ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2021
ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਕੱਟੂ ਦੀਆਂ 2 ਔਰਤਾਂ ਨੂੰ ਅੱਜ ਬਾਅਦ ਦੁਪਿਹਰ ਬੇਰਹਿਮੀ ਨਾਲ ਕੁੱਟ ਕੇ ਰਸੋਈ ਵਿੱਚ ਬੰਧਕ ਬਣਾ ਕੇ ਲੱਖਾਂ ਰੁਪਏ ਕੀਮਤ ਦਾ ਸੋਨਾ ਅਤੇ ਨਕਦੀ ਲੁੱਟਣ ਦੀ ਵਾਰਦਾਤ ਕਾਰਣ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਵਾਰਦਾਤ ਦੌਰਾਨ ਜਖਮੀ ਹੋਈਆਂ ਦੋਵਾਂ ਔਰਤਾਂ ਨੂੰ ਪਹਿਲਾਂ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਗਿਆ, ਪਰੰਤੂ ਬੇਹੱਦ ਗੰਭੀਰ ਹਾਲਤ ਦੇ ਚਲਦਿਆਂ ਦੋਵਾਂ ਨੂੰ ਹੀ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੇ ਮੌਕੇ ਪਰ ਪਹੁੰਚ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪ੍ਰਾਪਤ ਸੂਚਨਾ ਅਨੁਸਾਰ ਕੱਟੂ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਜਿਮੀਦਾਰ ਪਰਿਵਾਰ ਦੇ ਘਰ ਕੁੱਝ ਅਣਪਛਾਤੇ ਲੁਟੇਰਿਆਂ ਨੇ ਬਾਅਦ ਦੁਪਿਹਰ ਕਰੀਬ 1:30 ਵਜੇ ਕਿਸਾਨ ਰੂਪ ਸਿੰਘ ਦੇ ਘਰ ਪਹੁੰਚੇ, ਜਿੰਨਾਂ ਘਰ ਵੜਦਿਆਂ ਹੀ ਘਰ ਵਿੱਚ ਮੌਜੂਦ ਅਮਰਜੀਤ ਕੌਰ ਪਤਨੀ ਰੂਪ ਸਿੰਘ ਅਤੇ ਬਜੁਰਗ ਸੁਰਜੀਤ ਕੌਰ ਪਤਨੀ ਕਰਨੈਲ ਸਿੰਘ ਦੀ ਬੇਰਿਹਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸਹਿਮੀਆਂ ਔਰਤਾਂ ਨੂੰ ਰੌਲਾ ਪਾਉਣ ਦੀ ਹਾਲਤ ਵਿੱਚ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵਾਂ ਜਖਮੀ ਔਰਤਾਂ ਨੂੰ ਲੁਟੇਰਿਆਂ ਨੇ ਘਰ ਦੀ ਰਸੋਈ ਅੰਦਰ ਬੰਦ ਕਰ ਦਿੱਤਾ ਅਤੇ ਖੁਦ ਘਰ ਦੀਆਂ ਅਲਮਾਰੀਆਂ /ਪੇਟੀਆਂ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਆਂਢ-ਗੁਆਂਢ ਦੇ ਲੋਕਾਂ ਨੇ ਪਤਾ ਲੱਗਦਿਆਂ ਹੀ ਦੋਵਾਂ ਜਖਮੀ ਔਰਤਾਂ ਨੂੰ ਕਰੀਬ 3:10 ਮਿੰਟ ਤੇ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਅਤੇ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ, ਉਨਾਂ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਲੁਟੇਰਿਆਂ ‘ਚ ਗੁਆਂਢੀ ਪਿੰਡ ਦਾ ਸਿਆਣਾ ਵੀ ਔਰਤਾਂ ਨੇ ਪਛਾਣਿਆ
ਪੀੜਤ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਖਮੀ ਔਰਤਾਂ ਵਿੱਚੋਂ ਇੱਕ ਨੇ ਲੁਟੇਰਿਆਂ ਵਿੱਚ ਸ਼ਾਮਿਲ ਗੁਆਂਢੀ ਪਿੰਡ ਦੇ ਹੀ ਇੱਕ ਨੌਜਵਾਨ ਸਿਆਣੇ, ਪੁੱਛਾਂ ਦੇਣ ਵਾਲੀ ਦੀ ਪਹਿਚਾਣ ਵੀ ਕਰ ਲਈ ਹੈ। ਜਦੋਂਕਿ ਹੋਰਨਾਂ ਦੀ ਪਹਿਚਾਣ ਲਈ ਪਿੰਡ ਵਾਸੀ ਵੀ ਯਤਨ ਕਰ ਰਹੇ ਹਨ। ਪੁੱਛਾਂ ਦੇਣ ਵਾਲੇ ਸਿਆਣੇ ਬਾਰੇ ਇਹ ਵੀ ਪਤਾ ਲੱਗਿਆ ਹੈ ਕਿ ਉਹ ਕੁੱਝ ਅਰਸਾ ਪਹਿਲਾਂ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਨੌਕਰੀ ਕਰਦਾ ਰਿਹਾ ਹੈ, ਉਸ ਨੇ ਇਲਾਕੇ ਅੰਦਰ ਹੀ ਇੱਕ ਪੀਰਖਾਨਾ ਬਣਾ ਕੇ ਵੀ ਆਪਣਾ ਠਕਠਕਾ ਚਲਾਇਆ ਸੀ, ਜਿਹੜਾ ਬਹੁਤੀ ਦੇਰ ਚੱਲ ਨਾ ਸਕਣ ਬੰਦ ਹੋ ਗਿਆ ਸੀ। ਬਾਕੀ ਸਚਾਈ ਕੀ ਹੈ, ਇਹ ਤਾਂ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਥਾਣਾ ਧਨੌਲਾ ਦੇ ਐਸਐਚਉ ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਕੇ, ਘਟਨਾ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਨ ਲਈ ਯਤਨ ਤੇਜ਼ ਕਰਕੇ ਉਨਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜਿਸ ਬਾਬੇ ਦਾ ਜਿਕਰ ਕੀਤਾ ਜਾ ਰਿਹਾ ਹੈ, ਉਸ ਦੀ ਤਸਦੀਕ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੀੜਤ ਪਰਿਵਾਰ ਨੇ ਹਾਲੇ ਘਰੋਂ ਲੁੱਟੇ ਸਮਾਨ ਅਤੇ ਨਕਦੀ ਬਾਰੇ ਕੋਈ ਡਿਟੇਲ ਨਹੀਂ ਦਿੱਤੀ। ਪੀੜਤਾਂ ਦੇ ਬਿਆਨ ਦੇ ਅਧਾਰ ਪਰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।