ਬਰਨਾਲਾ ‘ਚ ਫਰਵਾਹੀ ਬਜ਼ਾਰ ਦੇ ਐਂਟਰੀ ਮੋੜ ਤੇ ਜੁੱਤੀਆਂ ਵਾਲੇ ਮੋਰਚੇ ਨੇੜੇ ਹੋ ਚੁੱਕੀ 11 ਫੁੱਟ ਡੂੰਘੀ ਖੁਦਾਈ
ਖੁਦਾਈ ਦੌਰਾਨ ਨਿੱਕਲੇ 2 ਖੂਹ, ਦੁਕਾਨ ਮਾਲਿਕਾਂ ਦਾ ਕਹਿਣਾ, ਮਾਈਨਿੰਗ ਦੀ ਲਈ ਮੰਜੂਰੀ , ਮਾਈਨਿੰਗ ਅਫਸਰ ਨੇ ਕਿਹਾ ਨਹੀਂ
ਹਰਿੰਦਰ ਨਿੱਕਾ , ਬਰਨਾਲਾ 11 ਅਕਤੂਬਰ 2021
ਸ਼ਹਿਰ ਦੀ ਸੰਘਣੀ ਅਬਾਦੀ ‘ਚ ਮਾਈਨਿੰਗ ਵਿਭਾਗ ਦੀ ਮਨਜੂਰੀ ਤੋਂ ਬਿਨਾਂ ਉੱਸਰ ਰਹੀਆਂ ਵੱਡੀਆਂ ਇਮਾਰਤਾਂ ਦੀਆਂ ਬੇਸਮੈਂਟਾਂ ਕਾਰਣ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋਣ ਦਾ ਖਤਰਾ ਲੋਕਾਂ ਸਿਰ ਮੰਡਰਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਫਰਵਾਹੀ ਬਜ਼ਾਰ ਦੇ ਐਂਟਰੀ ਮੋੜ ਤੇ ਜੁੱਤੀਆਂ ਵਾਲੇ ਮੋਰਚੇ ਨੇੜੇ ਸ਼ਰੇਆਮ ਵੇਖਣ ਨੂੰ ਮਿਲ ਰਹੀ ਹੈ। ਇਮਾਰਤ ਦਾ ਨਿਰਮਾਣ ਕਰ ਰਹੇ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਮਾਈਨਿੰਗ ਵਿਭਾਗ ਤੋਂ ਬਕਾਇਦਾ ਮੰਜੂਰੀ ਲੈ ਕੇ ਹੀ ਬੇਸਮੈਂਟ ਦੀ ਖੁਦਾਈ ਕਰ ਰਹੇ ਹਨ। ਜਦੋਂਕਿ ਮਾਈਨਿੰਗ ਵਿਭਾਗ ਦੇ ਜਿਲ੍ਹਾ ਅਧਿਕਾਰੀ ਐਸ.ਡੀ.ਉ ਬਲਜੀਤ ਸਿੰਘ ਨੇ ਵਿਭਾਗ ਵੱਲੋਂ ਮਨਜੂਰੀ ਅਜਿਹੀ ਕਿਸੇ ਵੀ ਇਮਾਰਤ ਦੀ ਕੋਈ ਮਨਜੂਰੀ ਨਾ ਦੇਣ ਦੀ ਗੱਲ ਕਹਿੰਦਿਆਂ ਸਾਫ ਕਿਹਾ ਕਿ ਮਨਜੂਰੀ ਦੇਣਾ ਤਾਂ ਦੂਰ ਉਨਾਂ ਕੋਲ ਅਜਿਹੀ ਕਿਸੇ ਇਮਾਰਤ ਵਾਲੀ ਥਾਂ ਮਾਈਨਿੰਗ ਕੀਤੇ ਜਾਣ ਬਾਰੇ ਜਾਣਕਾਰੀ ਹੀ ਨਹੀਂ ਹੈ। ਉੱਧਰ ਨਗਰ ਕੌਂਸਲ ਬਰਨਾਲਾ ਦੇ ਐਮ.