ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਾਤਾ ਮਹਿੰਦਰ ਕੌਰ ਹਿੰਮਤਪੁਰਾ ਨੇ ਪੀਤਾ ਸ਼ਹੀਦੀ ਜਾਮ – ਹਿੰਮਤਪੁਰਾ
ਪਰਦੀਪ ਕਸਬਾ , ਨਿਹਾਲ ਸਿੰਘ ਵਾਲਾ, 6 ਨਵੰਬਰ 2021
ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ, ਰਾਜਸਥਾਨ,ਯੂ ਪੀ ਸਮੇਤ ਦਿੱਲੀ ਦੇ ਬਾਰਡਰਾਂ ਅਤੇ ਪੂਰੇ ਭਾਰਤ ਵਿੱਚ ਧਰਨੇ-ਮੁਜਾਹਰੇ ਚੱਲ ਰਹੇ ਹਨ। ਇਸ ਸੰਘਰਸ਼ ਦੌਰਾਨ 600 ਤੋਂ ਉਪਰ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਇਸ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਸ਼ਾਮਲ ਹਨ।ਹੁਣ ਇਹਨਾਂ ਸ਼ਹੀਦਾਂ ਵਿੱਚ ਮਾਤਾ ਮਹਿੰਦਰ ਕੌਰ ਹਿੰਮਤਪੁਰਾ ਦਾ ਜੁੜ ਗਿਆ ਹੈ।ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਹਿੰਮਤਪੁਰਾ ਦੇ ਪ੍ਰਧਾਨ ਜੰਗੀਰ ਸਿੰਘ ਹਿੰਮਤਪੁਰਾ ਨੇ ਦਿੱਤੀ।
ਉਹਨਾਂ ਕਿਹਾ ਮਾਤਾ ਮਹਿੰਦਰ ਕੌਰ ਪਿੰਡ ਦੀ ਔਰਤ ਇਕਾਈ ਦੀ ਪੱਕੀ ਵਰਕਰ ਸੀ।ਕਿਸੇ ਵੀ ਧਰਨੇ- ਮੁਜ਼ਾਹਰੇ ਲਈ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿੰਦੀ ਸੀ।ਦਿੱਲੀ ਦਾ ਸ਼ਹੀਨ ਬਾਗ ਹੋਵੇ ਜਾਂ ਦਿੱਲੀ ਵਾਲਾ ਮੋਰਚਾ ਉਹਨਾਂ ਕਦੇ ਵੀ ਪਿਛਲੇ ਮੁੜ ਨਹੀਂ ਦੇਖਿਆ ਸੀ। ਦਿੱਲੀ ਮੋਰਚੇ ਲੱਗਣ ਵੇਲੇ ਪਹਿਲਾਂ ਕਾਫਲੇ ਵਿੱਚ ਸ਼ਾਮਲ ਸੀ ਜਦਕਿ ਡੱਬਵਾਲੀ ਬਾਰਡਰ ਤੇ ਸਥਿਤੀ ਬਹੁਤ ਨਾਜ਼ੁਕ ਸੀ।ਉਸ ਵੇਲੇ ਵੀ ਮਾਤਾ ਹੋਸ਼,ਜੋਸ ਅਤੇ ਨਿੱਡਰਤਾ ਨਾਲ ਕਾਇਮ ਸੀ।
ਔਰਤ ਇਕਾਈ ਦੀ ਮੀਤ ਪ੍ਰਧਾਨ ਕਰਮਜੀਤ ਕੌਰ ਸੋਹੀ ਨੇ ਦੱਸਿਆ ਕਿ ਹੁਣ ਵੀ ਮਾਤਾ ਮਹਿੰਦਰ ਕੌਰ ਮਿਤੀ 03-10-2021 ਨੂੰ ਦਿੱਲੀ ਦੇ ਟਿਕਰੀ ਬਾਰਡਰ ਤੇ ਚੱਲ ਰਹੇ ਮੋਰਚੇ ਵਿੱਚ ਗਈ ਸੀ। ਮਿਤੀ 16-10-2021 ਨੂੰ ਬਿਮਾਰ ਹੋਣ ਕਰਕੇ ਪਿੰਡ ਹਿੰਮਤਪੁਰਾ ਵਾਪਸ ਆ ਗਏ ਸਨ। ਉਸੇ ਦਿਨ ਤੋਂ ਆਦੇਸ਼ ਹਸਪਤਾਲ ਭੁੱਚੋ ਬਠਿੰਡਾ ਵਿਖੇ ਦਾਖਲ ਸਨ। ਮਿਤੀ 03-11-2021 ਨੂੰ ਉਹਨਾਂ ਦੀ ਮੌਤ ਹੋ ਗਈ। ਪਰਿਵਾਰ ਅਤੇ ਜੱਥੇਬੰਦੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਜੱਥੇਬੰਦੀ ਇਸ ਦੁੱਖ ਦੀ ਘੜੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੋਈ ਗਹਿਰੇ ਦੁੱਖ਼ ਦਾ ਇਜ਼ਹਾਰ ਕਰਦੀ ਹੈ।
ਜਰਨਲ ਸਕੱਤਰ ਕਰਤਾਰ ਸਿੰਘ ਪੰਮਾ ਨੇ ਕਿਹਾ ਸੰਘਰਸ਼ਾਂ ਦੇ ਮੋਹਰੀ ਜਾਣੇ ਜਾਂਦੇ ਪਿੰਡ ਹਿੰਮਤਪੁਰਾ ਦੇ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸ਼ਹਾਦਤ ਪਾ ਰਹੇ ਹਨ। ਪਹਿਲਾਂ ਜਗਦੀਪ ਸਿੰਘ ਅਤੇ ਦਰਸ਼ਨ ਸਿੰਘ ਅਤੇ ਹੁਣ ਮਾਤਾ ਮਹਿੰਦਰ ਕੌਰ ਹਿੰਮਤਪੁਰਾ ਭਗਤ- ਸਰਾਭਿਆਂ ਦੇ ਰਾਹ ਤੇ ਚੱਲਦੇ ਹੋਏ ਸਦਾ ਲਈ ਅਮਰ ਹੋ ਗਏ। ਮਾਤਾ ਮਹਿੰਦਰ ਕੌਰ ਹਿੰਮਤਪੁਰਾ ਦੀ ਮਿਰਤਕ ਦੇਹ ਸਿਵਲ ਹਸਪਤਾਲ ਮੋਗਾ ਵਿੱਚ ਰੱਖ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਹਿੰਮਤਪੁਰਾ ਦੀ ਅਗਵਾਈ ਵਿੱਚ ਵਫਦ ਦੇ ਮੋਗਾ ਦੇ ਡੀ ਸੀ ਨੂੰ ਮਿਲਿਆ।ਉਹ ਮੰਗ ਕੀਤੀ ਕਿ ਮਿਰਤਕ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
ਜਿਨ੍ਹਾਂ ਚਿਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਮਾਤਾ ਮਹਿੰਦਰ ਕੌਰ ਹਿੰਮਤਪੁਰਾ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।ਮੰਗਾਂ ਜਲਦੀ ਨਾ ਮੰਨਣ ਤੇ ਸੰਘਰਸ਼ ਕੀਤਾ ਜਾਵੇਗਾ। ਇਸੇ ਸਮੇਂ ਪ੍ਰਧਾਨ ਚਰਨਜੀਤ ਕੌਰ,ਮਹਿੰਦਰ ਪਾਲ ਕੌਰ, ਸਿੰਦੋ,ਸ਼ਿੰਦਰ ਕੌਰ, ਜਸਵੰਤ ਸਿੰਘ,ਨਿਰਭੈ ਸਿੰਘ,ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।