ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਦੀ ਸਵੈ ਜੀਵਨੀ ਉੱਪਰ ਗੋਸ਼ਟੀ ਕਰਵਾਈ
ਰਵੀ ਸੈਣ , ਬਰਨਾਲਾ 10 ਅਕਤੂਬਰ 2021
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਤਰਕਸ਼ੀਲ ਲਹਿਰ ਦੇ ਬਾਨੀ ਮੇਘ ਰਾਜ ਮਿੱਤਰ ਦੀ ਸਵੈਜੀਵਨੀ ਪੈੜ ਜੋ ਕਾਫਲਾ ਬਣੀ ਉੱਪਰ ਗੋਸ਼ਟੀ ਕਰਵਾਈ ਗਈ । ਇਸ ਪੁਸਤਕ ਉਪਰ ਪੇਪਰ ਪੜ੍ਹਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਮੇਘ ਰਾਜ ਮਿੱਤਰ ਦੀਆਂ ਲਿਖਤਾਂ ਵਿਗਿਆਨਕ ਸੋਚ ਤੇ ਤਰਕਸ਼ੀਲਤਾ ਦਾ ਹੋਕਾ ਦੇ ਕੇ ਜਿੱਥੇ ਅੱਜ ਦੇ ਮਨੁੱਖ ਨੂੰ ਆਪੇ ਦੀ ਪਹਿਚਾਣ ਕਰਵਾਉਂਦੀਆਂ ਹਨ । ਉਥੇ ਸੱਤਾ ਅਤੇ ਮਜ਼੍ਹਬਾਂ ਦੇ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਖਸੁੱਟ ਨੂੰ ਵੀ ਨੰਗਿਆਂ ਕਰਦੀਆਂ ਹਨ।
ਡਾ ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਇਹ ਪੁਸਤਕ ਤਰਕਸ਼ੀਲਾਂ ਦੁਆਰਾ ਪਿਛਲੇ 34 ਸਾਲਾਂ ਤੋਂ ਲੜੇ ਜਾ ਰਹੇ ਸੰਘਰਸ਼ ਦੀ ਪੇਸ਼ਕਾਰੀ ਹੈ , ਸੱਚ ਦੇ ਰਾਹ ਤੇ ਤੁਰਨ ਸਮੇਂ ਆਈਆਂ ਔਕੜਾਂ ਧਮਕੀਆਂ ਹੱਲਾਸ਼ੇਰੀਆਂ ਤੇ ਅੰਧ ਵਿਸ਼ਵਾਸੀਆਂ ਦੀਆ ਦੁਰਦਸ਼ਾਵਾਂ ਦਾ ਵਰਣਨ ਹੈ ।
ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਵਹਿਮਾਂ ਭਰਮਾਂ ਦੀ ਤਪਦੀ ਤਵਾਰੀਖ ਵਿਚ ਪੀੜਾਂ ਮਾਰੀ ਲੋਕਾਈ ਦੇ ਦਰਦ ਨੂੰ ਮੇਘ ਰਾਜ ਮਿੱਤਰ ਨੇ ਕੇਵਲ ਜਾਣਿਆ ਹੀ ਨਹੀਂ , ਸਗੋਂ ਭਵਿੱਖ ਵਿੱਚ ਉਨ੍ਹਾਂ ਨੂੰ ਪਹੁ ਫੁਟਾਲੇ ਵਰਗੀ ਸੱਜਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ ਵੀ ਹੈ । ਮਿੱਤਰ ਜੀ ਨੇ ਪੰਜਾਬ ਦੇ ਸੱਭਿਆਚਾਰ ਅਤੇ ਸਾਹਿਤ ਨਾਲ ਵਿਗਿਆਨਕ ਫਲਸਫ਼ੇ ਦਾ ਇੱਕ ਨਰੋਆ ਅਧਿਆਏ ਜੋੜਿਆ ਹੈ । ਇਨ੍ਹਾਂ ਤੋਂ ਇਲਾਵਾ ਸਾਗਰ ਸਿੰਘ ਸਾਗਰ ਰਾਮ ਸਰੂਪ ਸ਼ਰਮਾ ਜਗਤਾਰ ਬੈਂਸ ਜਗਤਾਰ ਜਜ਼ੀਰਾ ਦਰਸ਼ਨ ਸਿੰਘ ਗੁਰੂ ਪਰਮਜੀਤ ਮਾਨ ਰਾਜਾ ਰਾਮ ਹੰਡਿਆਇਆ ਸੁਖਦੇਵ ਸਿੰਘ ਔਲਖ ਡਾ ਅਮਨਦੀਪ ਸਿੰਘ ਟੱਲੇਵਾਲੀਆ ਹਾਕਮ ਸਿੰਘ ਭੁੱਲਰ ਅਤੇ ਸੁਰਜੀਤ ਸਿੰਘ ਸੰਧੂ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਸਭਾ ਦੀ ਰਵਾਇਤ ਮੁਤਾਬਕ ਸਭਾ ਵੱਲੋਂ ਮੇਘ ਰਾਜ ਮਿੱਤਰ ਦਾ ਸਨਮਾਨ ਵੀ ਕੀਤਾ ਗਿਆ । ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਦਿਹੜ ਸਿੰਦਰ ਧੌਲਾ ਮਨਦੀਪ ਕੁਮਾਰ ਬੂਟਾ ਖਾਨ ਸੁੱਖੀ ਪਾਲ ਸਿੰਘ ਲਹਿਰੀ ਰਾਜਿੰਦਰ ਸ਼ੌਂਕੀ ਮਾਲਵਿੰਦਰ ਸ਼ਾਇਰ ਡਾ ਸੁਰਿੰਦਰ ਭੱਠਲ ਐੱਸ ਐੱਸ ਗਿੱਲ ਜਗਮੋਹਨ ਸਿੰਘ ਨਿਰਮਲ ਸਿੰਘ ਕਾਹਲੋਂ ਗੁਰਮੇਲ ਸਿੰਘ ਰੂੜੇਕੇ ਮੇਜਰ ਸਿੰਘ ਗਿੱਲ ਲਖਵਿੰਦਰ ਸਿੰਘ ਠੀਕਰੀਵਾਲ ਰਾਮ ਸਿੰਘ ਬੀਹਲਾ ਉਜਾਗਰ ਸਿੰਘ ਮਾਨ ਆਦਿ ਕਵੀਆਂ ਨੇ ਆਪਣੀਆਂ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ।