ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਬਹੁਤ ਜਲਦ ਪੂਰਾ ਕਰਵਾ ਦਿਆਂਗੇ ਸੜ੍ਹਕ ਦਾ ਕੰਮ
ਰਘਵੀਰ ਹੈਪੀ , ਬਰਨਾਲਾ 7 ਸਤੰਬਰ 2021
ਸ਼ਹਿਰ ਦੇ ਵਾਲਮੀਕ ਚੌਂਕ ਤੋਂ ਬੱਸ ਅੱਡੇ ਨੂੰ ਜਾ ਰਹੀ ਸੜ੍ਹਕ ਦੀ ਖਸ਼ਤਾਹਾਲ ਕਾਰਨ ਅੱਕੇ ਦੁਕਾਨਦਾਰਾਂ ਨੇ ਅੱਜ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਗਟ ਕਰਨ ਲਈ, ਦੁਕਾਨਾਂ ਨੂੰ ਜਿੰਦੇ ਲਾ ਕੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਉਹ ਰੋਸ ਵਜੋਂ ਪ੍ਰਸ਼ਾਸ਼ਨ ਨੂੰ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਚਾਬੀਆਂ ਸੌਂਪ ਦਿੱਤੀਆਂ ਜਾਣਗੀਆਂ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਪ੍ਰਸ਼ਾਤ ਗੋਇਲ ਕਾਕੂ ਨੇ ਦੱਸਿਆ ਕਿ ਜਗ੍ਹਾ ਜਗ੍ਹਾ ਤੋਂ ਟੁੱਟੀ ਸੜ੍ਹਕ ਨੂੰ ਬਣਾਉਣ ਲਈ ਲੰਬਾ ਅਰਸਾ ਲੰਘਾ ਦਿੱਤਾ ਹੈ, ਜਿਸ ਕਾਰਣ ਦੁਕਾਨਦਾਰਾਂ ਦਾ ਕੰਮ ਠੱਪ ਹੋਇਆ ਪਿਆ ਹੈ।
ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਤਰਕਸ਼ੀਲ ਚੌਂਕ ਵਾਲਾ ਰੋਡ ਤੇ ਫਿਰ ਦਾਣਾ ਮੰਡੀ ਵਾਲਾ ਰੋਡ ਬਣਨ ਸਮੇਂ ਕਾਰੋਬਾਰ ਠੱਪ ਰਿਹਾ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਅੱਖੋ-ਪਰੋਖੇ ਕਰਕੇ, ਘੂਕ ਸੱਤਾ ਪਿਆ ਹੈ। ਉਨਾਂ ਕਿਹਾ ਕਿ ਬੱਸ ਸਟੈਂਡ ਰੋਡ ਦਾ ਅੱਧਾ ਹਿੱਸਾ ਨਗਰ ਕੌਂਸਲ ਅਤੇ ਅੱਧਾ ਹਿੱਸਾ ਨਗਰ ਸੁਧਾਰ ਟਰੱਸਟ ਦੇ ਹਿੱਸੇ ਆਉਂਦਾ ਹੈ। ਪ੍ਰਸ਼ਾਤ ਕਾਕੂ ਨੇ ਕਿਹਾ ਕਿ ਬੱਸ ਸਟੈਂਡ ਰੋਡ ਮਾਰਕਿਟ ਦੇ ਦੁਕਾਨਦਾਰ ਵਾਰ ਵਾਰ ਨਗਰ ਕੌਂਸਲ ਅਤੇ ਟਰਸਟ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰੰਤੂ ਸਾਰਿਆਂ ਨੇ ਟਾਲ ਮਟੋਲ ਤੋਂ ਸਿਵਾ ਸੜ੍ਹਕ ਦਾ ਕੰਮ ਤੇਜ਼ੀ ਨਾਲ ਨੇਪਰੇ ਨਹੀਂ ਚਾੜ੍ਹਿਆ ਜਾ ਰਿਹਾ। ਇਸ ਮੌਕੇ ਦੁਕਾਨਦਾਰ ਤਰੁਣ ਗੋਇਲ, ਭੋਲਾ ਸਿੰਘ, ਪ੍ਰੇਮ ਕੁਮਾਰ, ਸੁਨੀਲ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਵੀ ਕਾਂਗਰਸ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਭੜਾਸ ਕੱਢੀ।
