ‘ਚ ਕਮੀ ਬਹੁਤ ਨਿਗੂਣੀ; ਕਰੋਨਾ ਸਮੇਂ ਵਧਾਈ ਐਕਸਾਈਜ਼ ਡਿਊਟੀ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਲਈ: ਕਿਸਾਨ ਆਗੂ


ਪਰਦੀਪ ਕਸਬਾ  , ਬਰਨਾਲਾ: 07 ਨਵੰਬਰ, 2021

    ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 403 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਬੀਜੇਪੀ ਨੇਤਾ ਅਰਵਿੰਦ ਸ਼ਰਮਾ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਬੀਜੇਪੀ ਨੇਤਾਵਾਂ ਦਾ ਘਿਰਾਉ ਕਰਨ ਵਾਲਿਆਂ ਦੀਆਂ ਅੱਖਾਂ ਕੱਢ ਦੇਣ ਅਤੇ ਹੱਥ ਵੱਢ ਦੇਣ ਦੀ ਧਮਕੀ ਦਿੱਤੀ ਸੀ ਇਹ ਬਿਆਨ ਇੱਕ ਦਿਨ ਪਹਿਲਾਂ  ਕਿਸਾਨਾਂ ਵੱਲੋਂ ਬੀਜੇਪੀ ਨੇਤਾਵਾਂ ਨੂੰ  ਇੱਕ ਮੰਦਰ ਵਿੱਚ ਬੰਦੀ ਬਣਾਏ ਜਾਣ ਦੇ ਸੰਦਰਭ ਵਿਚ ਦਿੱਤਾ ਗਿਆ।

Advertisement

ਕਿਸਾਨ ਆਗੂਆਂ ਨੇ ਇਸ ਭੜਕਾਊ ਬਿਆਨ ਦਾ ਬਹੁਤ ਗੰਭੀਰ ਨੋਟਿਸ ਲਿਆ ਅਤੇ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਗਿੱਦੜ- ਭੱਬਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਭਵਿੱਖ ਵਿੱਚ ਵੀ ਬੀਜੇਪੀ ਨੇਤਾਵਾਂ ਦਾ ਵਿਰੋਧ ਇਸੇ ਪ੍ਰਕਾਰ ਕਰਦੇ ਰਹਿਣਗੇ।

  ਆਗੂਆਂ ਨੇ ਹਰਿਆਣਾ ਪੁਲਿਸ ਵੱਲੋਂ ਨਾਰਨੌਂਦ ਵਿੱਚ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਸਾਡਾ ਸਬਰ ਨਾ ਪਰਖੇ ।

  ਅੱਜ ਦਿਆਲੂ ਵਾਲਾ ਖੀਵਾ ਪਿੰਡ ਦੀਆਂ ਤਿੰਨ ਬੀਬੀਆਂ ਸੁਖਵਿੰਦਰ ਕੌਰ, ਅਮਰਜੀਤ ਕੌਰ ਤੇ ਗੁਰਮੇਲ ਕੌਰ ਦਾ ਭੋਗ ਸਮਾਗਮ ਦਿਵਸ ਸੀ। ਇਨ੍ਹਾਂ ਨੂੰ ਟਿਕਰੀ ਬਾਰਡਰ ਦਿੱਲੀ ਵਿਖੇ ਟਰੱਕ ਹੇਠ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਧਰਨੇ ‘ਚ ਇਨ੍ਹਾਂ ਦੀ ਸ਼ਹੀਦੀ ਬਾਰੇ ਚਰਚਾ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਗੁਰਮੇਲ ਸ਼ਰਮਾ, ਅਮਰਜੀਤ ਕੌਰ,ਗੁਰਨਾਮ ਸਿੰਘ ਠੀਕਰੀਵਾਲਾ, ਰਣਧੀਰ ਸਿੰਘ ਰਾਜਗੜ੍ਹ, ਉਜਾਗਰ ਸਿੰਘ ਬੀਹਲਾ, ਜਸਵੀਰ ਸਿੰਘ ਖੇੜੀ, ਗੁਰਜੰਟ ਸਿੰਘ ਹਮੀਦੀ, ਬਲਜੀਤ ਸਿੰਘ ਚੌਹਾਨਕੇ, ਗੁਰਪ੍ਰੀਤ ਸਿੰਘ ਕਾਲੇਕੇ ਨੇ ਸੰਬੋਧਨ ਕੀਤਾ।
 

  ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੈਟਰੌਲ ਦੀ ਐਕਸਾਈਜ਼ ਡਿਊਟੀ ਵਿੱਚ 5ਰੁਪਏ ਅਤੇ ਡੀਜ਼ਲ  ਲਈ 10 ਰੁਪਏ ਪ੍ਰਤੀ ਲਿਟਰ ਦੀ ਕਮੀ ਨੂੰ ਬਹੁਤ ਨਿਗੂਣੀ ਦੱਸਿਆ।  ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ ‘ਤੇ ਕਰਮਵਾਰ 13 ਤੇ 16 ਰੁਪਏ ਪ੍ਰਤੀ ਲਿਟਰ  ਐਕਸਾਈਜ਼ ਡਿਊਟੀ ਵਧਾਈ ਸੀ। ਤਾਜ਼ਾ ਕਮੀ ਨਾਲ ਉਹ ਵਾਧਾ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਗਿਆ। ਫਿਰ ਹੁਣ ਹਰ ਰੋਜ਼  ਰੇਟਾਂ ਵਿਚ ਹੋ ਰਹੇ ਵਾਧੇ ਨਾਲ ਇਹ ਨਿਗੂਣੀ ਕਮੀ ਵੀ  ਥੋੜੇ ਦਿਨਾਂ ‘ਚ ਖੂਹ-ਖਾਤੇ ਵਿੱਚ ਪੈ ਜਾਵੇਗੀ। ਆਗੂਆਂ ਨੇ  ਕਿਹਾ ਕਿ  ਕਿਸਾਨਾਂ ਨੂੰ ਡੀਜ਼ਲ ‘ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ ਅਤੇ ਕੇਂਦਰ  ਸਰਕਾਰ ਐਕਸਾਈਜ਼ ਡਿਊਟੀ ‘ਚ ਅਤੇ ਸੂਬਾ ਸਰਕਾਰਾਂ  ਵੈਟ ‘ਚ ਵੱਡੀ ਕਟੌਤੀ ਕਰਕੇ ਲੋਕਾਂ ਨੂੰ ਹਕੀਕੀ ਰਾਹਤ ਦੇਣ।

Advertisement
Advertisement
Advertisement
Advertisement
Advertisement
error: Content is protected !!