ਈ. ਚਰਨਪਾਲ ਅਨੁਸਾਰ ਉਨਾਂ ਦੇ ਧਿਆਨ ਵਿੱਚ ਵੀ ਫਰਵਾਹੀ ਬਜ਼ਾਰ ਦੀ ਕਿਸੇ ਇਮਾਰਤ ਦੀ ਬੇਸਮੈਂਟ ਤਿਆਰ ਕਰਨ ਦੀ ਸੂਚਨਾ ਨਹੀਂ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੀ ਪ੍ਰਸਿੱਧ ਬੇਕਰੀ ਵਾਲਿਆਂ ਵੱਲੋਂ ਬਹੁਮੰਜਲੀ ਅਤੇ ਬੇਸਮੈਂਟਸ਼ੁਦਾ ਇਮਾਰਤ ਦੀ ਉਸਾਰੀ ਲਈ ਨਜਾਇਜ਼ ਢੰਗ ਨਾਲ ਕਾਫੀ ਡੂੰਘੀ ਖੁਦਾਈ ਕੀਤੀ ਜ਼ਾਰੀ ਹੈ। ਖੁਦਾਈ ਕਰਨ ਸਮੇਂ ਇਮਾਰਤ ਵਾਲੀ ਜਗ੍ਹਾ ਨੂੰ ਟੀਨ ਦੀਆਂ ਚਾਦਰਾਂ ਦੀ ਚਾਰਦੀਵਾਰੀ ਨਾਲ ਢੱਕਿਆ ਗਿਆ ਹੈ। ਤਾਂਕਿ ਨਜਾਇਜ਼ ਖੁਦਾਈ ਤੇ ਪਰਦਾ ਹੀ ਪਿਆ ਰਹੇ । ਜੇ.ਸੀ.ਬੀ ਮਸ਼ੀਨ ਨਾਲ ਦਿਨ ਰਾਤ ਜਾਰੀ ਖੁਦਾਈ ਨੂੰ ਕੋਈ ਰੋਕ ਟੋਕ ਕਰਨ ਵਾਲਾ ਵੀ ਸਾਹਮਣੇ ਨਹੀਂ ਆਇਆ । ਸ਼ਹਿਰ ਦਾ ਭੀੜਭਾੜ ਵਾਲਾ ਖੇਤਰ ਹੋਣ ਕਾਰਣ ਪਹਿਲਾਂ ਤੋਂ ਹੀ ਅਵਾਜਾਈ ਵਿੱਚ ਰਹਿਣ ਵਾਲੀਆਂ ਰੁਕਾਵਟਾਂ ਵਿੱਚ ਵੀ ਢੇਰ ਸਾਰਾ ਵਾਧਾ ਹੋ ਗਿਆ ਹੈ। ਟ੍ਰੈਫਿਕ ਵਿੱਚ ਪੈ ਰਹੇ ਵਿਘਨ ਨੂੰ ਦੂਰ ਕਰਵਾਉਣ ਲਈ ਜਦੋਂ ਪੁਲਿਸ ਦਾ ਇੱਕ ਸਬ ਇੰਸਪੈਕਟਰ ਪਹੁੰਚਿਆਂ ਤਾਂ ਇਮਾਰਤ ਦੀ ਉਸਾਰੀ ਵਿੱਚ ਲੱਗੇ ਮਾਲਿਕਾਂ ਨੇ ਕਹਿ ਦਿੱਤਾ ਕਿ ਉਹ ਮਾਈਨਿੰਗ ਮਹਿਕਮੇ ਤੋਂ ਬਕਾਇਦਾ ਜਮੀਨ ਖੁਦਾਈ ਦੀ ਮਨਜੂਰੀ ਲੈ ਕੇ ਹੀ ਬੇਸਮੈਂਟ ਬਣਾ ਰਹੇ ਹਨ। ਉੱਧਰ ਨਜਦੀਕੀ ਕੁੱਝ ਦੁਕਾਨਦਾਰਾਂ ਨੇ ਮੰਨਿਆ ਕਿ ਬੇਸਮੈਂਟ ਤਿਆਰ ਕਰਦਿਆਂ ਦੋ ਖੂਹ ਵੀ ਨਿੱਕਲ ਆਏ ਹਨ, ਉੱਤੋਂ ਮੀਂਹ ਕਣੀ ਦਾ ਖਤਰਾ ਲੋਕਾਂ ਦੇ ਸਾਂਹ ਸੂਤ ਰਿਹਾ ਹੈ ਕਿ ਕਿਤੇ ਬਾਰਿਸ਼ ਦਾ ਪਾਣੀ ਬੇਸਮੈਂਟ ਵਾਲੀ ਥਾਂ ਭਰ ਜਾਣ ਕਾਰਣ, ਉਨਾਂ ਦੇ ਮਕਾਨ / ਦੁਕਾਨਾਂ ਆਦਿ ਇਮਾਰਤਾਂ ਦੀਆਂ ਨੀਂਹਾ ਤੱਕ ਪਾਣੀ ਭਰ ਕੇ ਵੱਡਾ ਖਤਰਾ ਖੜ੍ਹਾ ਨਾ ਹੋ ਜਾਵੇ। ਜਦੋਂ ਨਜਾਇਜ ਖੁਦਾਈ ਬਾਰੇ ਇਮਾਰਤ ਉਸਾਰ ਰਹੇ ਬੇਕਰੀ ਮਾਲਿਕ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਢਕੀ ਹੀ ਰਿੱਝਣ ਦੇਣ ਲਈ ਕਹਿਣਾ ਸ਼ੁਰੂ ਕਰ ਦਿੱਤਾ।
ਡਰੇਨਜ਼ ਐਂਡ ਮਾਈਨਿੰਗ ਅਫਸਰ ਐਸ.ਡੀ.ਉ ਬਲਜੀਤ ਸਿੰਘ ਨੇ ਨਜਾਇਜ ਮਾਈਨਿੰਗ ਬਾਰੇ ਪੁੱਛਣ ਤੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਹੁਣ ਤੱਕ ਉਨਾਂ ਦੇ ਦਫਤਰ ਵੱਲੋਂ ਫਰਵਾਹੀ ਬਜ਼ਾਰ ਦੀ ਉਕਤ ਜਿਕਰਯੋਗ ਇਮਾਰਤ ਦੀ ਬੇਸਮੈਂਟ ਲਈ ਖੁਦਾਈ ਸਬੰਧੀ ਕੋਈ ਮਨਜੂਰੀ ਨਹੀਂ ਦਿੱਤੀ ਗਈ। ਨਾ ਹੀ ਉਨਾਂ ਨੂੰ ਅਜਿਹੀ ਇਮਾਰਤ ਸਬੰਧੀ ਕੋਈ ਜਾਣਕਾਰੀ ਹੀ ਮਿਲੀ ਸੀ। ਉਨਾਂ ਕਿਹਾ ਕਿ ਉਹ ਹੁਣੇ ਹੀ ਮਾਈਨਿੰਗ ਇੰਸਪੈਕਟਰ ਨੂੰ ਮੌਕਾ ਵੇਖਣ ਲਈ ਭੇਜ ਰਹੇ ਹਨ। ਮਾਈਨਿੰਗ ਇੰਸਪੈਕਟਰ ਦੀ ਰਿਪੋਰਟ ਅਨੁਸਾਰ ਨਜਾਇਜ ਢੰਗ ਨਾਲ ਵਿਭਾਗ ਦੀ ਮੰਜੂਰੀ ਤੋਂ ਬਿਨਾਂ ਖੁਦਾਈ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨਗੇ। ਉੱਧਰ ਨਗਰ ਕੌਂਸਲ ਦੇ ਐਮ.ਈ. ਚਰਨਪਾਲ ਨੇ ਵੀ ਪੁੱਛਣ ਤੇ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਉਕਤ ਜਿਕਰਯੋਗ ਇਮਾਰਤ ਬਾਰੇ ਕੋਈ ਜਾਣਕਾਰੀ ਨਹੀਂ, ਫਿਰ ਵੀ ਉਹ ਰਿਕਾਰਡ ਚੈਕ ਕਰਕੇ ਇਸ ਬਾਰੇ ਕੁੱਝ ਕਹਿਣ ਵਿੱਚ ਸਮਰੱਥ ਹੋਣਗੇ।