ਵੋਟਰ ਲਿਸਟਾਂ ਦੀ ਸਪੈਸ਼ਲ ਸਰਸਰੀ ਸੁਧਾਈ 1 ਨਵੰਬਰ 2021 ਤੋਂ 30 ਨਵੰਬਰ 2021 ਤੱਕ
ਸੋਨੀ ਪਨੇਸਰ , ਬਰਨਾਲਾ, 12 ਅਕਤੂਬਰ 2021
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਸੀਮਾ ਨਿਰਧਾਰਿਤ ਕੀਤੀ ਵੋਟਰਾਂ ਦੀ ਗਿਣਤੀ 1200 ਤੱਕ ਸੀਮਤ ਕੀਤੀ ਗਈ ਹੈ। ਇਸ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੇ ਪੋਲਿੰਗ ਸਟੇਸ਼ਨਾਂ ਦੀ ਵੈਰੀਫਿਕੇਸ਼ਨ ਕਰਕੇ ਰੈਸ਼ਨਲਾਈਜੇਸ਼ਨ ਕਰਨ ਉਪਰੰਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਚ ਵਾਧਾ ਕਰਦੇ ਹੋਏ ਹੁਣ ਜ਼ਿਲ੍ਹਾ ਬਰਨਾਲਾ ਚ ਕੁੱਲ 558 ਪੋਲਿੰਗ ਸਟੇਸ਼ਨ ਹੋਣਗੇ ਜਿਨ੍ਹਾਂ ਦੀ ਗਿਣਤੀ ਪਹਿਲਾਂ 494 ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ 494 ਸਨ, ਜਿਨ੍ਹਾਂ ਚ 64 ਨਵੇਂ ਜੋੜੇ ਗਏ ਅਤੇ ਹੁਣ ਕੁੱਲ ਗਿਣਤੀ 558 ਹੈ। ਹਲਕਾ ਅਨੁਸਾਰ ਉਨ੍ਹਾਂ ਦੱਸਿਆ ਕਿ ਹਲਕਾ 102-ਭਦੌੜ (ਅ.ਜ.) ਚ ਪਹਿਲਾਂ ਕੁਲ 162 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਚ 07 ਨਵੇਂ ਪੋਲਿੰਗ ਸਟੇਸ਼ਨ ਹੋਰ ਬਣਾ ਕੇ ਇਨ੍ਹਾਂ ਦੀ ਗਿਣਤੀ 169 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹਲਕਾ 103-ਬਰਨਾਲਾ ਚ ਕੁੱਲ 167 ਸਨ, ਜਿਨ੍ਹਾਂ ਚ ਨਵੇਂ 45 ਪੋਲਿੰਗ ਸਟੇਸ਼ਨ ਜੋੜਦਿਆਂ ਹੁਣ ਕੁੱਲ 212 ਪੋਲਿੰਗ ਸਟੇਸ਼ਨ ਹਨ। ਹਲਕਾ 104-ਮਹਿਲਕਲਾਂ (ਅ.ਜ.) ਵਿਖੇ 165 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਵਿਚ 12 ਨਵੇਂ ਸਟੇਸ਼ਨ ਜੋੜੇ ਗਏ ਹਨ ਅਤੇ ਹੁਣ ਇਨ੍ਹਾਂ ਦੀ ਕੁਲ ਗਿਣਤੀ 177 ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ-2022 ਟੇਬਲ ਵਿੱਚ ਦਰਜ ਸਥਾਪਤ ਕੀਤੇ ਗਏ ਹੁਣ 558 ਪੋਲਿੰਗ ਸਟੇਸ਼ਨਾਂ ਤੋਂ ਕਰਵਾਈਆਂ ਜਾਣੀਆਂ ਹਨ।
ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ 1 ਜਨਵਰੀ 2022 ਦੇ ਆਧਾਰ ‘ਤੇ ਸਪੈਸ਼ਲ ਸਰਸਰੀ ਸੁਧਾਈ 1 ਨਵੰਬਰ 2021 ਤੋਂ 30 ਨਵੰਬਰ 2021 ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਇਸ ਜ਼ਿਲ੍ਹੇ ਵਿੱਚ ਪੈਂਦੇ ਤਿੰਨੋ ਵਿਧਾਨ ਸਭਾ ਚੋਣ ਹਲਕਿਆਂ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਵਿੱਚ ਆਮ ਜਨਤਾ ਪਾਸੋਂ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਸ ਸਮੇਂ ਦੌਰਾਨ ਦਾਅਵੇ/ਇਤਰਾਜ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ Voter Helpline App ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਦਾਅਵੇ/ਇਤਰਾਜ ਪੋਲਿੰਗ ਏਰੀਏ ਦੇ ਸਬੰਧਤ ਬੀ.ਐਲ.ਓਜ਼, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ, ਬਰਨਾਲਾ ਵਿਖੇ ਦਸਤੀ ਜਾਂ ਡਾਕ ਦੁਆਰਾ ਵੀ ਦਿੱਤੇ ਜਾ ਸਕਦੇ ਹਨ। ਇਸ ਲਈ ਜੇਕਰ ਕੋਈ ਵਿਅਕਤੀ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ। ਅਤੇ ਉਸ ਨੇ ਆਪਣੀ ਵੋਟ ਅਜੇ ਤੱਕ ਰਜਿਸਟ੍ਰੇਸ਼ਨ ਨਹੀ ਕਰਵਾਈ ਤਾਂ ਉਹ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਫਾਰਮ ਨੰ.6 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ। ਪ੍ਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6 ਓ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾਂ ਦਰਜ ਵੋਟ ਕਟਵਾਉਣ ਫਾਰਮ ਨੰ.7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ.8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ.8 ਓ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫ਼ਰੀ ਨੰਬਰ 1950 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।