SD ਕਾਲਜ ਵਿਖੇ ਅੰਤਰ-ਕਾਲਜ ਟੇਬਲ ਟੇਨਿਸ ਮੁਕਾਬਲੇ ਸੰਪੰਨ
ਮੋਦੀ ਕਾਲਜ ਦੇ ਲੜਕੇ ਅਤੇ ਮਾਤਾ ਗੁਜਰੀ ਕਾਲਜ ਫ਼ਤਿਹਗੜ ਦੀਆਂ ਲੜਕੀਆਂ ਦੀ ਝੰਡੀ
ਪਰਦੀਪ ਕਸਬਾ , ਬਰਨਾਲਾ, 7 ਅਕਤੂਬਰ 2021
ਐਸ ਡੀ ਕਾਲਜ ਵਿਖੇ ਚੱਲ ਰਹੇ ਅੰਤਰ-ਕਾਲਜ ਟੇਬਲ ਟੈਨਿਸ (ਲੜਕੇ/ਲੜਕੀਆਂ) ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ। ਲੜਕਿਆਂ ਦੇ ਵਰਗ ਵਿਚ ਮੋਦੀ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਲੜਕੀਆਂ ਦੇ ਵਰਗ ਵਿਚ ਮਾਤਾ ਗੁਜਰੀ ਕਾਲਜ ਫ਼ਤਿਹਗੜ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਰਗ ਵਿਚ ਮੋਦੀ ਕਾਲਜ ਪਟਿਆਲਾ ਦੀ ਟੀਮ ਦੂਜੇ ਅਤੇ ਖ਼ਾਲਸਾ ਕਾਲਜ ਪਟਿਆਲਾ ਤੀਜੇ ਸਥਾਨ ’ਤੇ ਰਿਹਾ।
ਲੜਕਿਆਂ ਦੇ ਵਰਗ ’ਚ ਦੂਜਾ ਸਥਾਨ ਖ਼ਾਲਸਾ ਕਾਲਜ ਪਟਿਆਲਾ ਨੂੰ ਮਿਲਿਆ ਅਤੇ ਫ਼ਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਲੀਗ ਕਮ ਨਾਕ ਆਊਟ ਅਧਾਰ ’ਤੇ ਖੇਡੇ ਗਏ ਇਹਨਾਂ ਮੁਕਾਬਲਿਆਂ ’ਚ ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਉਹਨਾਂ ਆਪਣੇ ਸੰਬੋਧਨ ਵਿਚ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੀਆਂ ਟੀਮਾਂ ਇਸ ਵਾਰ ਪੁਜ਼ੀਸ਼ਨ ਹਾਸਲ ਨਹੀਂ ਕਰ ਸਕੀਆਂ ਹਨ, ਉਹ ਵੀ ਵਧਾਈ ਦੀ ਪਾਤਰ ਹਨ।
ਜਿੱਤ ਹਾਰ ਤਾਂ ਖੇਡ ਦਾ ਹਿੱਸਾ ਹੈ ਅਸਲ ਮਕਸਦ ਮੈਦਾਨ ਵਿਚ ਉਤਰ ਕੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਸ਼ਿਰਕਤ ਕਰਨਾ ਹੁੰਦਾ ਹੈ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਆਪਣੇ ਸੁਆਗਤੀ ਸ਼ਬਦਾਂ ’ਚ ਖੇਡ ਵਿਭਾਗ ਦੀ ਤਾਰੀਫ਼ ਕਰਦਿਆਂ ਕਿਹਾ ਕਾਲਜ ਹਮੇਸ਼ਾ ਖੇਡ ਗਤੀਵਿਧੀਆਂ ’ਚ ਨੁਮਾਇਆ ਪੁਜ਼ੀਸ਼ਨ ਹਾਸਲ ਕਰਦਾ ਆ ਰਿਹਾ ਹੈ। ਯੂਨੀਵਰਸਿਟੀ ਓਬਜ਼ਰਵਰ ਪਿ੍ਰੰਸਇੰਦਰ ਸਿੰਘ ਨੇ ਇਹ ਸ਼ਾਨਦਾਰ ਮੁਕਾਬਲੇ ਕਰਵਾਉਣ ਲਈ ਕਾਲਜ ਦੀ ਖੁੱਲਕੇ ਤਾਰੀਫ਼ ਕੀਤੀ।
ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ ਅਤੇ ਸਟੇਜ ਸੰਚਾਲਨ ਡਾ. ਤਰਸਪਾਲ ਕੌਰ ਨੇ ਕੀਤਾ। ਇਹ ਮੁਕਾਬਲੇ ਡਾ. ਬਹਾਦਰ ਸਿੰਘ ਸੰਧੂ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਬਲਵਿੰਦਰ ਸ਼ਰਮਾ ਅਤੇ ਲੈੈਕ. ਰੁਪਿੰਦਰ ਸਿੰਘ ਦੀ ਦੇਖ ਰੇਖ ਵਿਚ ਕਰਵਾਏ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਡਾ. ਬਹਾਦਰ ਸਿੰਘ ਪਟਿਆਲਾ, ਕੋਚ ਵਰਿੰਦਰਜੀਤ ਕੌਰ, ਡਾ. ਨਿਸ਼ਾਨ ਸਿੰਘ ਅਤੇ ਸੰਸਥਾ ਦੇ ਸਾਰੇ ਪਿ੍ਰੰਸੀਪਲ ਸਾਹਿਬਾਨ ਸਮੇਤ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਵਿਦਿਆਰਥੀ ਹਾਜ਼ਰ ਸਨ।