ਨਗਰ ਕੌਂਸਲ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, ਪਲੀਜ 10 ਦਿਨ ਦਾ ਸਮਾਂ ਹੋਰ ਦੇ ਦਿਉ,,
ਲੋਕ ਰੋਹ ਨੂੰ ਭਾਂਪਦਿਆਂ ਨਗਰ ਕੌਂਸਲ ਦੇ ਏ.ਐਮ.ਈ. ਇੰਦਰਜੀਤ ਸਿੰਘ, ਜੇ.ਈ. ਨਿਖਲ ਕੁਮਾਰ ਅਤੇ ਸੜ੍ਹਕ ਨਿਰਮਾਣ ਕਰਨ ਵਾਲੇ ਠੇਕੇਦਾਰ ਬੰਟੀ ਆਦਿ ਨੇ ਕਿਹਾ ਕਿ ਪਲੀਜ 10 ਦਿਨ ਦਾ ਸਮਾਂ ਹੋਰ ਦੇ ਦਿਉ, ਅਸੀਂ ਸੜ੍ਹਕ ਤਿਆਰ ਕਰ ਦਿਆਂਗੇ। ਉਨਾਂ ਕਿਹਾ ਕਿ ਬਾਰਿਸ਼ਾਂ ਕਾਰਣ ਸੜਕ ਬਣਾਉਣ ਦੇ ਕੰਮ ਵਿੱਚ ਖੜੋਤ ਆਈ ਹੈ। ਜਲਦੀ ਹੀ, ਖੜੋਤ ਦੂਰ ਕਰਕੇ, ਸੜਕ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ। ਨਗਰ ਕੌਂਸਲ ਅਧਿਕਾਰੀ ਲੋਕਾਂ ਦੇ ਰੋਸ ਮੂਹਰੇ ਨੀਵੀਂ ਪਾ ਕੇ ਖੜ੍ਹੇ ਰਹੇ। ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ 10 ਲਈ ਪੋਸਟਪੌਨ ਕਰ ਦਿੱਤਾ।
ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਸੜ੍ਹਕ ਬਣਾਉਣ ਦੇ ਕੰਮ ਵਿੱਚ ਹੋਈ ਦੇਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸ਼ਹਿਰ ਦੀ ਐਂਟਰੀ ਪੁਆਇੰਟ ਤੌਰ ਤੇ ਜਾਣੀ ਜਾਂਦੀ ਬੱਸ ਸਟੈਂਡ ਰੋਡ ਦੇ ਏਰੀਏ ਵਿੱਚ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਵਾਇਆ। ਉਨਾਂ ਕਿਹਾ ਕਿ ਟੈਕਨੀਕਲ ਤੌਰ ਤੇ ਸੀਵਰੇਜ ਵਾਲੀ ਜਗ੍ਹਾ ਨੂੰ ਕੁੱਝ ਸਮਾਂ ਖਾਲੀ ਰੱਖਣਾ ਲਾਜਿਮੀ ਹੁੰਦਾ ਹੈ,ਤਾਂਕਿ ਸੜਕ ਬਣਨ ਤੋਂ ਬਾਅਦ ਸੜਕ ਦੱਬ ਜਾਣ ਦੀ ਕੋਈ ਪਰੇਸ਼ਾਨੀ ਨਾ ਹੋਵੇ। ਸ੍ਰੀ ਨਰਿੰਦਰ ਗਰਗ ਨੇ ਦੱਸਿਆ ਕਿ 2 ਵਾਰ ਲਗਾਤਾਰ ਸੜਕ ਨਿਰਮਾਣ ਲਈ ਟੈਂਡਰ ਮੰਗੇ ਗਏ, ਪਰੰਤੂ ਕਿਸੇ ਠੇਕੇਦਾਰ ਨੇ ਇਸ ਦਾ ਠੇਕਾ ਨਹੀਂ ਲਿਆ। ਹੁਣ ਕੁੱਝ ਸਮਾਂ ਪਹਿਲਾਂ ਯੂਨੀਕੋਨ ਬਿਲਡਰ ਨੂੰ ਇਸ ਕੰਮ ਦਾ ਠੇਕਾ ਅਲਾਟ ਕੀਤਾ ਗਿਆ ਹੈ, ਜਿੰਨਾਂ ਪਹਿਲਾਂ ਸੀਵਰੇਜ ਦੇ ਚੈਂਬਰ ਬਣਾਏ ਹਨ। ਉਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦਾ ਸਪੱਸ਼ਟ ਤੇ ਸਖਤ ਹੁਕਮ ਦਿੱਤਾ ਹੋਇਆ ਹੈ ਕਿ ਚੰਗੀ ਕਵਾਲਿਟੀ ਦਾ ਕੰਮ ਨਿਸਚਿਤ ਸਮੇਂ ਦੇ ਦੌਰਾਨ ਮੁਕੰਮਲ ਕੀਤਾ ਜਾਵੇ। ਸ੍ਰੀ ਗਰਗ ਨੇ ਕਿਹਾ ਕਿ ਬਹੁਤ ਜਲਦ ਹੀ ਸੜਕ ਦਾ ਨਿਰਮਾਣ ਕਰਵਾ ਕੇ, ਸ਼ਹਿਰ ਵਾਸੀਆਂ ਨੂੰ ਸੜ੍ਹਕ ਦਾ ਤੋਹਫਾ ਦਿੱਤਾ ਜਾਵੇਗਾ।